Sarbjeet Singh – ਭਾਰਤ ਵਾਪਸ ਆਉਣਾ ਚਾਹੁੰਦੀ ਹੈ ਸਰਬਜੀਤ ਕੌਰ ਉਰਫ ਨੂਰ ਹੁਸੈਨ! ਆਡੀਓ ਕਲਿੱਪ ਵਾਇਰਲ
ਆਡੀਓ ਵਿਚ ਸਾਬਕਾ ਪਤੀ ਤੋਂ ਮਦਦ ਮੰਗ ਰਹੀ ਹੈ ਸਰਬਜੀਤ
ਪਾਕਿਸਤਾਨ ਗਈ ਸਰਬਜੀਤ ਕੌਰ ਦੀ ਆਪਣੇ ਸਾਬਕਾ ਪਤੀ ਨਾਲ ਕਥਿਤ ਆਡੀਓ ਵਾਇਰਲ, ਪੰਜਾਬ ਆਉਣ ਲਈ ਰੋ-ਰੋ ਕੇ ਗੁਹਾਰ ਲਗਾ ਰਹੀ ਹੈ

ਸਿੱਖ ਜਥੇ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਮਾਮਲੇ ‘ਚ ਹੁਣ ਨਵਾਂ ਮੋੜ ਆ ਗਿਆ ਹੈ। ਸੋਸ਼ਲ ਮੀਡੀਆ ’ਤੇ ਸਰਬਜੀਤ ਕੌਰ ਦੀ ਕਥਿਤ ਆਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਆਪਣੇ ਸਾਬਕਾ ਪਤੀ ਨਾਲ ਗੱਲਬਾਤ ਦੌਰਾਨ ਦਾਅਵਾ ਕਰ ਰਹੀ ਹੈ ਕਿ ਉਹ ਨਾਸਿਰ ਹੁਸੈਨ ਨਾਲ ਆਪਣੀਆਂ ਤਸਵੀਰਾਂ ਡਿਲੀਟ ਕਰਵਾਉਣ ਲਈ ਪਾਕਿਸਤਾਨ ਜਥੇ ਨਾਲ ਆਈ ਸੀ।

ਸਰਬਜੀਤ ਕੌਰ ਦੀ ਕਥਿਤ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ। ਇਸ ਵਿੱਚ ਉਹ ਆਪਣੇ ਸਾਬਕਾ ਪਤੀ ਨਾਲ ਗੱਲ ਕਰਦੀ ਸੁਣਾਈ ਦੇ ਰਹੀ ਹੈ ਅਤੇ ਘਰ ਵਾਪਸ ਜਾਣ ਦੀ ਗੱਲ ਕਰ ਰਹੀ ਹੈ। 48 ਸਾਲਾ ਸਰਬਜੀਤ ਕੌਰ ਕਪੂਰਥਲਾ ਦੇ ਅਮਾਨੀਪੁਰ ਪਿੰਡ ਦੀ ਰਹਿਣ ਵਾਲੀ ਹੈ।
ਉਹ ਨਵੰਬਰ 2025 ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜੱਥੇ ਨਾਲ ਪਾਕਿਸਤਾਨ ਆਈ ਸੀ। ਵਾਇਰਲ ਆਡੀਓ ਮੁਤਾਬਕ ਉਸ ਨੇ ਨਾਸਿਰ ਹੁਸੈਨ ਕੋਲ ਮੌਜੂਦ ਆਪਣੀਆਂ ਤਸਵੀਰਾਂ ਡਿਲੀਟ ਕਰਵਾਉਣ ਲਈ ਇਹ ਯਾਤਰਾ ਕੀਤੀ। ਜਥੇ ਦੇ ਹੋਰ ਮੈਂਬਰ ਭਾਰਤ ਵਾਪਸ ਆ ਗਏ, ਪਰ ਸਰਬਜੀਤ ਨਹੀਂ ਆਈ। ਪਾਕਿਸਤਾਨ ਵਿੱਚ ਰਹਿੰਦੇ ਸਮੇਂ ਉਸ ਨੇ ਇਸਲਾਮ ਕਬੂਲ ਕੀਤਾ, ਨਾਸਿਰ ਹੁਸੈਨ ਨਾਲ ਵਿਆਹ ਕੀਤਾ ਅਤੇ ਆਪਣਾ ਨਾਂ ਨੂਰ ਹੁਸੈਨ ਰੱਖਿਆ।
ਉਸ ਦੀ ਯਾਤਰੀ ਵੀਜ਼ਾ ਮਿਆਦ 13 ਨਵੰਬਰ 2025 ਨੂੰ ਖਤਮ ਹੋਣ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕੀਤੀ। 4 ਜਨਵਰੀ ਨੂੰ ਵੀਜ਼ਾ ਵਧਾਉਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਵਿੱਚ ਉਸ ਨੇ ਪਾਕਿਸਤਾਨੀ ਨਾਗਰਿਕਤਾ ਅਤੇ ਸੁਰੱਖਿਆ ਦੀ ਮੰਗ ਕੀਤੀ, ਨਾਲ ਹੀ ਉਸ ਨੇ ਕਿਹਾ ਕਿ ਭਾਰਤ ਵਿੱਚ ਉਸ ਦੀ ਜਾਨ ਨੂੰ ਖ਼ਤਰਾ ਹੈ। ਹਾਲੀਆ ਰਿਪੋਰਟਾਂ ਮੁਤਾਬਕ ਉਹ ਲਾਹੌਰ ਦੇ ਇੱਕ ਮਹਿਲਾ ਸ਼ੈਲਟਰ ਹੋਮ ਵਿੱਚ ਪੁਲੀਸ ਸੁਰੱਖਿਆ ਹੇਠ ਹੈ।
ਕਪੂਰਥਲਾ ਪੁਲੀਸ ਨੇ ਪੁਸ਼ਟੀ ਕੀਤੀ ਕਿ ਉਸ ਖਿਲਾਫ਼ ਤਿੰਨ ਮਾਮਲੇ ਦਰਜ ਹਨ, ਜਦਕਿ ਉਸ ਦੇ ਪੁੱਤਰ ਲਵਜੋਤ ਸਿੰਘ ਅਤੇ ਨਵਜੋਤ ਸਿੰਘ ਉੱਤੇ ਵੀ ਵੱਖ-ਵੱਖ ਥਾਵਾਂ ਤਹਿਤ 10 ਮਾਮਲੇ ਦਰਜ ਹਨ ਪਰ ਹੁਣ ਉਸ ਨੂੰ ਕਾਨੂੰਨੀ ਰੁਕਾਵਟਾਂ ਕਾਰਨ ਆਪਣੇ ਪਤੀ ਕੋਲ ਵਾਪਸ ਆਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।