Pilibhit ਪੀਲੀਭੀਤ ’ਚ ਨਸ਼ੇ ’ਚ ਬੇਟੇ ਨੇ ਮਾਂ ਨਾਲ ਪਿਤਾ ਦੀ ਕਬਰ ’ਤੇ ਕੀਤਾ ਜਬਰ-ਜ਼ਨਾਹ
ਪੀਲੀਭੀਤ- ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲੇ ਵਿਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਨੌਜਵਾਨ ਨਸ਼ੇ ਦੀ ਹਾਲਤ ਵਿਚ ਆਪਣੀ ਮਾਂ ਨੂੰ ਵਰਗਲਾ ਕੇ ਪਿੰਡ ਦੇ ਬਾਹਰ ਉਸਦੇ ਪਤੀ ਦੀ ਕਬਰ ’ਤੇ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ।

ਪੁਲਸ ਮੁਤਾਬਕ, ਨੌਜਵਾਨ ਆਪਣੀ ਮਾਂ ਨੂੰ ਇਹ ਕਹਿ ਕੇ ਖੇਤਾਂ ਵਿਚ ਲੈ ਗਿਆ ਕਿ ਪਿਤਾ ਦੀ ਕਬਰ ’ਤੇ ਦੀਵਾ ਜਗਾਉਣ ਨਾਲ ਘਰ ਦੀਆਂ ਪ੍ਰੇਸ਼ਾਨੀਆਂ ਦੂਰ ਹੋਣਗੀਆਂ। ਔਰਤ ਆਪਣੇ ਪੁੱਤਰ ਦੀਆਂ ਗੱਲਾਂ ’ਚ ਆ ਕੇ ਉਸਦੇ ਨਾਲ ਚਲੀ ਗਈ। ਦੋਸ਼ ਹੈ ਕਿ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੇ ਪਹਿਲਾਂ ਮਾਂ ਨੂੰ ਦੀਵਾ ਜਗਾਉਣ ਲਈ ਆਪਣੇ ਕੱਪੜੇ ਉਤਾਰਨ ਲਈ ਕਿਹਾ ਅਤੇ ਫਿਰ ਜਦੋਂ ਔਰਤ ਦੀਵਾ ਜਗਾ ਰਹੀ ਸੀ ਤਾਂ ਉਸ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।
ਪੀੜਤਾ ਕਿਸੇ ਤਰ੍ਹਾਂ ਘਰ ਪਹੁੰਚੀ ਅਤੇ ਆਪਣੀ ਬੇਟੀ ਨੂੰ ਪੂਰੀ ਘਟਨਾ ਬਾਰੇ ਦੱਸਿਆ। ਬੇਟੀ ਨੇ ਤੁਰੰਤ ਡਾਇਲ 112 ’ਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਰਾਤ ਨੂੰ ਹੀ ਔਰਤ ਦਾ ਮੈਡੀਕਲ ਕਰਵਾਇਆ ਅਤੇ ਬੇਟੇ ਵਿਰੁੱਧ ਜਬਰ-ਜ਼ਨਾਹ ਦਾ ਮੁਕੱਦਮਾ ਦਰਜ ਕੀਤਾ। ਸੀ. ਓ. ਪ੍ਰਗਤੀ ਚੌਹਾਨ ਤੇ ਬਰਖੇੜਾ ਇੰਸਪੈਕਟਰ ਪ੍ਰਮੇਂਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਫਿਲਹਾਲ ਫਰਾਰ ਹੈ। ਉਸਦੀ ਗ੍ਰਿਫਤਾਰੀ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦੀ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਜਾਏਗਾ।