Gurwinder Case -ਸੁਖਣਵਾਲਾ ਦੇ ਗੁਰਵਿੰਦਰ ਕਤਲ ਕਾਂਡ ਵਿਚ ਡੀ. ਆਈ. ਜੀ. ਦਾ ਸਨਸਨੀਖੇਜ਼ ਖ਼ੁਲਾਸਾ
ਫਰੀਦਕੋਟ ਦੇ ਪਿੰਡ ਸੁਖਣਵਾਲਾ ਵਿਖੇ ਹੋਏ ਨੌਜਵਾਨ ਗੁਰਵਿੰਦਰ ਸਿੰਘ ਦੇ ਕਤਲ ਕਾਂਡ ਵਿਚ ਡੀਆਈਜੀ ਫਰੀਦਕੋਟ ਰੇਂਜ ਨਿਲੰਬਰੀ ਜਗਾਦਲੇ ਨੇ ਵੱਡੇ ਖ਼ੁਲਾਸੇ ਕੀਤੇ ਹਨ। ਡੀਆਈਜੀ ਨੇ ਦੱਸਿਆ ਕਿ ਇਸ ਕ਼ਤਲ ਦੀ ਵਾਰਦਾਤ ਨੂੰ ਬਹੁਤ ਹੀ ਸੋਚੀ ਸਮਝੀ ਸਜ਼ਿਸ਼ ਤਹਿਤ ਅੰਜਾਮ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਾਂਚ ਦੌਰਾਨ ਕਈ ਅਹਿਮ ਸਬੂਤ ਮਿਲੇ ਜਿਸ ਤੋਂ ਪਤਾ ਲੱਗਾ ਕਿ ਹਰਕੰਵਲ ਪ੍ਰੀਤ ਅਤੇ ਰੁਪਿੰਦਰ ਦਰਮਿਆਨ ਪ੍ਰੇਮ ਸਬੰਧ ਸਨ, ਜਿਨ੍ਹਾਂ ਦੀ ਕੋਸ਼ਿਸ਼ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਦੀ ਸੀ ਅਤੇ ਉਨ੍ਹਾਂ ਦੀ ਨਜ਼ਰ ਗੁਰਵਿੰਦਰ ਦੀ ਜਾਇਦਾਦ ‘ਤੇ ਵੀ ਸੀ ਜਿਸ ਦੇ ਚੱਲਦੇ ਉਨ੍ਹਾਂ ਨੇ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਲਈ ਉਸਦੇ ਕ਼ਤਲ ਦੀ ਸਾਜ਼ਿਸ਼ ਘੜੀ ਕਿਉਂਕਿ ਰੁਪਿੰਦਰ ਨੂੰ ਯਕੀਨ ਸੀ ਕਿ ਗੁਰਵਿੰਦਰ ਉਸਨੂੰ ਤਲਾਕ ਨਹੀਂ ਦੇਵੇਗਾ ਅਤੇ ਉਹ ਇਕ ਨਹੀਂ ਹੋ ਸਕਣਗੇ।
ਕਤਲ ਸਮੇਂ ਗੁਰਵਿੰਦਰ ਨਾਲ ਉਨ੍ਹਾਂ ਦੀ ਹੱਥੋਪਾਈ ਵੀ ਹੋਈ ਜਿਸ ਦੌਰਾਨ ਗੁਰਵਿੰਦਰ ਨੂੰ ਸੱਟਾਂ ਵੀ ਲੱਗੀਆਂ ਜੋ ਪੋਸਟ ਮਾਰਟਮ ਦੀ ਰਿਪੋਰਟ ‘ਚ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਰਿਪੋਰਟ ਮੁਤਾਬਕ ਉਸਦੀ ਮੌਤ ਸਾਹ ਘੁੱਟਣ ਨਾਲ ਹੋਈ ਪਰ ਵਿਸਰੇ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਕਤਲ ਤੋਂ ਪਹਿਲਾਂ ਨਸ਼ਾ ਜਾਂ ਜ਼ਹਿਰ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਜਦੋਂ ਗੁਰਵਿੰਦਰ ਦਾ ਕਤਲ ਹੋਇਆ, ਉਸ ਸਮੇਂ ਉਸ ਦੇ ਤਨ ਤੇ ਕੱਪੜੇ ਕਿਉਂ ਨਹੀਂ ਸਨ ਇਸ ਸਬੰਧੀ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਜਾਂਚ ਦੌਰਾਨ ਘਰ ‘ਚੋਂ ਗਾਇਬ ਸੋਨਾ, ਗੁਰਵਿੰਦਰ ਦੇ ਕੱਪੜੇ ਅਤੇ ਕਤਲ ਮੌਕੇ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਕਤਲ ਤੋਂ ਬਾਅਦ ਰੁਪਿੰਦਰ ਦੇ ਪ੍ਰੇਮੀ ਅਤੇ ਉਸਦੇ ਸਾਥੀ ਦਾ ਚੰਡੀਗੜ੍ਹ ਜਾਣਾ ਅਤੇ ਫਿਰ ਉਥੋਂ ਮੁੰਬਈ ਜਾਣਾ ਉਨ੍ਹਾਂ ਦੀ ਸਾਜ਼ਿਸ਼ ਦਾ ਹੀ ਹਿੱਸਾ ਸੀ।
ਉਨ੍ਹਾਂ ਵੱਡੀ ਗੱਲ ਤੋਂ ਪਰਦਾ ਚੁੱਕਦੇ ਕਿਹਾ ਕਿ ਰੁਪਿੰਦਰ ਖੁਦ ਕ੍ਰਾਇਮੋਲੋਜੀ ਦੀ ਪੜ੍ਹਾਈ ਕਰ ਚੁੱਕੀ ਹੈ ਜਿਸ ਕਾਰਨ ਉਸਦੇ ਸ਼ਾਤਰ ਦਿਮਾਗ ‘ਚ ਅਜਿਹੀ ਸਾਜ਼ਿਸ਼ ਉਪਜੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਬਹੁਤ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਜਿਸ ਨੂੰ ਇੰਨੀ ਜਲਦੀ ਮੁਕੰਮਲ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਗੁਰਵਿੰਦਰ ਦਾ ਪਰਿਵਾਰ ਜਿਸ ਕਿਸੇ ਗੱਲ ਦਾ ਵੀ ਸ਼ੱਕ ਜ਼ਾਹਰ ਕਰਦਾ ਹੈ ਉਸਦੀ ਜਾਂਚ ਕਰਕੇ ਸੱਚਾਈ ਜਾਨਣ ਦੀ ਕੋਸ਼ਿਸ ਕੀਤੀ ਜਾਵੇਗੀ ਅਤੇ ਜਾਂਚ ਦੌਰਾਨ ਜੇ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਉਸਨੂੰ ਵੀ ਇਸ ਨਾਮਜ਼ਦ ਕੀਤਾ ਜਾਵੇਗਾ।