U.S – ਅਮਰੀਕਾ ਗਏ 8 ਭੈਣਾਂ ਦੇ ਇਕਲੌਤੇ ਭਰਾ ਦਾ ਕਤਲ, ਵਾਰਦਾਤ ਮਗਰੋਂ ਮੁਲਜ਼ਮ ਨੇ ਖੁਦ ਨੂੰ ਵੀ ਮਾਰੀ ਗੋਲੀ
ਕਰਨਾਲ ਦੇ ਨੌਜਵਾਨ ਦੀ ਅਮਰੀਕਾ ਵਿਚ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਪ੍ਰਦੀਪ ਵਜੋਂ ਹੋਈ ਹੈ ਤੇ ਉਹ 8 ਭੈਣਾਂ ਦਾ ਇਕਲੌਤੇ ਭਰਾ ਸੀ, ਜਿਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਵਾਰਦਾਤ ਮਗਰੋਂ ਗੋਲੀ ਮਾਰਨ ਵਾਲੇ ਵਿਅਕਤੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਅਮਰੀਕਾ ਵਿਚ ਗੋਲੀ ਮਾਰ ਕੇ ਕਤਲ ਕਰਨ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਫੁਟੇਜ ਵਿਚ ਪੂਰਾ ਮਾਮਲਾ ਦਿਖ ਰਿਹਾ ਹੈ। ਮੁਲਜ਼ਮ ਪਹਿਲਾਂ ਡਿਪਾਰਟਮੈਂਟਲ ਸਟੋਰ ਵਿਚ ਆਉਂਦਾ ਹੈ। ਇਧਰ-ਉਧਰ ਘੁੰਮਦਾ ਹੈ ਤੇ ਫਿਲ ਤੇਜ਼ੀ ਨਾਲ ਪਿਸਤੌਲ ਲੋਡ ਕਰਕੇ ਬਿਲਿੰਗ ਕਾਊਂਟਰ ‘ਤੇ ਖੜ੍ਹੇ ਪ੍ਰਦੀਪ ਨੂੰ ਗਨ ਪੁਆਇੰਟ ‘ਤੇ ਲੈਂਦਾ ਹੈ ਤੇ ਇਸ ਤੋਂ ਪਹਿਲਾਂ ਕਿ ਪ੍ਰਦੀਪ ਸੰਭਲ ਪਾਉਂਦਾ, ਮੁਲਜ਼ਮ ਫਾਇਰ ਕਰ ਦਿੰਦਾ ਹੈ। ਫਿਰ ਮੁਲਜ਼ਮ ਖੁਦ ਨੂੰ ਗੋਲੀ ਮਾਰ ਲੈਂਦਾ ਹੈ। ਇਸ ਦੇ ਬਾਅਦ ਸਟੋਰ ਵਿਚ ਹਫੜਾ ਦਫੜੀ ਮਚ ਜਾਂਦੀ ਹੈ।

ਪਰਿਵਾਰ ਮੁਤਾਬਕ ਗੋਲੀ ਮਾਰਨ ਵਾਲਾ ਨੌਜਵਾਨ ਰਿਟਾਇਰਡ ਫੌਜੀ ਹੈ। ਹਾਲਾਂਕਿ ਅਜੇ ਉਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪ੍ਰਦੀਪ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ ਪਰ ਉਸ ਦਾ ਕੋਈ ਬੱਚਾ ਨਹੀਂ ਸੀ। ਪਰਿਵਾਰ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਪ੍ਰਦੀਪ ਦੀ ਮ੍ਰਿਤਕ ਦੇਹ ਨੂੰ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਪਿੰਡ ਵਿਚ ਹੀ ਅੰਤਿਮ ਸਸਕਾਰ ਕੀਤਾ ਜਾ ਸਕੇ।
ਪ੍ਰਦੀਪ ਦੇ ਕਤਲ ਦੀ ਖਬਰ ਪਰਿਵਾਰ ਨੂੰ ਅਮਰੀਕਾ ਵਿਚ ਰਹਿਣ ਵਾਲੇ ਪ੍ਰਦੀਪ ਦੇ ਦੋਸਤਾਂ ਤੋਂ ਮਿਲੀ। ਪਰਿਵਾਰ ਮੁਤਾਬਕ 17 ਅਕਤੂਬਰ ਦੀ ਰਾਤ ਪ੍ਰਦੀਪ ਦੇ ਇਕ ਸਾਥੀ ਨੇ ਫੋਨ ਕਰਕੇ ਦੱਸਿਆ ਕਿ ਇਕ ਰਿਟਾਇਰਡ ਫੌਜੀ ਸਟੋਰ ਵਿਚ ਆਇਆ ਤੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ। ਪ੍ਰਦੀਪ ਦੀ ਗੋਲੀ ਮਾਰਨ ਦੇ ਬਾਅਦ ਮੁਲਜ਼ਮ ਨੇ ਖੁਦ ਨੂੰ ਗੋਲੀ ਮਾਰ ਲਈ। ਫਾਇਰਿੰਗ ਦੀ ਵਜ੍ਹਾ ਅਜੇ ਸਪਸ਼ਟ ਨਹੀਂ ਹੋ ਸਕੀ ਹੈ।
ਪਰਿਵਾਰ ਮੁਤਾਬਕ ਪ੍ਰਦੀਪ ਲਗਭਗ ਡੇਢ ਸਾਲ ਪਹਿਲਾਂ ਡੰਕੀ ਰੂਟ ਤੋਂ ਅਮਰੀਕਾ ਗਿਆ ਸੀ। ਉਸ ਨੂੰ ਉਥੇ ਤੱਕ ਪਹੁੰਚਣ ਵਿਚ 8 ਮਹੀਨੇ ਦਾ ਸਮਾਂ ਲੱਗਾ। ਉਹ ਡਿਪਾਰਟਮੈਂਟਲ ਸਟੋਰ ਵਿਚ ਨੌਕਰੀ ਕਰ ਰਿਹਾ ਸੀ। ਉਸ ਨੇ ਕੁਝ ਦਿਨ ਪਹਿਲਾਂ ਹੀ ਪਰਿਵਾਰ ਨਾਲ ਗੱਲ ਕਰਕੇ ਦੱਸਿਆ ਸੀ ਕਿ ਉਸ ਨੂੰ ਕੰਮ ਮਿਲ ਗਿਆ ਹੈ ਤੇ ਹੁਣ ਉਹ ਹੌਲੀ-ਹੌਲੀ 42 ਲੱਖ ਦਾ ਕਰਜ਼ਾ ਚੁਕਾ ਦੇਵੇਗਾ। ਪ੍ਰਦੀਪ ਦੇ ਪਿਤਾ ਦੀ ਪਹਿਲਾਂ ਦੀ ਮੌਤ ਹੋ ਚੁੱਕੀ ਸੀ ਤੇ ਘਰ ਦੀ ਪੂਰੀ ਜ਼ਿੰਮੇਵਾਰੀ ਉਸ ‘ਤੇ ਹੀ ਸੀ।