Canada News: ਕੈਲਗਰੀ ਵਿੱਚ ਪੰਜਾਬੀ ਮੂਲ ਦੇ ਪਤੀ-ਪਤਨੀ ਦੀ ਭੇਤਭਰੇ ਹਾਲਾਤ ’ਚ ਮੌਤ
ਪੁਲੀਸ ਨੇ ਜਾਂਚ ਆਰੰਭੀ; ਘਰੇਲੂ ਝਗਡ਼ੇ ਮਗਰੋਂ ਇਕ-ਦੂਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਸ਼ੱਕ
ਕੈਲਗਰੀ ਦੇ ਰੈੱਡਸਟੋਨ ਵਿਚ ਇਕ ਘਰ ਵਿਚ ਪੰਜਾਬੀ ਮੂਲ ਦੇ ਪਤੀ-ਪਤਨੀ ਦੀ ਮੌਤ ਹੋਣ ਦੀ ਖਬਰ ਹੈ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਆਪਸ ਵਿਚ ਲੜਾਈ ਹੋਈ ਤੇ ਇਨ੍ਹਾਂ ਨੇ ਇਕ ਦੂਜੇ ’ਤੇ ਹਮਲਾ ਕਰ ਦਿੱਤਾ। ਇਸ ਤੋਂ ਪਹਿਲਾਂ ਪੁਲੀਸ ਅਧਿਕਾਰੀਆਂ ਨੂੰ ਸਵੇਰੇ 12:41 ਵਜੇ ਦੇ ਕਰੀਬ ਇਸ ਘਰ ਵਿਚ ਸ਼ੋਰ ਸ਼ਰਾਬੇ ਦੀ ਰਿਪੋਰਟ ਮਿਲੀ।
ਪੁਲੀਸ ਅਧਿਕਾਰੀ ਅਨੁਸਾਰ ਜਦੋਂ ਉਹ ਰੈੱਡਸਟੋਨ ਪਾਰਕ ਦੇ ਨੇੜੇ ਇੱਕ ਘਰ ਵਿਚ ਪਹੁੰਚੇ ਤਾਂ ਦੋ ਜਣਿਆਂ ’ਤੇ ਤੇਜ਼ ਹਥਿਆਰਾਂ ਦੇ ਨਿਸ਼ਾਨ ਮਿਲੇ। ਇਸ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਜਦਕਿ ਦੂਜੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਹਸਪਤਾਲ ਵਿੱਚ ਮੌਤ ਹੋਣ ਬਾਰੇ ਪਤਾ ਲੱਗਿਆ।
ਕੈਲਗਰੀ ਪੁਲੀਸ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਮਾਮਲੇ ਦੀ ਹੋਮੀਸਾਈਡ ਯੂਨਿਟ ਜਾਂਚ ਕਰ ਰਹੀ ਹੈ।
ਇਨ੍ਹਾਂ ਦੋਵਾਂ ਦੇ ਪੋਸਟਮਾਰਟਮ ਵੀਰਵਾਰ ਨੂੰ ਕਰਵਾਏ ਜਾਣਗੇ ਤੇ ਉਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ। ਪੁਲੀਸ ਦਾ ਕਹਿਣਾ ਹੈ ਕਿ ਜਾਂਚ ਮੁਕੰਮਲ ਕਰਨ ਤੋਂ ਬਾਅਦ ਅਗਲੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਪੁਲੀਸ ਨੇ ਇਸ ਮਾਮਲੇ ਵਿਚ ਜਾਣਕਾਰੀ ਰੱਖਣ ਵਾਲੇ ਨੂੰ 403‑266‑1234 ’ਤੇ ਪੁਲੀਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਜੇ ਕਿਸੇ ਨੇ ਆਪਣੀ ਜਾਣਕਾਰੀ ਗੁਪਤ ਰੱਖਣੀ ਹੈ ਤਾਂ ਉਹ ਇਸ ਨੰਬਰ 1‑800‑222‑8477 ’ਤੇ ਸੰਪਰਕ ਕਰ ਸਕਦਾ ਹੈ।