Canada – ਫੈਡਰਲ ਸਰਕਾਰ ਨੇ 2026 ਲਈ LMIA-ਮੁਕਤ ਵਰਕ ਪਰਮਿਟਾਂ ਦੀ ਗਿਣਤੀ ਵਿੱਚ ਵਾਧਾ ਕਰ ਦਿੱਤਾ ਹੈ।
ਤਾਜ਼ਾ ਸਾਲਾਨਾ ‘ਇਮੀਗ੍ਰੇਸ਼ਨ ਲੈਵਲਜ਼ ਪਲੈਨ’ ਮੁਤਾਬਕ, ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ (IMP) ਤਹਿਤ 2026 ਲਈ ਵਰਕ ਪਰਮਿਟਾਂ ਦਾ ਦਾਖ਼ਲਾ ਟੀਚਾ 1,70,000 ਰੱਖਿਆ ਗਿਆ ਹੈ, ਜੋ ਪਿਛਲੇ ਸਾਲ ਦੇ ਪਲੈਨ ਵਿੱਚ 2026 ਲਈ ਦਰਜ 1,28,700 ਦੇ ਟੀਚੇ ਨਾਲੋਂ 32 ਫੀਸਦੀ ਵੱਧ ਹੈ।
ਸਾਰੇ LMIA-ਮੁਕਤ ਵਰਕ ਪਰਮਿਟ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ (IMP) ਦੇ ਤਹਿਤ ਹੀ ਜਾਰੀ ਕੀਤੇ ਜਾਣਗੇ, ਜਿਸ ਵਿੱਚ ਮੌਜੂਦਾ ਪਰਮਿਟਾਂ ਦਾ ਨਵੀਨੀਕਰਨ (renewals) ਜਾਂ ਪਹਿਲਾਂ ਹੀ ਕੈਨੇਡਾ ਵਿੱਚ ਮੌਜੂਦ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕੀਤੇ ਵਰਕ ਪਰਮਿਟ ਸ਼ਾਮਲ ਨਹੀਂ ਹਨ।
ਇਸ ਦੇ ਨਾਲ ਹੀ, ਟੈਂਪਰੇਰੀ ਫ਼ਾਰਨ ਵਰਕਰ ਪ੍ਰੋਗਰਾਮ (TFWP) ਅਧੀਨ LMIA-ਆਧਾਰਿਤ ਵਰਕ ਪਰਮਿਟਾਂ ਲਈ ਦਾਖ਼ਲੇ ਟੀਚੇ ਵਿੱਚ ਕਟੌਤੀ ਕੀਤੀ ਗਈ ਹੈ। 2026 ਲਈ ਇਹ ਟੀਚਾ 60,000 ਤੈਅ ਕੀਤਾ ਗਿਆ ਹੈ, ਜੋ ਪਹਿਲਾਂ ਦੇ 82,000 ਦੇ ਟੀਚੇ ਨਾਲੋਂ ਘੱਟ ਹੈ।
# ਖੇਤੀਬਾੜੀ ਅਤੇ ਮੱਛੀ ਪ੍ਰੋਸੈਸਿੰਗ ਲਈ ਵਰਕ ਪਰਮਿਟ
IRCC ਦੇ 2025–2026 ਪਲੈਨ ਅਨੁਸਾਰ, ਇਮੀਗ੍ਰੇਸ਼ਨ ਵਿਭਾਗ ਇਸ ਸਮੇਂ ਖੇਤੀਬਾੜੀ ਅਤੇ ਮੱਛੀ ਪ੍ਰੋਸੈਸਿੰਗ ਖੇਤਰ ਲਈ ਇੱਕ ਨਵੇਂ, ਖੇਤਰ-ਵਿਸ਼ੇਸ਼ ਵਰਕ ਪਰਮਿਟ ਤਿਆਰ ਕਰਨ ’ਤੇ ਕੰਮ ਕਰ ਰਿਹਾ ਹੈ ਤਾਂ ਕਿ ਇਨ੍ਹਾਂ ਕੰਮਾਂ ਵਾਲੇ ਬਾਹਰੋਂ ਸੌਖਿਆਂ ਕਾਮੇ ਮੰਗਵਾ ਸਕਣ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