West Asia Crisis 2026 ਮੱਧ ਪੂਰਬ ਸੰਕਟ ਕਾਰਨ ਸੈਂਕੜੇ ਪੰਜਾਬੀ ਦੁਬਈ ’ਚ ਫਸੇ
ਮੱਧ ਪੂਰਬ ਵਿੱਚ ਟਕਰਾਅ ਕਾਰਨ ਵੱਡੀ ਗਿਣਤੀ ਪੰਜਾਬੀ ਪਰਿਵਾਰ ਦੁਬਈ ਵਿੱਚ ਫਸ ਗਏ ਹਨ। ਰੁਪਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਵਰਗੇ ਨਵ-ਵਿਆਹੇ ਜੋੜੇ ਉਦਾਸੀ ਅਤੇ ਡਰ ਦੇ ਮਾਹੌਲ ਵਿੱਚ ਹਨ। ਇਹ ਜੋੜਾ ਸਰਦੂਲਗੜ੍ਹ ਤੋਂ 27 ਫਰਵਰੀ ਨੂੰ ਹਨੀਮੂਨ ਲਈ ਦੁਬਈ ਗਿਆ ਸੀ ਅਤੇ ਵਾਪਸੀ 3 ਮਾਰਚ ਨੂੰ ਸੀ ਪਰ ਉਡਾਣਾਂ ਰੱਦ ਹੋਣ ਕਾਰਨ ਉਹ ਉੱਥੇ ਹੀ ਫਸ ਗਿਆ। ਦੋਹਾਂ ਨੇ ਦੱਸਿਆ ਕਿ ਜਦੋਂ ਉਹ ਮਿਜ਼ਾਈਲਾਂ ਦੀ ਆਵਾਜ਼ ਸੁਣਦੇ ਹਨ ਤਾਂ ਦਿਲ ਦਹਿਲ ਜਾਂਦਾ ਹੈ।
ਇਨ੍ਹਾਂ ਦੇ ਵਿਆਹ ਵਾਲੇ ਚਾਅ ਵੀ ਜੰਗ ਦੇ ਮਾਹੌਲ ਨੇ ਮਧੋਲ ਦਿੱਤੇ ਹਨ। ਗੁਰਪ੍ਰੀਤ ਦੇ ਪਿਤਾ ਗੁਰਜੰਟ ਸਿੰਘ ਨੇ ਕਿਹਾ ਕਿ ਬੱਚਿਆਂ ਦੇ ਵਿਦੇਸ਼ ’ਚ ਫਸਣ ਕਰਕੇ ਜਾਨ ਕੁੜਿੱਕੀ ’ਚ ਆ ਗਈ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਬੱਚਿਆਂ ਦੀ ਸੁਰੱਖਿਅਤ ਵਾਪਸੀ ਲਈ ਫ਼ੌਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਜਲੰਧਰ ਦਾ ਨਵਾਂ ਵਿਆਹਿਆ ਜੋੜਾ ਵੀ ਦੁਬਈ ’ਚ ਫਸਿਆ ਹੋਇਆ ਹੈ।
ਇਸੇ ਤਰ੍ਹਾਂ ਦੁਬਈ ਵਿੱਚ ਪੜ੍ਹਦਾ ਬਠਿੰਡਾ ਦੇ ਪਿੰਡ ਲਹਿਰਾ ਬੇਗਾ ਦਾ ਧਰਮ ਸਿੰਘ ਵੀ ਵਾਪਸ ਆਉਣ ਲਈ ਜੱਦੋਜਹਿਦ ਕਰ ਰਿਹਾ ਹੈ। ਧਰਮ ਸਿੰਘ ਨੇ ਦੱਸਿਆ ਕਿ ਉਸ ਨੇ 5 ਮਾਰਚ ਦੀ ਟਿਕਟ ਬੁੱਕ ਕੀਤੀ ਸੀ ਪਰ ਹੁਣ ਉਡਾਣਾਂ ਬੰਦ ਹੋ ਗਈਆਂ ਹਨ। ਉਸ ਦੇ ਮਾਪਿਆਂ ਨੇ ਕੇਂਦਰ ਸਰਕਾਰ ਕੋਲੋਂ ਮਦਦ ਮੰਗੀ ਹੈ। ਬਰਨਾਲਾ ਦਾ ਆਰੀਅੰਤ ਜੈਨ ਵੀ ਦੁਬਈ ’ਚ ਫਸਿਆ ਹੋਇਆ ਹੈ। ਉਸ ਨੇ ਓਮਾਨ ਰਸਤੇ ਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਸਫਲ ਰਿਹਾ। ਬਠਿੰਡਾ ਦੀ ਕਾਲਜ ਪ੍ਰਿੰਸੀਪਲ ਨੀਰੂ ਗਰਗ ਤੇ ਉਸ ਦਾ ਪਤੀ ਵੀ ਦੁਬਈ ਚੋਂ ਵਾਪਸ ਆਉਣ ਦੀ ਕਾਹਲ ’ਚ ਹਨ।
ਪਰਵਾਸੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਨੇ ਦੱਸਿਆ ਕਿ ਉਨ੍ਹਾਂ ਕੋਲ ਆਈਆਂ ਕਾਲਾਂ ਮੁਤਾਬਕ ਕਰੀਬ 60 ਪੰਜਾਬੀ ਪਰਿਵਾਰ ਦੁਬਈ ਵਿੱਚ ਫਸੇ ਹੋਏ ਹਨ, ਜਿਨ੍ਹਾਂ ’ਚ ਜ਼ਿਆਦਾਤਰ ਸੈਲਾਨੀ ਅਤੇ ਨਵ-ਵਿਆਹੁਤਾ ਜੋੜੇ ਹਨ।
ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਪਤਨੀ ਅਤੇ ਛੇ ਵਰ੍ਹਿਆਂ ਦੀ ਧੀ ਵੀ ਦੁਬਈ ’ਚ ਫਸ ਗਈਆਂ ਹਨ। ਉਸ ਨੇ ਸੋਸ਼ਲ ਮੀਡੀਆ ’ਤੇ ਇਹ ਸੂਚਨਾ ਸਾਂਝੀ ਕੀਤੀ ਹੈ। ਗਾਇਕ ਨੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਡਾ. ਰਵੀਜੋਤ ਨਾਲ ਗੱਲਬਾਤ ਕਰ ਕੇ ਮਦਦ ਦੀ ਮੰਗ ਕੀਤੀ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਅਦਾਕਾਰ ਤੇ ਗਾਇਕ ਐਮੀ ਵਿਰਕ ਨਾਲ ਫ਼ੋਨ ’ਤੇ ਸੰਪਰਕ ਕਰਕੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਵਿੱਚ ਫਸੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਬਾਰੇ ਪੁੱਛਿਆ। ਪੰਨੂ ਨੇ ਵਿਰਕ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ।