Moga News : ਜਬਰ-ਜਨਾਹ ਮਾਮਲਾ: ਜਗਰਾਉਂ ਦੇ ਡੇਰਾ ਚਰਨ ਘਾਟ ਠਾਠ ਮੁਖੀ ਨੂੰ 10 ਸਾਲ ਕੈਦ
ਜ਼ਬਰ ਜਨਾਹ ਮਾਮਲੇ ‘ਚ ਜਗਰਾਉਂ ਦੇ ਡੇਰਾ ਚਰਨ ਘਾਟ ਠਾਠ ਮੁਖੀ ਬਲਜਿੰਦਰ ਸਿੰਘ ਨੂੰ 10 ਸਾਲ ਦੀ ਕੈਦ , 55 ਹਜ਼ਾਰ ਰੁਪਏ ਦਾ ਜ਼ੁਰਮਾਨਾ
ਇੱਥੋਂ ਦੇ ਵਧੀਕ ਤੇ ਸੈਸ਼ਨ ਜੱਜ ਬਿਸ਼ਨ ਸਰੂਪ ਦੀ ਅਦਾਲਤ ਨੇ ਜਗਰਾਉਂ ਦੇ ਡੇਰਾ ਚਰਨ ਘਾਟ ਠਾਠ ਮੁਖੀ ਬਲਜਿੰਦਰ ਸਿੰਘ ਨੂੰ ਜਬਰ-ਜਨਾਹ ਅਤੇ ਧਮਕਾਉਣ ਦਾ ਦੋਸ਼ੀ ਕਰਾਰ ਦਿੰਦੇ 10 ਸਾਲ ਕੈਦ ਤੇ 55 ਹਜ਼ਾਰ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ।
ਜਾਣਕਾਰੀ ਮੁਤਾਬਕ ਬਲਜਿੰਦਰ ਸਿੰਘ ਮੂਲ ਰੂਪ ਵਿਚ ਪਿੰਡ ਮਾਨਪੁਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ ਅਤੇ ਜਗਰਾਉਂ ਦੇ ਅਖਾੜਾ ਨਹਿਰ ਕਿਨਾਰੇ ਡੇਰਾ ਚਰਨ ਘਾਟ ਠਾਠ ਦਾ ਮੁਖੀ ਸੀ। ਇਥੇ ਥਾਣਾ ਮਹਿਣਾ ਪੁਲੀਸ ਨੇ ਬਲਜਿੰਦਰ ਸਿੰਘ ਖ਼ਿਲਾਫ 18 ਸਤੰਬਰ 2024 ਨੂੰ ਜਬਰ ਜਨਾਹ ਦੀ ਧਾਰਾ 376 ਆਈ ਪੀ ਸੀ ਅਤੇ ਧਮਕਾਉਣ ਦੀ ਧਾਰਾ 506 ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਸੀ। ਪੀੜਤ ਮੁਟਿਆਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਆਖਿਆ ਸੀ ਕਿ ਉਸ ਦਾ ਭਰਾ ਡੇਰੇ ਵਿੱਚ ਸੇਵਾ ਕਰਦਾ ਸੀ ਅਤੇ ਉਹ ਘਰ ਵਿੱਚ ਕਲੇਸ਼ ਕਰਨ ਲੱਗ ਪਿਆ।
ਡੇਰੇ ਪ੍ਰਤੀ ਪਰਿਵਾਰ ਦੀ ਸ਼ਰਧਾ ਤੇ ਭਰੋਸਾ ਹੋਣ ਕਾਰਨ ਉਨ੍ਹਾਂ ਇਹ ਮਾਮਲਾ ਬਲਜਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ। ਇਸ ਸਬੰਧੀ ਬਲਜਿੰਦਰ ਸਿੰਘ ਨੇ ਪੀੜਤ ਪਰਿਵਾਰ ਨੂੰ 6 ਮਈ ਨੂੰ ਡਰੋਲੀ ਭਾਈ ਵਿਖੇ ਇੱਕ ਇਤਿਹਾਸਕ ਗੁਰਦੁਆਰੇ ’ਚ ਅਰਦਾਸ ਕਰਨ ਲਈ ਕਿਹਾ। ਇਸ ਦੌਰਾਨ ਬਾਬਾ ਫਾਰਚੂਨਰ ਗੱਡੀ ਵਿੱਚ ਲੜਕੀ ਨੂੰ ਸਥਾਨਕ ਬੁੱਘੀਪੁਰਾ ਚੌਕ ਸਥਿਤ ਇੱਕ ਹੋਟਲ ’ਚ ਲੈ ਗਿਆ ਅਤੇ ਲੜਕੀ ਨਾਲ ਜਬਰ ਜਨਾਹ ਕੀਤਾ ਅਤੇ ਧਮਕੀ ਦਿੱਤੀ ਕਿ ਜੇ ਕਿਸੇ ਕੋਲ ਮੂੰਹ ਖੋਲ੍ਹਿਆ ਤਾਂ ਅਸ਼ਲੀਲ ਸਮੱਗਰੀ ਵਾਇਰਲ ਕਰ ਦਿੱਤੀ ਜਾਵੇਗੀ। ਇਸ ਸ਼ਿਕਾਇਤ ਦੀ ਜਾਂਚ ਦੌਰਾਨ ਹੋਟਲ ’ਚੋਂ ਬਾਬਾ ਅਤੇ ਲੜਕੀ ਦੇ ਠਹਿਰਨ ਦੇ ਸਬੂਤ ਮਿਲੇ ਸਨ।
