Ferozepur News : ਪਾਲਤੂ ਕੁੱਤੇ ਦੇ ਵੱਢਣ ਨਾਲ 22 ਸਾਲਾ ਨੌਜਵਾਨ ਦੀ ਮੌਤ, ਹਲਕਾਅ ਕਾਰਨ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਤੋੜਿਆ ਦਮ
ਨਜ਼ਦੀਕੀ ਪਿੰਡ ਸਾਬੂਆਣਾ ਵਿੱਚ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਇੱਕ 22 ਸਾਲਾ ਨੌਜਵਾਨ, ਮਹਿਕਦੀਪ ਸਿੰਘ ਦੀ ਆਪਣੇ ਹੀ ਪਾਲਤੂ ਕੁੱਤੇ ਦੇ ਕੱਟਣ ਕਾਰਨ ਹੋਏ ਹਲਕਾਅ ਕਾਰਨ ਮੌਤ ਹੋ ਗਈ।
ਫਿਰੋਜ਼ਪੁਰ : ਨਜ਼ਦੀਕੀ ਪਿੰਡ ਸਾਬੂਆਣਾ ਵਿੱਚ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਇੱਕ 22 ਸਾਲਾ ਨੌਜਵਾਨ, ਮਹਿਕਦੀਪ ਸਿੰਘ ਦੀ ਆਪਣੇ ਹੀ ਪਾਲਤੂ ਕੁੱਤੇ ਦੇ ਕੱਟਣ ਕਾਰਨ ਹੋਏ ਹਲਕਾਅ ਕਾਰਨ ਮੌਤ ਹੋ ਗਈ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ।ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਮਹਿਕਦੀਪ ਸਿੰਘ ਪੁੱਤਰ ਰਾਜਬੀਰ ਸਿੰਘ ਨੂੰ ਬੀਤੇ ਜਨਵਰੀ ਮਹੀਨੇ ਵਿੱਚ ਉਸ ਦੇ ਆਪਣੇ ਪਾਲਤੂ ਕੁੱਤੇ ਨੇ ਕੱਟ ਲਿਆ ਸੀ।
ਪਿਛਲੇ ਕੁਝ ਦਿਨਾਂ ਤੋਂ ਮਹਿਕਦੀਪ ਦੀ ਸਿਹਤ ਅਚਾਨਕ ਵਿਗੜਨੀ ਸ਼ੁਰੂ ਹੋ ਗਈ। ਉਸ ਨੇ ਅਸਾਧਾਰਨ ਵਿਹਾਰ ਅਤੇ ਅਜੀਬ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਜੋ ਹਲਕਾਅ ਦੇ ਲੱਛਣ ਮੰਨੇ ਜਾਂਦੇ ਹਨ। ਬੀਤੇ ਦਿਨ ਜਦੋਂ ਮਹਿਕਦੀਪ ਦਵਾਈ ਲੈਣ ਲਈ ਸਿਵਲ ਹਸਪਤਾਲ ਪਹੁੰਚਿਆ, ਤਾਂ ਹਲਕਾਅ ਦਾ ਅਸਰ ਇੰਨਾ ਵੱਧ ਗਿਆ ਕਿ ਉਹ ਬੇਕਾਬੂ ਹੋ ਗਿਆ। ਨੌਜਵਾਨ ਨੇ ਬੇਕਾਬੂ ਹਾਲਤ ਵਿੱਚ ਆਪਣੀ ਕਾਰ ਅਤੇ ਹਸਪਤਾਲ ਦੇ ਸਾਮਾਨ ਦੀ ਭੰਨਤੋੜ ਕੀਤੀ। ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਤੁਰੰਤ ਮੈਡੀਕਲ ਕਾਲਜ ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤਾ।
ਬਦਕਿਸਮਤੀ ਨਾਲ, ਫ਼ਰੀਦਕੋਟ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਮਹਿਕਦੀਪ ਨੇ ਦਮ ਤੋੜ ਦਿੱਤਾ। ਸਿਹਤ ਮਾਹਿਰਾਂ ਅਨੁਸਾਰ, ਪਾਲਤੂ ਕੁੱਤੇ ਦੇ ਕੱਟਣ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਭਾਵੇਂ ਕੁੱਤਾ ਪਾਲਤੂ ਹੋਵੇ, ਕੱਟਣ ਤੋਂ ਤੁਰੰਤ ਬਾਅਦ ਰੇਬੀਜ਼ ਵਿਰੋਧੀ ਟੀਕਾ ਲਗਵਾਉਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਇੱਕ ਵਾਰ ਹਲਕਾਅ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਇਲਾਜ ਲਗਪਗ ਅਸੰਭਵ ਹੋ ਜਾਂਦਾ ਹੈ।
