Canada : ਓਂਟਾਰੀਓ ’ਚ ਸੜਕ ਹਾਦਸਾ; ਮੁਹਾਲੀ ਦੇ ਨੌਜਵਾਨ ਦੀ ਮੌਤ
ਹਾਦਸੇ ਦੇ ਕਾਰਨ ਨਾ ਹੋਏ ਸਪਸ਼ਟ; ਪੁਲੀਸ ਨੇ ਸੀਸੀਟੀਵੀ ਕੈਮਰਿਆਂ ਜ਼ਰੀਏ ਜਾਂਚ ਆਰੰਭੀ
ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਹਾਈਵੇਅ 401 ’ਤੇ ਸੜਕ ਹਾਦਸੇ ਵਿੱਚ ਪੰਜਾਬ ਦੇ ਲਾਲੜੂ ਨਿਵਾਸੀ 22 ਸਾਲਾ ਵਿਦਿਆਰਥੀ ਅਰਮਾਨ ਚੌਹਾਨ ਦੀ ਮੌਤ ਹੋ ਗਈ। ਇਹ ਹਾਦਸਾ 5 ਜਨਵਰੀ ਨੂੰ ਕ੍ਰਾਮੇਹ ਟਾਊਨਸ਼ਿਪ ਨੇੜੇ ਉਸ ਵੇਲੇ ਵਾਪਰਿਆ ਜਦੋਂ ਅਰਮਾਨ ਆਪਣੇ ਦੋਸਤ ਨਾਲ ਮਾਂਟਰੀਅਲ ਤੋਂ ਟੋਰਾਂਟੋ ਜਾ ਰਿਹਾ ਸੀ ਪਰ ਪੁਲੀਸ ਅਨੁਸਾਰ ਅਰਮਾਨ ਪੈਦਲ ਸੀ ਪਰ ਇਹ ਸਪਸ਼ਟ ਨਹੀਂ ਹੋਇਆ ਕਿ ਅਰਮਾਨ ਹਾਦਸੇ ਵੇਲੇ ਪੈਦਲ ਕਿਵੇਂ ਜਾ ਰਿਹਾ ਸੀ। ਇਸ ਮਾਮਲੇ ਦੀ ਪੁਲੀਸ ਜਾਂਚ ਕਰ ਰਹੀ ਹੈ।
ਓਂਟਾਰੀਓ ਪ੍ਰੋਵਿੰਸ਼ੀਅਲ ਪੁਲੀਸ ਮੁਤਾਬਕ ਉਨ੍ਹਾਂ ਨੂੰ ਫੋਨ ’ਤੇ ਜਾਣਕਾਰੀ ਮਿਲੀ ਕਿ ਹਾਈਵੇਅ ਦੀ ਪੱਛਮੀ ਲੇਨ ’ਤੇ ਇਕ ਕਾਰ ਵਲੋਂ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰ ਦਿੱਤੀ ਗਈ ਹੈ। ਪੁਲੀਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਮੀਡੀਅਨ ਨੇੜੇ ਇੱਕ ਕਾਰ ਖੜ੍ਹੀ ਮਿਲੀ। ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਰਹੀ ਹੈ ਕਿ ਇਸ ਕਾਰ ਨੇ ਅਰਮਾਨ ਨੂੰ ਟੱਕਰ ਮਾਰੀ ਜਾਂ ਉਸ ਦੀ ਮੌਤ ਕਿਸੇ ਹੋਰ ਵਾਹਨ ਦੀ ਟੱਕਰ ਕਾਰਨ ਹੋਈ।
ਇਸ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਨੇ ਤੁਰੰਤ ਮਦਦ ਦੇ ਯਤਨ ਕੀਤੇ ਪਰ ਅਰਮਾਨ ਦੀ ਮੌਤ ਹੋ ਚੁੱਕੀ ਸੀ। ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
ਅਰਮਾਨ ਚੌਹਾਨ ਮੁਹਾਲੀ ਜ਼ਿਲ੍ਹੇ ਦੀ ਲਾਲੜੂ ਮੰਡੀ ਦਾ ਵਸਨੀਕ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਅਚਾਨਕ ਮੌਤ ਦੀ ਖਬਰ ਨਾਲ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਕ ਮੈਂਬਰਾਂ ਨੇ ਹਾਦਸੇ ਦੀ ਪੂਰੀ ਤੇ ਪਾਰਦਰਸ਼ੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ।
ਉਧਰ, ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਪਰਿਵਾਰ ਨੂੰ ਵਿੱਤੀ ਤੇ ਪ੍ਰਸ਼ਾਸਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਪੀਪੀ ਨੇ ਘਟਨਾ ਦੇ ਗਵਾਹਾਂ ਅਤੇ ਡੈਸ਼ਕੈਮ ਫੁਟੇਜ ਵਾਲਿਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਇਹ ਮਾਮਲਾ ਵਿਦੇਸ਼ਾਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ’ਤੇ ਫਿਰ ਗੰਭੀਰ ਸਵਾਲ ਖੜ੍ਹੇ ਕਰਦਾ ਹੈ।