S. Simranjit Singh Mann Statement – S. ਸਿਮਰਨਜੀਤ ਸਿੰਘ ਮਾਨ ਨੇ ਗੋਬਿੰਦ ਸਿੰਘ ਦੇ ਵਿਆਹ ਤੇ ਹੋਈ ਗੁਸਤਾਖੀ ਲਈ ਪੰਥ ਤੋਂ ਮੰਗੀ ਮੁਆਫੀ
ਗੋਬਿੰਦ ਸਿੰਘ ਦੇ ਵਿਆਹ ਸਮੇਂ ਜੋ ਬੱਚਿਆਂ ਤੇ ਪਰਿਵਾਰ ਤੋਂ ਬੱਜਰ ਗੁਸਤਾਖੀ ਹੋਈ ਹੈ, ਉਸਦੀ ਸਮੁੱਚੇ ਖ਼ਾਲਸਾ ਪੰਥ ਤੋਂ ਮੁਆਫ਼ੀ ਮੰਗਦੇ ਹਾਂ : ਮਾਨ
ਫ਼ਤਹਿਗੜ੍ਹ ਸਾਹਿਬ, 02 ਫਰਵਰੀ – “ਮੇਰੇ ਦੋਹਤੇ ਸ. ਗੋਬਿੰਦ ਸਿੰਘ ਦਾ ਬੀਤੇ ਦਿਨੀਂ ਵਿਆਹ ਪ੍ਰੋਗਰਾਮ ਹੋਇਆ ਹੈ । ਬੇਸੱਕ ਮੈਂ ਉਸ ਦਿਨ ਚੰਡੀਗੜ੍ਹ ਵਿਚ ਹੀ ਸੀ ਪਰ ਜਦੋ ਬੱਚਿਆਂ ਤੇ ਪਰਿਵਾਰ ਨੇ ਛੱਤਰ ਦੇ ਨਾਲ ਚੌਰ ਸਾਹਿਬ ਝੁਲਾਉਣ ਦੇ ਅਮਲ ਕੀਤੇ, ਉਸ ਕਾਰਜ ਸਮੇ ਮੈਂ ਉਥੇ ਨਹੀ ਸੀ । ਮੈਨੂੰ ਤਾਂ ਸਿੱਖ ਰਹਿਤ ਮਰਿਯਾਦਾ ਦੀ ਪੂਰੀ ਜਾਣਕਾਰੀ ਵੀ ਹੈ ਅਤੇ ਛੱਤਰ ਤੇ ਚੌਰ ਸਾਹਿਬ ਦੀ ਵੱਡੀ ਮਹਾਨਤਾ ਬਾਰੇ ਵੀ ਸਮਝ ਹੈ । ਜੇਕਰ ਮੈਂ ਮੌਕੇ ਤੇ ਹੁੰਦਾ ਤਾਂ ਮੈਂ ਉਸ ਸਮੇ ਬੱਚਿਆਂ ਨੂੰ ਅਜਿਹਾ ਕਰਨ ਤੋ ਹਰ ਕੀਮਤ ਤੇ ਵਰਜ ਦੇਣਾ ਸੀ ।
ਕਿਉਂਕਿ ਮੈਂ ਸ. ਗੋਬਿੰਦ ਸਿੰਘ ਦੇ ਨਾਨਾ ਹੋਣ ਦੇ ਨਾਲ-ਨਾਲ ਖ਼ਾਲਸਾ ਪੰਥ ਦੀ ਆਜਾਦੀ ਲਈ ਸੰਘਰਸ਼ ਕਰਦੀ ਆ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਮੁੱਖ ਸੇਵਾਦਾਰ ਵੀ ਹਾਂ । ਇਸ ਲਈ ਮੈਂ ਇਸ ਹੋਈ ਗੁਸਤਾਖੀ ਲਈ ਆਪਣੇ ਅਤੇ ਆਪਣੇ ਪਰਿਵਾਰ ਵੱਲੋਂ ਮੀਰੀ-ਪੀਰੀ ਦੇ ਮਹਾਨ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਮੁੱਚੇ ਖ਼ਾਲਸਾ ਪੰਥ ਤੋਂ ਆਤਮਿਕ ਤੌਰ ਤੇ ਮੁਆਫ਼ੀ ਮੰਗਦਾ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦੋਹਤੇ ਸ. ਗੋਬਿੰਦ ਸਿੰਘ ਦੀ ਸ਼ਾਂਦੀ ਸਮੇ ਹੋਈਆ ਰਸਮਾਂ ਵਿਚ ਹੋਈ ਬਜਰ ਗੁਸਤਾਖੀ ਲਈ ਸਮੁੱਚੇ ਖਾਲਸਾ ਪੰਥ ਤੋ ਹਾਰਦਿਕ ਮੁਆਫ਼ੀ ਮੰਗਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸੋਸਲ ਮੀਡੀਆ ਦੇ ਸਾਧਨਾਂ ਉਤੇ ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਧੂੰਆਧਾਰ ਨਫਰਤ ਭਰਿਆ ਪ੍ਰਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਉਹ ਲੋਕ ਹੀ ਹਨ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਕੌਮੀ ਸੋਚ ਖਾਲਿਸਤਾਨ ਦੇ ਨਿਸ਼ਾਨੇ ਨੂੰ ਪੂਰਨ ਰੂਪ ਵਿਚ ਪਿੱਠ ਦੇ ਗਏ ਹਨ ਅਤੇ ਸਮੇ-ਸਮੇ ਤੇ ਦਾਸ ਨੂੰ ਵੀ ਖਾਲਿਸਤਾਨ ਦੇ ਨਿਸ਼ਾਨੇ ਤੋ ਥਿੜਕਾਉਣ ਦੀਆਂ ਕਾਰਵਾਈ ਕਰਦੇ ਆ ਰਹੇ ਹਨ ।
ਉਹ ਤਾਕਤਾਂ ਤੇ ਲੋਕ ਮੇਰੇ ਨਾਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਮ ਵਿਰੁੱਧ ਈਰਖਾਵਾਦੀ ਸੋਚ ਅਧੀਨ ਹੀ ਅਜਿਹਾ ਪ੍ਰਚਾਰ ਕਰ ਰਹੇ ਹਨ । ਪਰ ਉਹ ਕਦੀ ਵੀ ਦਾਸ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਆਪਣੇ ਕੌਮੀ ਨਿਸ਼ਾਨੇ ਤੋ ਥਿੜਕਾਉਣ ਵਿਚ ਕਾਮਯਾਬ ਨਹੀ ਹੋ ਸਕਣਗੇ । ਬੇਸੱਕ ਵੱਡੇ ਕੌਮੀ ਸੰਘਰਸ਼ਾਂ ਵਿਚ ਕਿਤੇ ਨਾ ਕਿਤੇ ਕੋਈ ਗਲਤੀ ਜਾਂ ਕਮੀ ਰਹਿ ਜਾਂਦੀ ਹੈ ।
ਪਰ ਅਸੀ ਉਨ੍ਹਾਂ ਕਮੀਆ ਉਨਤਾਈਆ ਨੂੰ ਦੂਰ ਕਰਦੇ ਹੋਏ ਆਪਣੀ ਕੌਮੀ ਮੰਜਿਲ ਦੀ ਪ੍ਰਾਪਤੀ ਹੋਣ ਤੱਕ ਅਡੋਲ ਵੱਧਦੇ ਰਹਾਂਗੇ ਅਤੇ ਸੰਘਰਸ ਕਰਦੇ ਰਹਾਂਗੇ । ਇਸੇ ਲੜੀ ਵਿਚ ਅਸੀ 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋ ਮਿਥੇ ਨਿਸਾਨੇ ਦੀ ਪ੍ਰਾਪਤੀ ਲਈ ਦ੍ਰਿੜ ਹੋਣ ਲਈ ਹਰ ਸਾਲ ਫਤਹਿਗੜ ਸਾਹਿਬ ਵਿਖੇ ਉਨ੍ਹਾਂ ਦਾ ਜਨਮ ਦਿਨ ਸਮਾਗਮ ਮਨਾਉਦੇ ਹਾਂ ।
ਸਮੁੱਚੇ ਖਾਲਸਾ ਪੰਥ ਤੋ ਉਮੀਦ ਕਰਦੇ ਹਾਂ ਕਿ ਜਿਥੇ ਉਹ ਮੇਰੇ ਪਰਿਵਾਰਿਕ ਬੱਚਿਆਂ ਤੋ ਹੋਈ ਬਜਰ ਗੁਸਤਾਖੀ ਲਈ ਉਹ ਮੁਆਫ਼ ਕਰ ਦੇਣਗੇ, ਉਥੇ ਉਹ ਆਪਣੇ ਕੌਮੀ ਨਿਸਾਨੇ ਲਈ ਹੋਰ ਸੁਹਿਰਦ ਹੁੰਦੇ ਹੋਏ 12 ਫਰਵਰੀ ਨੂੰ ਫਤਹਿਗੜ੍ਹ ਸਾਹਿਬ ਵਿਖੇ ਹੁੰਮ ਹੁਮਾਕੇ ਪਹੁੰਚਣ ਦੀ ਕੌਮੀ ਜਿੰਮੇਵਾਰੀ ਵੀ ਪੂਰਨ ਕਰਨਗੇ ।