Breaking News

India’s Forex reserves dropped by $8.4 billion to $644.39 billion for last week ⁓ RBI

India’s Forex reserves dropped by $8.4 billion to $644.39 billion for last week ⁓ RBI

ਵਿਦੇਸ਼ੀ ਮੁਦਰਾ ਭੰਡਾਰ 8.48 ਅਰਬ ਡਾਲਰ ਘਟ ਕੇ 644.39 ਅਰਬ ਡਾਲਰ ਰਹਿ ਗਿਆ

Mumbai News : ਰੁਪਏ ਦੀ ਘਟਦੀ ਕੀਮਤ ਨੇ ਪਾਇਆ ਯੋਗਦਾਨ
Mumbai News in Punjabi : ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 20 ਦਸੰਬਰ ਨੂੰ ਖਤਮ ਹਫਤੇ ’ਚ 8.48 ਅਰਬ ਡਾਲਰ ਘੱਟ ਕੇ 644.39 ਅਰਬ ਡਾਲਰ ਰਹਿ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਇਸ ਤੋਂ ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ 1.99 ਅਰਬ ਡਾਲਰ ਘੱਟ ਕੇ 652.87 ਅਰਬ ਡਾਲਰ ਰਹਿ ਗਿਆ ਸੀ।

ਪਿਛਲੇ ਕੁੱਝ ਹਫਤਿਆਂ ਤੋਂ ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਆ ਰਹੀ ਹੈ। ਇਸ ਗਿਰਾਵਟ ਦਾ ਕਾਰਨ ਰੁਪਏ ’ਚ ਅਸਥਿਰਤਾ ਦੇ ਨਾਲ-ਨਾਲ ਮੁਲਾਂਕਣ ਨੂੰ ਘੱਟ ਕਰਨ ਲਈ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਆਰ.ਬੀ.ਆਈ. ਦਾ ਦਖਲ ਮੰਨਿਆ ਜਾ ਰਿਹਾ ਹੈ। ਸਤੰਬਰ ਦੇ ਅੰਤ ’ਚ ਵਿਦੇਸ਼ੀ ਮੁਦਰਾ ਭੰਡਾਰ 704.88 ਅਰਬ ਡਾਲਰ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ।

ਅਮਰੀਕੀ ਡਾਲਰ ਦੇ ਮਜ਼ਬੂਤ ਹੋਣ ਨਾਲ ਰੁਪਿਆ ਸ਼ੁਕਰਵਾਰ ਨੂੰ 23 ਪੈਸੇ ਦੀ ਗਿਰਾਵਟ ਨਾਲ 85.50 ਦੇ ਰੀਕਾਰਡ ਹੇਠਲੇ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ 85.80 ਦੇ ਹੇਠਲੇ ਪੱਧਰ ’ਤੇ ਡਿੱਗਣ ਤੋਂ ਬਾਅਦ ਰੁਪਏ ਨੇ ਰਿਜ਼ਰਵ ਬੈਂਕ ਦੇ ਦਖਲ ਨਾਲ ਕੁੱਝ ਘਾਟੇ ਦੀ ਭਰਪਾਈ ਕੀਤੀ। ਵਿਸ਼ਲੇਸ਼ਕਾਂ ਨੇ ਕਿਹਾ ਕਿ ਬੈਂਕਾਂ ਅਤੇ ਆਯਾਤਕਾਂ ਵਲੋਂ ਮਹੀਨੇ ਦੇ ਅੰਤ ’ਚ ਡਾਲਰ ਦੀ ਮੰਗ ਨੇ ਰੁਪਏ ’ਤੇ ਦਬਾਅ ਪਾਇਆ। ਇਸ ਤੋਂ ਇਲਾਵਾ ਡਾਲਰ ਦੇ ਮਜ਼ਬੂਤ ਰੁਝਾਨ ਨੇ ਵੀ ਇਸ ਦੀ ਕੀਮਤ ਨੂੰ ਹੇਠਾਂ ਲਿਆਉਣ ਦਾ ਕੰਮ ਕੀਤਾ।

ਵਿਸ਼ਲੇਸ਼ਕਾਂ ਮੁਤਾਬਕ ਰਿਜ਼ਰਵ ਬੈਂਕ ਦੇ ਥੋੜ੍ਹੀ ਮਿਆਦ ਦੇ ਫਿਊਚਰਜ਼ ਕੰਟਰੈਕਟ ’ਚ ਡਾਲਰ ਦੇ ਭੁਗਤਾਨ ’ਤੇ ਰੋਕ ਲਗਾਉਣ ਦੇ ਫੈਸਲੇ ਨਾਲ ਡਾਲਰ ਦੀ ਕਮੀ ਵਧ ਗਈ ਹੈ। ਇਹ ਇਸ ਲਈ ਹੈ ਕਿਉਂਕਿ ਆਯਾਤਕ ਮਹੀਨੇ ਦੇ ਅੰਤ ’ਚ ਅਪਣੀਆਂ ਭੁਗਤਾਨ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਕਾਹਲੀ ’ਚ ਹੁੰਦੇ ਹਨ। ਇਸ ਤੋਂ ਇਲਾਵਾ ਵਿਦੇਸ਼ੀ ਫੰਡਾਂ ਦੀ ਨਿਰੰਤਰ ਨਿਕਾਸੀ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਵੀ ਰੁਪਏ ਨੂੰ ਪ੍ਰਭਾਵਤ ਕੀਤਾ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ 53 ਪੈਸੇ ਦੀ ਗਿਰਾਵਟ ਨਾਲ 85.31 ਦੇ ਪੱਧਰ ’ਤੇ ਖੁੱਲ੍ਹਿਆ ਸੀ।