Amritsar Sahib – ਕੌਣ ਨੇ ਦਰਬਾਰ ਸਾਹਿਬ ਤੋਂ ਹਿਰਾਸਤ ‘ਚ ਲਏ ਗਏ ਪਿਓ- ਪੁੱਤ
ਅੱਜ ਦਰਬਾਰ ਸਾਹਿਬ ਤੋਂ ਕਥਿਤ ਤੌਰ ‘ਤੇ ਹਿਰਾਸਤ ਵਿੱਚ ਲਏ ਗਏ ਦੋ ਵਿਅਕਤੀ ਪ੍ਰਿੰਸ ਪੁੱਤਰ ਸਤਵਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਪੁੱਤਰ ਹਰਕ੍ਰਿਸ਼ਨ ਸਨ। ਉਹ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮੋਹਨ ਕੇ ਹਿਠਾੜ ਦੇ ਰਹਿਣ ਵਾਲੇ ਹਨ।
ਉਨ੍ਹਾਂ ਦੇ ਨਾਲ ਪਰਿਵਾਰ ਦੀਆਂ ਦੋ ਬੀਬੀਆਂ ਵੀ ਦਰਬਾਰ ਸਾਹਿਬ ਉਨਾਂ ਨਾਲ ਆਈਆਂ ਸਨ।
ਜਦੋਂ ਮਹਿਲਾਵਾਂ ਸਰੋਵਰ ਵਿੱਚ ਇਸ਼ਨਾਨ ਕਰ ਰਹੀਆਂ ਸਨ, ਉਸੇ ਵੇਲੇ ਪ੍ਰਿੰਸ ਅਤੇ ਸਾਵਿੰਦਰ ਨੂੰ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰੋਂ ਹਿਰਾਸਤ ਵਿੱਚ ਲੈ ਲਿਆ ਗਿਆ।
ਵਰਦੀ ਵਿੱਚ ਦੋ ਪੁਲਿਸ ਮੁਲਾਜ਼ਮ ਦਰਬਾਰ ਸਾਹਿਬ ਦੇ ਬਾਹਰ ਇੰਤਜ਼ਾਰ ਕਰ ਰਹੇ ਸਨ। ਜਿਵੇਂ ਹੀ ਸਾਦੇ ਕੱਪੜਿਆਂ ਵਾਲੇ ਕਥਿਤ ਪੁਲਿਸ ਵਾਲਿਆਂ ਨੇ ਅੰਦਰੋਂ ਦੋਵਾਂ ਵਿਅਕਤੀਆਂ ਨੂੰ ਕਥਿਤ ਤੌਰ ‘ਤੇ ਫੜਿਆ ਅਤੇ ਬਾਹਰ ਲਿਆਂਦਾ, ਉਨ੍ਹਾਂ ਨੇ ਤੁਰੰਤ ਉਨ੍ਹਾਂ ਨੂੰ ਇੱਕ ਕਾਰ ਵਿੱਚ ਧੱਕ ਦਿੱਤਾ ਅਤੇ ਉੱਥੋਂ ਲੈ ਗਏ।
ਸਤਵਿੰਦਰ ਸਿੰਘ ਦੀ ਪਤਨੀ ਲਖਬੀਰ ਕੌਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਕਰੀਬ 9:30 ਵਜੇ ਆਪਣੇ ਪਤੀ, ਪੁੱਤਰ ਅਤੇ ਸੱਸ ਰੁਕਮਣ ਦੇਵੀ ਨਾਲ ਦਰਬਾਰ ਸਾਹਿਬ ਪਹੁੰਚੀ ਸੀ। ਕਰੀਬ 10:30 ਵਜੇ ਜਦੋਂ ਮਹਿਲਾਵਾਂ ਇਸ਼ਨਾਨ ਕਰਨ ਗਈਆਂ, ਤਾਂ ਪਿਓ-ਪੁੱਤ ਉਨ੍ਹਾਂ ਦਾ ਇੰਤਜ਼ਾਰ ਕਰਨ ਲੱਗੇ।

ਉਸਨੇ ਦੱਸਿਆ, “ਜਦੋਂ ਅਸੀਂ ਵਾਪਸ ਆਈਆਂ ਤਾਂ ਪਿਓ-ਪੁੱਤ ਦੋਵੇਂ ਉੱਥੋਂ ਗਾਇਬ ਸਨ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਵੀ ਸਵਿੱਚ ਆਫ਼ ਆ ਰਹੇ ਸਨ।”
