Punjabi Singer ਦੇ ਇਸ ਗਾਣੇ ‘ਤੇ ਬਣਾਈ ਰੀਲ ਤਾਂ ਹੋਵੇਗੀ ਜੇਲ੍ਹ !
ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਦਾ ਨਵਾਂ ਗੀਤ ‘ਟਟੀਰੀ’ ਕਾਨੂੰਨੀ ਸ਼ਿਕੰਜੇ ਵਿੱਚ ਬੁਰੀ ਤਰ੍ਹਾਂ ਫਸ ਗਿਆ ਹੈ। ਹਰਿਆਣਾ ਪੁਲਸ ਨੇ ਇਸ ਵਿਵਾਦਤ ਗੀਤ ਦੇ ਖਿਲਾਫ ਡਿਜੀਟਲ ਪਲੇਟਫਾਰਮਾਂ ‘ਤੇ ਵੱਡੀ ਕਾਰਵਾਈ ਕਰਦਿਆਂ ਹੁਣ ਤੱਕ 857 ਲਿੰਕਸ ਨੂੰ ਇੰਟਰਨੈੱਟ ਤੋਂ ਹਟਾ ਦਿੱਤਾ ਹੈ।
ਸੋਸ਼ਲ ਮੀਡੀਆ ‘ਤੇ ਪੁਲਸ ਦੀ ਤਿੱਖੀ ਨਜ਼ਰ
ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ, ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਤਾਲਮੇਲ ਕਰਕੇ ਹੁਣ ਤੱਕ 154 ਯੂਟਿਊਬ ਵੀਡੀਓਜ਼ ਅਤੇ 703 ਇੰਸਟਾਗ੍ਰਾਮ ਰੀਲਾਂ ਨੂੰ ਹਟਾਇਆ ਗਿਆ ਹੈ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਗੀਤ ਦੇ ਸਾਰੇ ਸੰਸਕਰਣਾਂ, ਰੀ-ਅਪਲੋਡਸ ਅਤੇ ਛੋਟੇ ਵੀਡੀਓਜ਼ ਨੂੰ ਹਟਾਉਣ ਲਈ ਸਬੰਧਤ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਔਰਤਾਂ ਅਤੇ ਨਾਬਾਲਗਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਦਾ ਇਲਜ਼ਾਮ
ਡੀਜੀਪੀ ਅਜੇ ਸਿੰਘਲ ਨੇ ਕਿਹਾ ਕਿ ਔਰਤਾਂ ਅਤੇ ਨਾਬਾਲਗਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀ ਸਮੱਗਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਚਕੂਲਾ ਦੇ ਪੁਲਸ ਕਮਿਸ਼ਨਰ ਸਿਬਾਸ਼ ਕਬੀਰਾਜ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਸ ਗੀਤ ‘ਤੇ ਰੀਲ ਜਾਂ ਕੋਈ ਹੋਰ ਵੀਡੀਓ ਬਣਾ ਕੇ ਸ਼ੇਅਰ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

ਕੀ ਹੈ ਪੂਰਾ ਮਾਮਲਾ?
ਦੱਸ ਦੇਈਏ ਕਿ 6 ਮਾਰਚ ਨੂੰ ਪੰਚਕੂਲਾ ਵਿੱਚ ਇੱਕ ਸਥਾਨਕ ਨਿਵਾਸੀ ਦੀ ਸ਼ਿਕਾਇਤ ‘ਤੇ ਗੀਤ ਦੇ ਇਤਰਾਜ਼ਯੋਗ ਬੋਲਾਂ ਅਤੇ ਵੀਡੀਓ ਕਾਰਨ FIR ਦਰਜ ਕੀਤੀ ਗਈ ਸੀ, ਜਿਸ ਮਗਰੋਂ 19 ਮਾਰਚ ਨੂੰ ਬਾਦਸ਼ਾਹ ਨੇ ਖੁਦ ਪੰਚਕੂਲਾ ਪੁਲਸ ਕੋਲ ਪੇਸ਼ ਹੋ ਕੇ ਜਾਂਚ ਵਿੱਚ ਸ਼ਮੂਲੀਅਤ ਕੀਤੀ।
ਬਾਦਸ਼ਾਹ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਵੀਡੀਓ ਸਾਂਝੀ ਕਰਕੇ ਮਾਫੀ ਵੀ ਮੰਗ ਚੁੱਕੇ ਹਨ। ਹਾਈਕੋਰਟ ਵਿੱਚ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਮਹਿਲਾ ਕਮਿਸ਼ਨ ਦੇ ਪੁਰਾਣੇ ਹੁਕਮਾਂ (ਗ੍ਰਿਫਤਾਰੀ ਸਬੰਧੀ) ਦੀ ਬਜਾਏ ਨਿਰਪੱਖ ਜਾਂਚ ਨੂੰ ਪਹਿਲ ਦੇ ਰਹੇ ਹਨ। ਫਿਲਹਾਲ ਪੁਲਸ ਡਿਜੀਟਲ ਮਾਧਿਅਮਾਂ ‘ਤੇ ਪੂਰੀ ਸਖ਼ਤੀ ਵਰਤ ਰਹੀ ਹੈ ਤਾਂ ਜੋ ਇਸ “ਇਤਰਾਜ਼ਯੋਗ” ਸਮੱਗਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।