Trump signs executive order demanding truck drivers speak English
USA : ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ’ਚ ਮੁਹਾਰਤ ਜ਼ਰੂਰੀ
ਅਮਰੀਕਾ ‘ਚ ਟਰੱਕ ਚਾਲਕਾਂ ਦਾ ਪਵੇਗਾ ਅੰਗਰੇਜ਼ੀ ਨਾਲ ਦਸਤਪੰਜਾ
ਅਮਰੀਕਾ ਨੇ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਵਿੱਚ ਮੁਹਾਰਤ ਲਾਜ਼ਮੀ ਕਰ ਦਿੱਤੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਸਬੰਧੀ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ ਹਨ, ਜਿਸ ’ਤੇ ਸਿੱਖ ਅਧਿਕਾਰ ਗਰੁੱਪਾਂ ਨੇ ਚਿੰਤਾ ਪ੍ਰਗਟਾਈ ਹੈ। ਇਨ੍ਹਾਂ ਗਰੁੱਪਾਂ ਅਨੁਸਾਰ ਇਸ ਹੁਕਮ ਦਾ ਸਿੱਖ ਟਰੱਕ ਡਰਾਈਵਰਾਂ ’ਤੇ ਪ੍ਰਭਾਵ ਪੈ ਸਕਦਾ ਹੈ ਅਤੇ ਰੁਜ਼ਗਾਰ ਵਿੱਚ ਬੇਲੋੜੀਆਂ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ।
‘ਅਮਰੀਕਾ ਦੇ ਟਰੱਕ ਡਰਾਈਵਰਾਂ ਲਈ ਸੜਕ ਦੇ ਸਾਂਝੇ ਨਿਯਮਾਂ ਨੂੰ ਲਾਗੂ ਕਰਨਾ’ ਸਿਰਲੇਖ ਵਾਲੇ ਕਾਰਜਕਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਟਰੱਕ ਡਰਾਈਵਰ ਦੇਸ਼ ਦੀ ਆਰਥਿਕਤਾ ਦੀ ਮਜ਼ਬੂਤੀ, ਇਸ ਦੀ ਸੁਰੱਖਿਆ ਅਤੇ ਅਮਰੀਕੀ ਲੋਕਾਂ ਦੀ ਰੋਜ਼ੀ-ਰੋਟੀ ਲਈ ਜ਼ਰੂਰੀ ਹਨ। ਅੱਜ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ, ‘ਪੇਸ਼ੇਵਰ ਡਰਾਈਵਰਾਂ ਲਈ ਸੁਰੱਖਿਆ ਲੋੜਾਂ ਸਬੰਧੀ ਅੰਗਰੇਜ਼ੀ ਵਿੱਚ ਮੁਹਾਰਤ ਲਾਜ਼ਮੀ ਹੈ।
ਉਨ੍ਹਾਂ ਨੂੰ ਟਰੈਫਿਕ ਸੰਕੇਤ ਪੜ੍ਹਨਾ ਅਤੇ ਸਮਝਣਾ, ਟਰੈਫਿਕ ਸੁਰੱਖਿਆ, ਸਰਹੱਦੀ ਗਸ਼ਤ, ਖੇਤੀਬਾੜੀ ਚੌਕੀਆਂ ਅਤੇ ਮਾਲ ਵਜ਼ਨ ਤੇ ਸਟੇਸ਼ਨ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਆਉਣੀ ਚਾਹੀਦੀ ਹੈ।’ ਟਰੰਪ ਨੇ ਅੰਗਰੇਜ਼ੀ ਨੂੰ ਸੰਯੁਕਤ ਰਾਜ ਦੀ ਅਧਿਕਾਰਤ ਕੌਮੀ ਭਾਸ਼ਾ ਐਲਾਨੀ ਹੈ।