Bathinda News : ਬਠਿੰਡਾ ਦੇ ਜੀਵਨ ਸਿੰਘ ਵਾਲਾ ਨੇੜੇ ਵਾਪਰਿਆ ਹਾਦਸਾ
Bathinda News Punjabi : ਬਠਿੰਡਾ ’ਚ ਵੱਡਾ ਹਾਦਸਾ ਵਾਪਰਿਆ ਹੈ। ਬਠਿੰਡਾ ਦੇ ਜੀਵਨ ਸਿੰਘ ਵਾਲਾ ਨੇੜੇ ਸਵਾਰੀਆਂ ਨਾਲ ਭਰੀ ਬੱਸ ਗੰਦੇ ਨਾਲੇ ’ਚ ਡਿੱਗੀ ਗਈ ਹੈ। ਹਾਦਸਾ ’ਚ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਇਹ ਬੱਸ ਨਿੱਜੀ ਕੰਪਨੀ ਦੀ ਦੱਸੀ ਜਾ ਰਹੀ ਹੈ ਜੋ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਨਾਲੇ ਵਿਚ ਡਿੱਗ ਗਈ ਹੈ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਸਵਾਰੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ। ਹਾਦਸਾ ਪੁਲ ’ਤੇ ਰੇਲਿੰਗ ਨਾ ਹੋਣ ਕਾਰਨ ਵਾਪਰਿਆ ਹੈ।
ਬਠਿੰਡਾ, 27 ਦਸੰਬਰ
ਸਰਦੂਲਗੜ੍ਹ ਤੋਂ ਬਠਿੰਡਾ ਜਾ ਰਹੀ ਨਿਊ ਗੁਰੂ ਕਾਸ਼ੀ ਸਰਵਿਸ ਦੀ ਪ੍ਰਾਈਵੇਟ ਬੱਸ ਸ਼ੁੱਕਰਵਾਰ ਦੁਪਹਿਰ 2:20 ਵਜੇ ਦੇ ਕਰੀਬ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਅਤੇ ਕੋਟਸ਼ਮੀਰ ਦੇ ਵਿਚਕਾਰ ਗੰਦੇ ਨਾਲੇ (ਲਸਾੜਾ ਡਰੇਨ) ਵਿੱਚ ਪਲਟ ਗਈ, ਜਿਸ ਕਾਰਨ 8 ਸਵਾਰੀਆਂ ਦੀ ਜਾਨ ਜਾਂਦੀ ਰਹੀ।
ਗ਼ੌਰਤਬਲ ਹੈ ਉਕਤ ਨਿੱਜੀ ਕੰਪਨੀ ਦੀ ਬੱਸ (ਪੀਬੀ 11ਡੀਬੀ 6631) ਸਰਦੂਲਗੜ੍ਹ ਤੋਂ ਤਲਵੰਡੀ ਰਾਹੀਂ ਬਠਿੰਡਾ ਵੱਲ ਰਵਾਨਾ ਹੋਈ ਸੀ ਅਤੇ ਇਸ ਵਿੱਚ 45 ਤੋਂ 50 ਸਵਾਰੀਆਂ ਸਨ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪ੍ਰਸ਼ਾਸਨ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਣ ਲਈ ਰਾਹਤ ਅਪਰੇਸ਼ਨ ਚਲਾਇਆ। ਡਰੇਨ ਵਿੱਚ ਜੰਗਲੀ ਬੂਟੀ ਹੋਣ ਕਾਰਨ ਬੱਸ ਨੂੰ ਕੱਢਣ ਵਿੱਚ ਮੁਸ਼ਕਲਾਂ ਆਈਆਂ, ਜਿਸ ਲਈ ਕਰੇਨਾਂ ਦੀ ਮਦਦ ਲਈ ਗਈ।
ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਫ਼ੌਰੀ ਬਠਿੰਡਾ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ, ਜਿਸ ਲਈ ਬਠਿੰਡਾ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਮਦਦ ਕੀਤੀ ਗਈ। ਇਸ ਦੌਰਾਨ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਪਰੇ, ਐਸਐਸਪੀ ਮੈਡਮ ਅਵਨੀਤ ਕੋਂਡਲ ਅਤੇ ਤਲਵੰਡੀ ਸਾਬੋ ਦੇ ਐਸਡੀਐਮ ਸਮੇਤ ਹੋਰ ਅਧਿਕਾਰੀ ਘਟਨਾ ਸਥਾਨ ‘ਤੇ ਪੁੱਜ ਗਏ।
ਬਾਅਦ ਵਿਚ ਐਸਐਸਪੀ ਮੈਡਮ ਕੋਂਡਲ ਨੇ ਅੱਠ ਸਵਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਜਦੋਂ ਕਿ ਹੋਰ ਕਈ ਜ਼ਖ਼ਮੀ ਹਸਪਤਾਲਾਂ ਵਿਚ ਜ਼ੇਰੇ-ਇਲਾਜ ਹਨ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੀ ਸ਼ਨਾਖ਼ਤ ਦਾ ਪਤਾ ਨਹੀਂ ਲੱਗ ਸਕਿਆ ਸੀ ਅਤੇ ਇਸ ਸਬੰਧੀ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।