Punjab News: ਪੰਜਾਬ ਦੇ ਸਕੂਲਾਂ ਦਾ ਬਦਲੇਗਾ ਰੰਗ; ‘ਆਪ’ ਦੇ ਰੰਗਾਂ ਨੂੰ ਲੈ ਕੇ ਸਿਆਸੀ ਘਮਸਾਣ ਤੇਜ਼
ਪੰਜਾਬ ਦੇ ਲਗਪਗ 19,000 ਸਰਕਾਰੀ ਸਕੂਲਾਂ ਨੂੰ ਨੀਲੇ ਅਤੇ ਪੀਲੇ ਰੰਗ ਦੀ ਨਵੀਂ ਪਰਤ ਚੜ੍ਹਾਈ ਜਾ ਰਹੀ ਹੈ। ਵਿਰੋਧੀ ਧਿਰ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਇਹ ਸੱਤਾਧਾਰੀ ‘ਆਪ’ ਵੱਲੋਂ ਸਿੱਖਿਆ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ।
ਪੰਜਾਬ ਦੇ ਲਗਪਗ 19,000 ਸਰਕਾਰੀ ਸਕੂਲਾਂ ਨੂੰ ਨੀਲੇ ਅਤੇ ਪੀਲੇ ਰੰਗ ਦੀ ਨਵੀਂ ਪਰਤ ਚੜ੍ਹਾਈ ਜਾ ਰਹੀ ਹੈ। ਵਿਰੋਧੀ ਧਿਰ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਇਹ ਸੱਤਾਧਾਰੀ ‘ਆਪ’ ਵੱਲੋਂ ਸਿੱਖਿਆ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਸਕੂਲ ਦੀਆਂ ਇਮਾਰਤਾਂ ਦੀਆਂ ਬਾਹਰੀ ਕੰਧਾਂ ਲਈ ਸਿਫ਼ਾਰਸ਼ ਕੀਤੇ ਗਏ ਰੰਗਾਂ ਦੇ ਸ਼ੇਡ ਸੱਤਾਧਾਰੀ ਪਾਰਟੀ ਵੱਲੋਂ ਆਪਣੇ ਪਾਰਟੀ ਝੰਡਿਆਂ, ਪੋਸਟਰਾਂ ਅਤੇ ਬੈਨਰਾਂ ਵਿੱਚ ਵਰਤੇ ਜਾਣ ਵਾਲੇ ਰੰਗਾਂ ਦੇ ਸਮਾਨ ਹਨ।

ਵਿਰੋਧੀ ਧਿਰ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਸ ਦਾ ਪਾਰਟੀ ਦੇ ਰੰਗਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰੰਗਾਂ ਦੀ ਚੋਣ ਅਧਿਆਪਕਾਂ ਅਤੇ ਮਾਹਿਰਾਂ ਦੀ ਫੀਡਬੈਕ ਦੇ ਆਧਾਰ ‘ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ, “ਸਮਾਰਟ ਸਕੂਲਾਂ ਅਤੇ ਸਕੂਲਾਂ ਦੀਆਂ ਹੋਰ ਸ਼੍ਰੇਣੀਆਂ ਲਈ ਵੱਖ-ਵੱਖ ਰੰਗ ਸਕੀਮਾਂ ਹਨ। ਸਿੱਖਿਆ ਵਿਭਾਗ ਨੇ ਹਾਲ ਹੀ ਵਿੱਚ 852 ਸਰਕਾਰੀ ਸਕੂਲਾਂ ਦੀ ਮੁਰੰਮਤ ਲਈ 17.44 ਕਰੋੜ ਰੁਪਏ ਜਾਰੀ ਕੀਤੇ ਹਨ।”

ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਵਿਵਾਦ ਇਸ ਲਈ ਪੈਦਾ ਹੋਇਆ ਹੋ ਸਕਦਾ ਹੈ ਕਿਉਂਕਿ ਪੰਜਾਬ ਵਿੱਚ ਪਹਿਲੀ ਵਾਰ ਸਕੂਲਾਂ ਨੂੰ ਖਾਸ ਰੰਗਾਂ ਵਿੱਚ ਰੰਗਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉੜੀਸਾ, ਝਾਰਖੰਡ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਸਕੂਲ ਦੀਆਂ ਇਮਾਰਤਾਂ ਨੂੰ ਸੱਤਾਧਾਰੀ ਪਾਰਟੀਆਂ ਵੱਲੋਂ ਵਰਤੇ ਜਾਂਦੇ ਰੰਗਾਂ ਦੇ ਸਮਾਨ ਰੰਗਿਆ ਗਿਆ ਹੈ।
ਇਸ ਤੋਂ ਪਹਿਲਾਂ ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਬਜਟ ਪਾਸ ਕਰਵਾਉਣ ਤੋਂ ਬਾਅਦ ਸਕੂਲ ਮੁਖੀ ਰੰਗਾਂ ਦੀ ਚੋਣ ਕਰਨ ਲਈ ਜ਼ਿੰਮੇਵਾਰ ਹੁੰਦੇ ਸਨ। ਸਾਬਕਾ ਸਿੱਖਿਆ ਮੰਤਰੀ ਅਤੇ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਰੰਗਾਂ ਦੀ ਚੋਣ ਸੱਤਾਧਾਰੀ ਪਾਰਟੀ ਦੇ ਸਿਆਸੀ ਏਜੰਡੇ ਦੇ ਹਿੱਸੇ ਵਜੋਂ ਕੀਤੀ ਗਈ ਹੈ।
ਉਨ੍ਹਾਂ ਕਿਹਾ, “ਆਰ ਐੱਸ ਐੱਸ ਅਤੇ ਭਾਜਪਾ ਨੇ ਲੰਬੇ ਸਮੇਂ ਤੋਂ ਨੌਜਵਾਨ ਮਨਾਂ ‘ਤੇ ਆਪਣੀ ਵਿਚਾਰਧਾਰਾ ਥੋਪ ਕੇ ਵਿਦਿਅਕ ਸੰਸਥਾਵਾਂ ਦੇ ਭਗਵੇਂਕਰਨ ‘ਤੇ ਜ਼ੋਰ ਦਿੱਤਾ ਹੈ। ਹੁਣ ਉਸੇ ਰਾਹ ‘ਤੇ ਚੱਲਦਿਆਂ ‘ਆਪ’ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਆਪਣੀ ਪਾਰਟੀ ਦੇ ਝੰਡੇ ਦੇ ਰੰਗਾਂ ਵਿੱਚ ਰੰਗਣ ਦੇ ਹੁਕਮ ਦਿੱਤੇ ਹਨ। ਕਲਾਸਰੂਮਾਂ ਅਤੇ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਕਰਨ ਦੀ ਬਜਾਏ, ਸਕੂਲਾਂ ਵਿੱਚ ਪੱਖਪਾਤੀ ਪ੍ਰਚਾਰ ਲਈ ਜਨਤਕ ਪੈਸੇ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿ ਅਸਵੀਕਾਰਨਯੋਗ ਹੈ।”

ਡਾਇਰੈਕਟਰ ਜਨਰਲ ਸਕੂਲਜ਼, ਪੰਜਾਬ ਨੇ ਹਾਲ ਹੀ ਵਿੱਚ ਸਾਰੇ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਕੂਲਾਂ ਦੀਆਂ ਅੰਦਰੂਨੀ ਅਤੇ ਬਾਹਰੀ ਕੰਧਾਂ ਨੂੰ ਰੰਗਣ ਲਈ ਇੱਕ ਨਵਾਂ ਕਲਰ ਕੋਡ ਪ੍ਰਵਾਨ ਕੀਤਾ ਗਿਆ ਹੈ। ਕਲਾਸਰੂਮਾਂ ਦੇ ਅੰਦਰ ਦੀਆਂ ਕੰਧਾਂ ਲਈ, ਐਨੇਮਲ ਪੇਂਟ ਬ੍ਰੌਂਜ਼ ਮਿਸਟ (bronze mist) ਅਤੇ ਸੀ ਓਟਸ (sea oats) ਰੰਗ ਨੂੰ ਮਨਜ਼ੂਰੀ ਦਿੱਤੀ ਗਈ ਸੀ। ਕੋਰੀਡੋਰ ਅਤੇ ਬਾਹਰੀ ਕੰਧਾਂ ਲਈ ਸਕੂਲਾਂ ਨੂੰ ਰੈਪਸੋਡੀ (rhapsody) ਅਤੇ ਕਸਟਰਡ (custard) ਰੰਗ ਦੇ ਸ਼ੇਡ ਵਰਤਣ ਲਈ ਕਿਹਾ ਗਿਆ ਸੀ।
ਸਕੂਲਾਂ ਨੂੰ ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਕਿਹਾ ਗਿਆ ਹੈ। ਬੈਂਸ ਨੇ ਕਿਹਾ ਕਿ ਇੱਕ ਚਮਕਦਾਰ, ਸਾਫ਼ ਅਤੇ ਦ੍ਰਿਸ਼ਟੀਗਤ ਤੌਰ ‘ਤੇ ਸੰਗਠਿਤ ਸਕੂਲ ਵਾਤਾਵਰਣ ਬੱਚਿਆਂ ਦੀ ਇਕਾਗਰਤਾ ਅਤੇ ਸਿੱਖਣ ਦੇ ਅਨੁਭਵ ਨੂੰ ਸਿੱਧਾ ਪ੍ਰਭਾਵਤ ਕਰਦਾ ਹੈ। ਉਨ੍ਹਾਂ ਕਿਹਾ, “ਅਸੀਂ ਆਪਣੇ ਵਿਦਿਆਰਥੀਆਂ ਲਈ ਇੱਕ ਉਜਵਲ ਭਵਿੱਖ ਚਿਤਰ ਰਹੇ ਹਾਂ ਅਤੇ ਇਹ ਸੰਕੇਤ ਦੇ ਰਹੇ ਹਾਂ ਕਿ ਸਰਕਾਰੀ ਸਕੂਲ ਸਾਡੀ ਵਿਦਿਅਕ ਪੁਨਰ ਸੁਰਜੀਤੀ ਦੇ ਕੇਂਦਰ ਵਿੱਚ ਹਨ।”

ਸਾਬਕਾ ਸਿੱਖਿਆ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਖਿਆ ਦਾ ਸਿਆਸੀਕਰਨ ਕਰਨਾ ਅਪਰਾਧ ਹੈ। ਉਨ੍ਹਾਂ ਕਿਹਾ, “ਸਿੱਖਿਆ ਨੂੰ ਸਿਆਸੀ ਅਖਾੜਾ ਨਹੀਂ ਬਣਾਇਆ ਜਾਣਾ ਚਾਹੀਦਾ। ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਚੰਗੇ ਇਨਸਾਨ ਬਣ ਸਕਣ।”
ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਟਵੀਟ ਕੀਤਾ, “ਆਮ ਆਦਮੀ ਪਾਰਟੀ ਦਾ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਆਪਣੀ ਪਾਰਟੀ ਦੇ ਝੰਡੇ ਦੇ ਰੰਗਾਂ ਵਿੱਚ ਰੰਗਣ ਦੇ ਹੁਕਮ ਜਾਰੀ ਕਰਨ ਦਾ ਫੈਸਲਾ ਨਾ ਸਿਰਫ਼ ਬਹੁਤ ਸ਼ਰਮਨਾਕ ਹੈ ਸਗੋਂ ਸਿੱਖਿਆ ਪ੍ਰਣਾਲੀ ਲਈ ਵੀ ਗੰਭੀਰ ਖਤਰਾ ਹੈ।” ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਨੁਮਾਇੰਦੇ ਵਿਕਰਮ ਦੇਵ ਨੇ ਕਿਹਾ ਕਿ ਸਕੂਲ ਵਿਦਿਅਕ ਸੰਕਲਪਾਂ ਦੇ ਆਧਾਰ ‘ਤੇ ਚੱਲਣੇ ਚਾਹੀਦੇ ਹਨ ਨਾ ਕਿ ਸਿਆਸੀ ਹਿੱਤਾਂ ਦੇ ਆਧਾਰ ‘ਤੇ।