ਉਸਨੇ ਅੱਗੇ ਕਿਹਾ, “ਅਸੀਂ ਜੋੜਾ ਘਰ ਵੀ ਗਈਆਂ। ਇੰਤਜਾਰ ਕੀਤਾ । ਪਰ ਉਹ ਉੱਥੇ ਨਹੀਂ ਆਏ। ਫਿਰ ਕਿਸੇ ਨੇ ਸਾਨੂੰ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕਮਰਾ ਨੰਬਰ 50 ਵਿੱਚ ਜਾਣ ਲਈ ਕਿਹਾ। ਉੱਥੇ ਅਸੀਂ ਐਸ.ਜੀ.ਪੀ.ਸੀ (SGPC) ਦੇ ਕਰਮਚਾਰੀਆਂ ਨੂੰ ਮਿਲੀਆਂ ਅਤੇ ਉਨ੍ਹਾਂ ਨੂੰ ਆਪਣਾ ਨੰਬਰ ਦਿੱਤਾ। ਇਸ ਤੋਂ ਬਾਅਦ ਅਸੀਂ ਆਪਣੇ ਪਿੰਡ ਵਾਪਸ ਆ ਗਈਆਂ।”
ਲਖਬੀਰ ਕੌਰ ਅਨੁਸਾਰ ਜਦੋਂ ਉਹ ਆਪਣੇ ਪਿੰਡ ਪਹੁੰਚੀ ਤਾਂ ਉਸਨੂੰ ਪਤਾ ਲੱਗਾ ਕਿ ਪਿਛੋਂ ਪੁਲਿਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਸੀ ਅਤੇ ਘਰ ਦੇ ਤਾਲੇ ਤੋੜ ਦਿੱਤੇ ਸਨ। ਲਖਬੀਰ ਕੌਰ ਨੇ ਖ਼ਦਸ਼ਾ ਪ੍ਰਗਟਾਇਆ ਕਿ ਉਸ ਦੇ ਪਤੀ ਅਤੇ ਪੁੱਤਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ, ਹਾਲਾਂਕਿ ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਪਰਿਵਾਰ ਕੋਲ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਲਖਬੀਰ ਕੌਰ ਨੇ ਕਬੂਲ ਕੀਤਾ ਕਿ ਉਸ ਦੇ ਪਤੀ ਨੇ ਪਹਿਲਾਂ ਜ਼ਮੀਨੀ ਵਿਵਾਦ ਦੇ ਇੱਕ ਮਾਮਲੇ ਵਿੱਚ ਸਜ਼ਾ ਕੱਟੀ ਸੀ ਅਤੇ ਉਹ ਪੰਜ-ਸੱਤ ਮਹੀਨੇ ਪਹਿਲਾਂ ਹੀ ਜ਼ਮਾਨਤ ‘ਤੇ ਬਾਹਰ ਆਇਆ ਸੀ। ਉਸਨੇ ਉਨ੍ਹਾਂ ਅਫਵਾਹਾਂ ਨੂੰ ਨਕਾਰ ਦਿੱਤਾ ਜਿਨ੍ਹਾਂ ਵਿੱਚ ਕਿਸੇ ਗੈਰ-ਕਾਨੂੰਨੀ ਗਤੀਵਿਧੀ ਜਾਂ ਪਾਕਿਸਤਾਨ ਨਾਲ ਸਬੰਧਾਂ ਦੀ ਗੱਲ ਕਹੀ ਜਾ ਰਹੀ ਸੀ। ਪਿੰਡ ਦੇ ਸਰਪੰਚ ਗਗਨ ਨੇ ਵੀ ਪੁਸ਼ਟੀ ਕੀਤੀ ਕਿ ਸਤਵਿੰਦਰ ਦਾ ਅਪਰਾਧਿਕ ਪਿਛੋਕੜ ਸੀ ਅਤੇ ਉਨ੍ਹਾਂ ਨੇ ਘਰ ‘ਤੇ ਹੋਈ ਅੱਜ ਪੁਲਿਸ ਛਾਪੇਮਾਰੀ ਦੀ ਵੀ ਪੁਸ਼ਟੀ ਕੀਤੀ।
ਲਖਬੀਰ ਕੌਰ ਨੇ ਕਿਹਾ, “ਅਸੀਂ ਗਰੀਬ ਲੋਕ ਹਾਂ; ਮੇਰਾ ਪੁੱਤਰ ਗੰਗਾਨਗਰ ਵਿੱਚ ਪੜ੍ਹਾਈ ਕਰ ਰਿਹਾ ਹੈ। ਮੈਨੂੰ ਖੁਦ ਦਿਮਾਗ ਦੀ ਰਸੌਲੀ (brain tumor) ਹੈ ਅਤੇ ਮੇਰੀ ਨਜ਼ਰ ਵੀ ਘੱਟ ਹੈ। ਸਾਨੂੰ ਨਹੀਂ ਪਤਾ ਕਿ ਸਾਡੇ ਪਰਿਵਾਰ ਨਾਲ ਇਹ ਸਭ ਕਿਉਂ ਹੋ ਰਿਹਾ ਹੈ।”
ਪੁਲਿਸ ਨੇ ਹਾਲੇ ਤੱਕ ਇਸ ਮਸਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪੁਲਿਸ ਦੇ ਪੱਖ ਦਾ ਇੰਤਜ਼ਾਰ ਹੈ।
Kamaldeep Singh Brar