ਇਥੇ ਕੇਸ ਦੀ ਸੁਣਵਾਈ ਦੌਰਾਨ ਸਥਾਨਕ ਵਧੀਕ ਸੈਸ਼ਨ ਜੱਜ ਬਿਸ਼ਨ ਸਰੂਪ ਦੀ ਅਦਾਲਤ ਵਿਚ ਸਰਕਾਰੀ ਅਤੇ ਬਚਾਅ ਪੱਖ ਦੇ ਵਕੀਲਾਂ ਨੇ ਆਪੋ ਆਪਣੀਆਂ ਦਲੀਲਾਂ ਦਿੱਤੀਆਂ। ਅਦਾਲਤ ਨੇ ਬਲਜਿੰਦਰ ਸਿੰਘ ਨੂੰ ਜਬਰ ਜਨਾਹ ਦੀ ਧਾਰਾ 376 ਆਈ ਪੀ ਸੀ ਦੋਸ਼ੀ ਕਰਾਰ ਦਿੰਦੇ 10 ਸਾਲ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ ਅਤੇ ਜੁਰਮਾਨਾ ਅਦਾ ਨਾ ਕਰਨ ਉੱਤੇ 6 ਮਹੀਨੇ ਵਾਧੂ ਕੈਦ ਅਤੇ ਧਮਕਾਉਣ ਦੀ ਧਾਰਾ 506 ਆਈ ਪੀ ਸੀ ਤਹਿਤ ਦੋਸ਼ੀ ਕਰਾਰ ਦਿੰਦੇ 2 ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨਾ ਅਤੇ ਜੁਰਮਾਨਾ ਅਦਾ ਨਾ ਕਰਨ ਉੱਤੇ 3 ਮਹੀਨੇ ਵਾਧੂ ਕੈਦ ਦਾ ਹੁਕਮ ਸੁਣਾਇਆ। ਦੋਵਾਂ ਧਾਰਾਵਾਂ ਤਹਿਤ ਸਜ਼ਾਵਾਂ ਇਕੱਠੀਆਂ ਹੀ ਚੱਲਣਗੀਆਂ।

Moga News : ਮੋਗਾ ਦੀ ਮਾਨਯੋਗ ਅਦਾਲਤ ਵੱਲੋਂ ਜਬਰ ਜਨਾਹ ਮਾਮਲੇ ਵਿੱਚ ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬਲਜਿੰਦਰ ਸਿੰਘ ਨੂੰ 10 ਸਾਲ ਦੀ ਕੈਦ ਅਤੇ 55 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। 18 ਸਤੰਬਰ 2024 ਨੂੰ ਆਰੋਪੀ ਬਲਜਿੰਦਰ ਸਿੰਘ ਦੇ ਖ਼ਿਲਾਫ਼ ਮੋਗਾ ਦੀ ਮੇਹਣਾ ਪੁਲਿਸ ਵਲੋਂ ਜਬਰ ਜਨਾਹ ਅਤੇ ਧਮਕਾਉਣ ਦੇ ਆਰੋਪਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾ ਵੀ ਬਾਬੇ ਖਿਲਾਫ਼ 2 ਸਤੰਬਰ 2024 ਨੂੰ ਇੱਕ ਹੋਰ ਮਹਿਲਾ ਵੱਲੋਂ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਏ ਜਾਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਜਬਰ ਜਨਾਹ ਮਾਮਲੇ ਵਿੱਚ ਗੁਰਦੁਆਰਾ ਠਾਠ ਚਰਨ ਘਾਟ ਦੇ ਮੁੱਖ ਸੇਵਾਦਾਰ ਬਾਬਾ ਬਲਜਿੰਦਰ ਸਿੰਘ ਨੂੰ 10 ਸਾਲ ਦੀ ਕੈਦ ਅਤੇ 55 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਮਿਲੀ ਜਾਣਕਾਰੀ ਅਨੁਸਾਰ 18 ਸਤੰਬਰ 2024 ਨੂੰ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ 25 ਸਾਲਾ ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਆਰੋਪ ਲਗਾਇਆ ਸੀ ਕਿ ਉਸ ਦਾ ਪਰਿਵਾਰ ਇੱਕ ਧਾਰਮਿਕ ਡੇਰੇ ਵਿੱਚ ਜਾਂਦਾ ਸੀ। ਉਸ ਦਾ ਭਰਾ ਨਸ਼ਿਆਂ ਦਾ ਆਦੀ ਸੀ। ਇਸ ਕਾਰਨ ਉਹ ਧਾਰਮਿਕ ਡੇਰੇ ਦੇ ਮੁੱਖ ਸੇਵਾਦਾਰ ਬਲਜਿੰਦਰ ਸਿੰਘ ਕੋਲ ਗਈ। ਉੱਥੇ ਉਸ ਨੇ ਆਪਣੇ ਭਰਾ ਦੀ ਹਾਲਤ ਬਾਰੇ ਦੱਸਿਆ। ਸੇਵਾਦਾਰ ਬਲਜਿੰਦਰ ਸਿੰਘ ਨੇ ਅਰਦਾਸ ਕਰਨ ਦੀ ਗੱਲ ਕਹੀ ਅਤੇ ਆਪਣੇ ਨਾਲ ਕਿਤੇ ਚੱਲਣ ਲਈ ਕਿਹਾ।
ਜਦੋਂ 6 ਮਈ 2024 ਨੂੰ ਬਲਜਿੰਦਰ ਸਿੰਘ ਆਪਣੇ ਇੱਕ ਹੋਰ ਸਾਥੀ ਨਾਲ ਉਸ ਨੂੰ ਗੱਡੀ ਵਿੱਚ ਬਿਠਾ ਕੇ ਮੋਗਾ ਵੱਲ ਲੈ ਆ ਰਿਹਾ ਅਤੇ ਰਸਤੇ ਵਿੱਚ ਬੁੱਗੀਪੁਰਾ ਚੌਕ ਤੋਂ ਪਹਿਲਾਂ ਇੱਕ ਹੋਟਲ ਕੋਲ ਸੇਵਾਦਾਰ ਨੇ ਕਿਹਾ ਕਿ ਪਹਿਲਾਂ ਕੁਝ ਖਾ ਲੈਂਦੇ ਹਾਂ ,ਬਾਅਦ ਵਿੱਚ ਅਰਦਾਸ ਕਰਾਂਗੇ। ਉਹ ਉਸ ਨੂੰ ਹੋਟਲ ਵਿੱਚ ਲੈ ਗਿਆ ਜਿੱਥੇ ਉਸ ਨੇ ਪਹਿਲਾਂ ਹੀ ਕਮਰਾ ਬੁੱਕ ਕਰਵਾ ਰੱਖਿਆ ਸੀ। ਕਮਰੇ ਵਿੱਚ ਜਾਣ ਤੋਂ ਬਾਅਦ ਉਸ ਨੇ ਆਪਣੇ ਸਾਥੀ ਨੂੰ ਬਾਹਰ ਭੇਜ ਦਿੱਤਾ ਅਤੇ ਅੰਦਰੋਂ ਕਮਰਾ ਬੰਦ ਕਰ ਕੇ ਉਸ ਨਾਲ ਗਲਤ ਹਰਕਤਾਂ ਕਰਨ ਲੱਗ ਪਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਬਲਜਿੰਦਰ ਸਿੰਘ ਨੇ ਉਸ ਨਾਲ ਮਾਰਕੁਟ ਕੀਤੀ ਅਤੇ ਕੱਪੜੇ ਉਤਾਰ ਕੇ ਵੀਡੀਓ ਬਣਾਈ। ਇਸ ਤੋਂ ਬਾਅਦ ਉਸ ਨਾਲ ਗਲਤ ਕੰਮ ਕੀਤਾ।
ਉਸ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਹਫ਼ਤੇ ਵਿੱਚ ਦੋ ਵਾਰ ਆਪਣੇ ਡੇਰੇ ਵਿੱਚ ਬੁਲਾ ਕੇ ਉੱਥੇ ਵੀ ਉਸ ਨਾਲ ਗਲਤ ਕੰਮ ਕਰਦਾ ਰਿਹਾ ਪਰ 2 ਸਤੰਬਰ 2024 ਨੂੰ ਬਲਜਿੰਦਰ ਸਿੰਘ ਦੇ ਖ਼ਿਲਾਫ਼ ਇੱਕ ਹੋਰ ਮਹਿਲਾ ਵੱਲੋਂ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਏ ਜਾਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਪੀੜਤ ਦੇ ਬਿਆਨ ਦਰਜ ਕਰਕੇ 18 ਸਤੰਬਰ 2024 ਨੂੰ ਦੋਸ਼ੀ ਬਲਜਿੰਦਰ ਸਿੰਘ ਦੇ ਖ਼ਿਲਾਫ਼ ਜਬਰ ਜਨਾਹ ਅਤੇ ਧਮਕਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ। ਸੋਮਵਾਰ ਨੂੰ ਅਦਾਲਤ ਨੇ ਕੇਸ ਦੀ ਸੁਣਵਾਈ ਦੌਰਾਨ ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬਲਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ।