C.J. Roy
ਕਾਨਫੀਡੈਂਟ ਗਰੁੱਪ ਦੇ ਚੇਅਰਮੈਨ ਸੀ.ਜੇ. ਰੌਏ ਨੇ ਕੀਤੀ ਖ਼ੁਦਕੁਸ਼ੀ
ਬੰਗਲੂਰੂ: Confident Group ਦੇ ਬਾਨੀ ਸੀਜੇ ਰੌਏ ਨੇ ਆਈਟੀ ਛਾਪਿਆਂ ਦੌਰਾਨ ਖ਼ੁਦ ਨੂੰ ਗੋਲੀ ਮਾਰੀ
ਰੀਅਲ ਅਸਟੇਟ ਫਰਮ ਕੌਨਫੀਡੈਂਟ ਗਰੁੱਪ ਦੇ ਬਾਨੀ ਤੇ ਚੇਅਰਮੈਨ ਸੀ.ਜੇ.ਰੌਏ ਨੇ ਸ਼ੁੱਕਰਵਾਰ ਦੁਪਹਿਰੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਰੀਅਲ ਅਸਟੇਟ ਫਰਮ ਕੌਨਫੀਡੈਂਟ ਗਰੁੱਪ ਦੇ ਬਾਨੀ ਤੇ ਚੇਅਰਮੈਨ ਸੀ.ਜੇ.ਰੌਏ ਨੇ ਸ਼ੁੱਕਰਵਾਰ ਦੁਪਹਿਰੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਬੰਗਲੂਰੂ ਦੇ ਪੁਲੀਸ ਕਮਿਸ਼ਨਰ ਸੀਮਾਂਤ ਕੁਮਾਰ ਸਿੰਘ ਨੇ ਕਿਹਾ ਕਿ ਰੌਏ ਦੀ ਫਰਮ ਖਿਲਾਫ਼ ਪਿਛਲੇ ਦਿਨਾਂ ਤੋਂ ਆਮਦਨ ਕਰ ਵਿਭਾਗ ਵੱਲੋਂ ਛਾਪੇ ਮਾਰੇ ਜਾ ਰਹੇ ਸਨ। ਰਾਏ ਨੂੰ ਸ਼ਹਿਰ ਦੇ ਰਿਚਮੰਡ ਸਰਕਲ ਨੇੜੇ ਆਪਣੇ ਦਫ਼ਤਰ ਵਿੱਚ ਲਾਇਸੈਂਸੀ ਬੰਦੂਕ ਨਾਲ ਗੋਲੀਆਂ ਲੱਗੀਆਂ।
ਸੂਤਰਾਂ ਨੇ ਦੱਸਿਆ ਕਿ ਗੋਲੀ ਚੱਲਣ ਦੀ ਆਵਾਜ਼ ਸੁਣਾ ਕੇ ਸਟਾਫ ਮੈਂਬਰ ਫੌਰੀ ਉਸ ਦੇ ਕਮਰੇ ਵਿੱਚ ਪਹੁੰਚੇ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਆਈ-ਟੀ ਸੂਤਰਾਂ ਨੇ ਦੱਸਿਆ ਕਿ ਰੌਏ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰੀਬ ਦੋ ਮਹੀਨੇ ਪਹਿਲਾਂ ਸ਼ੁਰੂ ਹੋਈ ਸੀ।
