Ajit Pawar – -ਅਜੀਤ ਪਵਾਰ ਦਾ ਹੈਲੀਕਾਪਟਰ ਹਾਦਸਾ ਸ਼ੱਕ ਦੇ ਘੇਰੇ ‘ਚ
ਅਜੀਤ ਪਵਾਰ ਮੌਤ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਵੇ: ਮਮਤਾ; ਵਿਰੋਧੀ ਧਿਰਾਂ ਵੱਲੋਂ ਮੰਗ ਦੀ ਹਮਾਇਤ
Ajit Pawar’s death ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਜਹਾਜ਼ ਹਾਦਸੇ ਵਿਚ ਮੌਤ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਬੈਨਰਜੀ ਨੇ ਦਾਅਵਾ ਕੀਤਾ…
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਜਹਾਜ਼ ਹਾਦਸੇ ਵਿਚ ਮੌਤ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਬੈਨਰਜੀ ਨੇ ਦਾਅਵਾ ਕੀਤਾ ਕਿ ‘ਬਾਕੀ ਹੋਰ ਏਜੰਸੀਆਂ’ ਜਾਂਚ ਨਾਲ ਸਮਝੌਤਾ ਕਰ ਸਕਦੀਆਂ ਹਨ। ਮੁੱਖ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੌਜੂਦਾ ਚੌਖਟੇ ਰਾਹੀਂ ਸੱਚਾਈ ਸਾਹਮਣੇ ਨਹੀਂ ਆਏਗੀ ਤੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸਿਰਫ਼ ਜਾਂਚ ਹੀ ਭਰੋਸੇਯੋਗ ਹੋਵੇਗੀ। ਮੁੱਖ ਮੰਤਰੀ ਨੇ ਸਿੰਗੂਰ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਸਿਰਫ਼ ਸੁਪਰੀਮ ਕੋਰਟ ’ਤੇ ਭਰੋਸਾ ਕਰਦੇ ਹਾਂ। ਬਾਕੀ ਸਾਰੀਆਂ ਏਜੰਸੀਆਂ ਨਾਲ ਪੂਰੀ ਤਰ੍ਹਾਂ ਸਮਝੌਤਾ ਕੀਤਾ ਗਿਆ ਹੈ।’’
ਬੈਨਰਜੀ ਨੇ ਹਾਲੀਆ ਰਿਪੋਰਟਾਂ ਦੇ ਹਵਾਲੇ ਨਾਲ ਇਸ਼ਾਰਾ ਕੀਤਾ ਕਿ ਅਜੀਤ ਪਵਾਰ ਆਪਣੇ ਚਾਚਾ ਸ਼ਰਦ ਪਵਾਰ ਦੀ ਅਗਵਾਈ ਵਾਲੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਧੜੇ NCP (SP) ਵਿੱਚ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਸਨ। ਮੁੱਖ ਮੰਤਰੀ ਨੇ ਕਿਹਾ, ‘‘ਅਜੀਤ ਪਵਾਰ ਦੀ ਮੌਤ ਦੀ ਖ਼ਬਰ ਦੇਖ ਕੇ ਮੈਂ ਸੱਚਮੁੱਚ ਹੈਰਾਨ ਹਾਂ। ਇਹ ਦਰਸਾਉਂਦਾ ਹੈ ਕਿ ਇਸ ਦੇਸ਼ ਵਿੱਚ ਕੋਈ ਸੁਰੱਖਿਅਤ ਨਹੀਂ ਹੈ, ਇੱਥੋਂ ਤੱਕ ਕਿ ਸਿਆਸੀ ਆਗੂ ਵੀ ਨਹੀਂ।’’
ਉਧਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਣੇ ਵਿਰੋਧੀ ਪਾਰਟੀਆਂ ਦੇ ਕਈ ਆਗੂਆਂ ਨੇ ਮਮਤਾ ਦੀ ਉਪਰੋਕਤ ਮੰਗ ਦੀ ਹਮਾਇਤ ਕੀਤੀ ਹੈ। ਖੜਗੇ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਮੌਤ ’ਤੇ ਸੋਗ ਜਤਾਉਂਦਿਆਂ ਕਿਹਾ ਕਿ ਉਹ ਮਮਤਾ ਵੱਲੋਂ ਕੀਤੀ ਮੰਗ ਦਾ ਸਮਰਥਨ ਕਰਦੇ ਹਨ। ਬੈਨਰਜੀ ਵੱਲੋਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਬਾਰੇ ਪੁੱਛਣ ’ਤੇ ਖੜਗੇ ਨੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਇੱਕ ਹਾਦਸਾ ਹੈ।
ਖੜਗੇ ਨੇ ਕਿਹਾ, ‘‘ਹਰ ਕੋਈ, ਸਾਰੇ ਆਗੂ ਜ਼ਰੂਰੀ ਕੰਮ ਲਈ ਯਾਤਰਾ ਕਰਦੇ ਰਹਿੰਦੇ ਹਨ। ਪਰ ਬਹੁਤ ਸਾਰੇ ਮਾਮਲਿਆਂ ਵਿੱਚ, ਅਸੀਂ ਅਹਿਮਦਾਬਾਦ ਵਿੱਚ ਦੇਖਿਆ ਕਿ ਕਿਵੇਂ ਇੱਕ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਇੱਕ ਛੋਟਾ ਜਹਾਜ਼ ਸੀ; ਇਹ ਕਿਉਂ ਹੋਇਆ? ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਅਸੀਂ ਜਾਂਚ ਦੀ ਵੀ ਮੰਗ ਕਰਦੇ ਹਾਂ।’’ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਅਜੀਤ ਪਵਾਰ ਨੇ ਲੋਕਾਂ ਲਈ ਕੰਮ ਕੀਤਾ, ਅਤੇ ਉਨ੍ਹਾਂ ਦੀ ਬੇਵਕਤੀ ਮੌਤ ਨਾਲ ਸਾਰਿਆਂ ਨੂੰ ਦੁੱਖ ਪਹੁੰਚਿਆ ਹੈ।
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਬੀਤੇ ਵਿਚ ਵਾਪਰੀਆਂ ਅਜਿਹੀਆਂ ਘਟਨਾਵਾਂ ਦੇ ਹਵਾਲੇ ਨਾਲ ਕਿਹਾ ਕਿ ਬੈਨਰਜੀ ਦੀ ਮੰਗ ਜਾਇਜ਼ ਹੈ। ਯਾਦਵ ਨੇ ਕਿਹਾ, ‘‘ਉਹ (ਅਜੀਤ ਪਵਾਰ) ਇੱਕ ਵੱਡੇ ਆਗੂ ਸਨ, ਕਈ ਵਾਰ ਉਪ ਮੁੱਖ ਮੰਤਰੀ ਰਹੇ, ਅਤੇ ਮਹਾਰਾਸ਼ਟਰ ਦੇ ਮਕਬੂਲ ਆਗੂ ਸਨ। ਉਨ੍ਹਾਂ (ਬੈਨਰਜੀ) ਨੇ ਇੱਕ ਜਾਇਜ਼ ਮੰਗ ਕੀਤੀ ਹੈ… ਪਹਿਲਾਂ ਵੀ, ਕਈ ਵੀਆਈਪੀਜ਼ ਨੇ ਇਸੇ ਤਰ੍ਹਾਂ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ, ਇਸ ਲਈ ਇੱਕ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਹਾਦਸੇ ਦਾ ਕਾਰਨ ਕੀ ਸੀ।’’ ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਅਨਿਲ ਦੇਸਾਈ ਨੇ ਪਵਾਰ ਦੇ ਦੇਹਾਂਤ ਨੂੰ ਮਹਾਰਾਸ਼ਟਰ ਲਈ ਇੱਕ ਵੱਡਾ ਘਾਟਾ ਦੱਸਿਆ ਅਤੇ ਪੂਰੀ ਜਾਂਚ ਦੀ ਮੰਗ ਕੀਤੀ।
ਬੈਨਰਜੀ ਦੀਆਂ ਟਿੱਪਣੀਆਂ ਬਾਰੇ ਪੁੱਛਣ ’ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਮੰਦਭਾਗਾ ਅਤੇ ਗਲਤ ਹੈ ਕਿ ਜਦੋਂ ਪਵਾਰ ਦਾ ਪਰਿਵਾਰ ਅਤੇ ਉਨ੍ਹਾਂ ਨਾਲ ਜੁੜੇ ਹੋਰ ਲੋਕ ਸੋਗ ਮਨਾ ਰਹੇ ਹਨ ਤਾਂ ਅਜਿਹੇ ਮੌਕੇ ਵਿਰੋਧੀ ਧਿਰਾਂ ਵੱਲੋਂ ‘ਸੌੜੀ ਸਿਆਸਤ’ ਕੀਤੀ ਜਾ ਰਹੀ ਹੈ। ਬਿੱਟੂ ਨੇ ਕਿਹਾ, ‘‘ਇਹ ਬਹੁਤ ਹੀ ਮੰਦਭਾਗਾ ਹੈ। ਜੇਕਰ ਕੋਈ ਹੋਰ ਸਿਆਸਤ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਅਜਿਹਾ ਕਰਨ ਦਿਓ, ਪਰ ਸਿਆਸੀ ਲੋਕਾਂ ਨੂੰ ਸਭ ਕੁਝ ਸਮਝਣਾ ਚਾਹੀਦਾ ਹੈ; ਉਹ ਸਾਰੇ ਤੱਥਾਂ ਤੋਂ ਜਾਣੂ ਹਨ।’’
ਬਿੱਟੂ ਨੇ ਕਿਹਾ, ‘‘ਇੰਝ ਗੁੰਮਰਾਹ ਕਰਨਾ, ਜਦੋਂ ਅੱਜ ਪਰਿਵਾਰ ਨੂੰ ਇੰਨਾ ਵੱਡਾ ਨੁਕਸਾਨ ਹੋਇਆ ਹੈ, ਗ਼ਲਤ ਹੈ… ਜੇ ਤੁਹਾਨੂੰ ਅਜਿਹਾ ਕੁਝ ਕਹਿਣਾ ਪੈਂਦਾ, ਤਾਂ ਤੁਸੀਂ ਕੁਝ ਦਿਨਾਂ ਬਾਅਦ ਅਜਿਹਾ ਕਰ ਸਕਦੇ ਸੀ। ਜੇਕਰ ਅਜਿਹੀ ਸੌੜੀ ਸਿਆਸਤ ਵਿੱਚ ਪੈਣ ਦੀ ਤੁਹਾਡੀ ਇੱਛਾ ਪੂਰੀ ਨਹੀਂ ਹੁੰਦੀ, ਤਾਂ ਤੁਸੀਂ ਘੱਟੋ-ਘੱਟ ਪਰਿਵਾਰ ਨੂੰ ਅੰਤਿਮ ਸੰਸਕਾਰ ਅਤੇ ਰਸਮਾਂ ਨਿਭਾਉਣ ਲਈ ਕੁਝ ਦਿਨ ਤਾਂ ਦੇ ਸਕਦੇ ਸੀ। ਉਹ ਇੱਕ ਸੀਨੀਅਰ ਨੇਤਾ ਹੈ। ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਅੱਜ ਅਜਿਹਾ ਕਰਨ ਦੀ ਚੋਣ ਕਰਨਾ ਬਹੁਤ ਹੀ ਘਟੀਆ ਹਰਕਤ ਹੈ।’’