Nikitha Godishala murder case: Ex-boyfriend Arjun Sharma who fled US arrested in Tamil Nadu
ਮੈਰੀਲੈਂਡ ਦੇ ਕੋਲੰਬੀਆ ਵਿੱਚ ਬੀਤੀ 3 ਜਨਵਰੀ ਨੂੰ ਇੱਕ ਅਪਾਰਟਮੈਂਟ ਵਿੱਚ 27 ਸਾਲਾ ਭਾਰਤੀ ਨਾਗਰਿਕ ਨਿਕਿਤਾ ਗੋਦਿਸ਼ਾਲਾ ਦੀ ਲਾਸ਼ ਬਰਾਮਦ ਹੋਈ ਸੀ। ਅਮਰੀਕੀ ਅਧਿਕਾਰੀਆਂ ਅਨੁਸਾਰ ਇਹ ਅਪਾਰਟਮੈਂਟ ਪੀੜ੍ਹਤਾ ਦੇ ਸਾਥੀ ਅਰਜੁਨ ਸ਼ਰਮਾ ਦਾ ਹੈ, ਜਿਸ ’ਤੇ ਕਤਲ ਦੇ ਦੋਸ਼ ਲਾਏ ਗਏ ਹਨ। ਜਾਂਚਕਰਤਾਵਾਂ ਦੇ ਅਨੁਮਾਨ ਮੁਤਾਬਕ ਨਿਕਿਤਾ ਦਾ ਕਤਲ 31 ਦਸੰਬਰ ਸ਼ਾਮ ਕਰੀਬ 7 ਵਜੇ ਕੀਤਾ ਗਿਆ ਸੀ ਅਤੇ ਉਸਦੀ ਦੇਹ 3 ਜਨਵਰੀ ਨੂੰ ਪੁਲੀਸ ਤਲਾਸ਼ੀ ਦੌਰਾਨ ਉਸੇ ਅਪਾਰਟਮੈਂਟ ਵਿੱਚੋਂ ਬਰਾਮਦ ਹੋਈ ਸੀ।
ਵੇਰਵਿਆਂ ਅਨੁਸਾਰ 26 ਸਾਲਾ ਸ਼ਰਮਾ ਨੇ 2 ਜਨਵਰੀ ਨੂੰ ਅਧਿਕਾਰੀਆਂ ਨੂੰ ਨਿਕਿਤਾ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ ਅਤੇ ਦੱਸਿਆ ਸੀ ਕਿ ਉਸ ਨੇ ਨਿਕਿਤਾ ਨੂੰ ਆਖਰੀ ਵਾਰ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਨੂੰ ਦੇਖਿਆ ਸੀ। ਹਾਲਾਂਕਿ ਬਾਅਦ ਵਿੱਚ ਜਾਂਚਕਰਤਾਵਾਂ ਨੇ ਪਾਇਆ ਕਿ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਉਣ ਤੋਂ ਤੁਰੰਤ ਬਾਅਦ ਉਹ ਡੱਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਾਰਤ ਲਈ ਫਲਾਈਟ ਫੜ ਕੇ ਫਰਾਰ ਹੋ ਗਿਆ ਸੀ, ਜਿਸ ਨਾਲ ਉਸ ‘ਤੇ ਸ਼ੱਕ ਪੈਦਾ ਹੋ ਗਿਆ।

5 ਜਨਵਰੀ ਨੂੰ ਇੰਟਰਪੋਲ, ਅਮਰੀਕੀ ਸੰਘੀ ਏਜੰਸੀਆਂ ਅਤੇ ਭਾਰਤੀ ਅਧਿਕਾਰੀਆਂ ਦੁਆਰਾ ਤਾਲਮੇਲ ਨਾਲ ਚਲਾਈ ਗਈ ਮੁਹਿੰਮ ਤੋਂ ਬਾਅਦ ਸ਼ਰਮਾ ਨੂੰ ਤਾਮਿਲਨਾਡੂ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹਾਵਰਡ ਕਾਉਂਟੀ ਦੇ ਜਾਸੂਸਾਂ ਨੇ ਉਸ ‘ਤੇ ਫਸਟ-ਡਿਗਰੀ ਅਤੇ ਸੈਕਿੰਡ-ਡਿਗਰੀ ਕਤਲ ਦੇ ਦੋਸ਼ ਲਗਾਉਂਦੇ ਹੋਏ ਉਸਨੂੰ ਅਮਰੀਕਾ ਵਾਪਸ ਲਿਜਾਣ ਲਈ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਨਿਕਿਤਾ ਦੀ ਭੈਣ ਸਰਸਵਤੀ ਨੇ ਦੋਸ਼ ਲਾਇਆ ਹੈ ਕਿ ਸ਼ਰਮਾ ਨੇ ਅਮਰੀਕਾ ਤੋਂ ਭੱਜਣ ਤੋਂ ਪਹਿਲਾਂ ਨਿਕਿਤਾ ਦੇ ਬੈਂਕ ਖਾਤੇ ਵਿੱਚੋਂ ਲਗਭਗ 3,500 ਅਮਰੀਕੀ ਡਾਲਰਾਂ ਦਾ ਅਣਅਧਿਕਾਰਤ ਲੈਣ-ਦੇਣ ਕੀਤਾ ਸੀ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਦੋਵਾਂ ਭੈਣਾਂ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ; ਸ਼ਿਕਾਇਤ ਅਨੁਸਾਰ ਉਸ ਨੇ ਪਰਿਵਾਰ ਤੋਂ 4,500 ਡਾਲਰ ਉਧਾਰ ਲਏ ਸਨ ਪਰ ਸਿਰਫ 3,500 ਹੀ ਮੋੜੇ ਸਨ।
ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਸ਼ਰਮਾ ਨੂੰ ਨਿਕਿਤਾ ਦਾ ਸਾਬਕਾ ਪ੍ਰੇਮੀ ਦੱਸਿਆ ਹੈ, ਪਰ ਉਸਦੇ ਪਿਤਾ ਆਨੰਦ ਗੋਦਿਸ਼ਾਲਾ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਸਿਰਫ ਉਸਦਾ ਸਾਬਕਾ ਰੂਮਮੇਟ ਸੀ ਅਤੇ ਉਹਨਾਂ ਨੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਨਿਕਿਤਾ ਗੋਦਿਸ਼ਾਲਾ ਮੈਰੀਲੈਂਡ ਵਿੱਚ ‘ਵੇਡਾ ਹੈਲਥ’ ਵਿੱਚ ਇੱਕ ਡੇਟਾ ਐਨਾਲਿਸਟ ਵਜੋਂ ਕੰਮ ਕਰਦੀ ਸੀ ਅਤੇ ਉਸ ਦੇ ਪਰਿਵਾਰ ਨੇ ਉਸਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਅਤੇ ਤੇਲੰਗਾਨਾ ਰਾਜ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।