ਸਿੰਘ ਨੇ ਮੌਕੇ ਦੇ ਮੁਆਇਨੇ ਮਗਰੋਂ ਪੱਤਰਕਾਰਾਂ ਨੂੰ ਦੱਸਿਆ, ‘‘ਅੱਜ, ਅਸ਼ੋਕਾ ਨਗਰ ਪੁਲੀਸ ਥਾਣੇ ਦੀ ਹੱਦ ਅਧੀਨ, ਗੋਲੀਬਾਰੀ ਦੀ ਘਟਨਾ ਵਾਪਰੀ। ਪਹਿਲੀ ਨਜ਼ਰੇ ਜਾਪਦਾ ਹੈ ਕਿ ਕੌਨਫੀਡੈਂਟ ਗਰੁੱਪ ਦੇ ਚੇਅਰਮੈਨ ਅਤੇ ਬਾਨੀ ਸੀ.ਜੇ. ਰੌਏ ਨੇ ਖ਼ੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਦੀ ਲਾਸ਼ ਐਚਐਸਆਰ ਲੇਆਊਟ ਦੇ ਨਾਰਾਇਣ ਹਸਪਤਾਲ ਵਿੱਚ ਹੈ।’’ ਕਮਿਸ਼ਨਰ ਨੇ ਕਿਹਾ ਕਿ ਇਹ ਘਟਨਾ ਦੁਪਹਿਰ 3 ਤੋਂ 3.30 ਵਜੇ ਦੇ ਵਿਚਕਾਰ ਵਾਪਰੀ। ਕੌਨਫੀਡੈਂਟ ਗਰੁੱਪ ਦੇ ਡਾਇਰੈਕਟਰ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਆਧਾਰ ’ਤੇ ਪੁਲੀਸ ਨੇ ਮਾਮਲਾ ਦਰਜ ਕੀਤਾ ਸੀ।
ਸਿੰਘ ਨੇ ਕਿਹਾ, ‘‘ਸਾਡੀ ਮੁੱਢਲੀ ਰਿਪੋਰਟ ਅਨੁਸਾਰ, ਪਿਛਲੇ ਤਿੰਨ ਦਿਨਾਂ ਤੋਂ ਛਾਪੇਮਾਰੀ ਜਾਰੀ ਹੈ। ਆਮਦਨ ਕਰ ਟੀਮ ਨੇ ਅੱਜ ਵੀ ਉਸ ਤੋਂ ਪੁੱਛਗਿੱਛ ਕੀਤੀ ਸੀ। ਜਾਂਚ ਤੋਂ ਹੀ ਪਤਾ ਲੱਗੇਕਾ ਕਿ ਅਸਲ ਵਿੱਚ ਕੀ ਹੋਇਆ ਸੀ।’’ ਜਦੋਂ ਪੁੱਛਿਆ ਗਿਆ ਕਿ ਕੀ ਇਸ ਮਾਮਲੇ ਨੂੰ ਖੁਦਕੁਸ਼ੀ ਲਈ ਮਜਬੂਰ ਵਜੋਂ ਦੇਖਿਆ ਜਾ ਸਕਦਾ ਹੈ, ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਅੱਗੇ ਵਧੇਗੀ।
ਸਿੰਘ ਨੇ ਕਿਹਾ ਤਲਾਸ਼ੀ ਮੁਹਿੰਮ ਦੀ ਅਗਵਾਈ ਕੇਰਲ ਦੀ ਆਮਦਨ ਕਰ ਟੀਮ ਕਰ ਰਹੀ ਸੀ ਅਤੇ ਪੁਲੀਸ ਨੇ ਅਜੇ ਤੱਕ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਰੌਏ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਅੱਜ ਰਾਤ ਇੱਥੇ ਆਉਣ ਦੀ ਉਮੀਦ ਹੈ। ਰਾਏ ਮੂਲ ਰੂਪ ਵਿੱਚ ਕੇਰਲਾ ਦਾ ਰਹਿਣ ਵਾਲਾ ਤੇ ਮਹਿੰਗੀਆਂ ਗੱਡੀਆਂ ਦੀ ਕੁਲੈਕਸ਼ਨ ਲਈ ਮਕਬੂਲ ਸੀ ਤੇ ਉਸ ਨੇ ਕਈ ਮਲਿਆਲਮ ਫ਼ਿਲਮਾਂ ਦਾ ਵੀ ਨਿਰਮਾਣ ਕੀਤਾ।