Breaking News

Canada – ਕੈਨੇਡੀਅਨ ਅਧਿਕਾਰੀਆਂ ਨੇ ਨਵੇਂ ਭਾਰਤੀ ਰਾਜਦੂਤ ਦੇ ਦਾਅਵੇ ਨਕਾਰੇ

Canada – ਕੈਨੇਡੀਅਨ ਅਧਿਕਾਰੀਆਂ ਨੇ ਨਵੇਂ ਭਾਰਤੀ ਰਾਜਦੂਤ ਦੇ ਦਾਅਵੇ ਨਕਾਰੇ

ਕੈਨੇਡੀਅਨ ਸਿਆਸਤਦਾਨ ਬਨਾਮ ਕੈਨੇਡੀਅਨ ਸੁਰੱਖਿਆ ਏਜੰਸੀਆਂ ਦੀ ਭਾਰਤ ਬਾਰੇ ਪਹੁੰਚ

 

ਕੈਨੇਡਾ ਦੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਖੁਫੀਆ ਏਜੰਸੀ ਸੀਸਸ ਦੇ ਸਾਬਕਾ ਡਾਇਰੈਕਟਰ ਰਿਚਰਡ ਫੈਡਨ ਨੇ ਭਾਰਤੀ ਪ੍ਰਾਪੇਗੰਡੇ ਨੂੰ ਨਕਾਰਦਿਆਂ ਸਪੱਸ਼ਟ ਕੀਤਾ ਹੈ ਕਿ ਜਦੋਂ ਭਾਰਤ ਕੈਨੇਡਾ ਨਾਲ ਕੈਨੇਡਾ ਦੀ ਧਰਤੀ ’ਤੇ ਸਿੱਖ ਵੱਖਵਾਦੀ ਕਾਰਵਾਈਆਂ ਬਾਰੇ ਚਿੰਤਾਵਾਂ ਜ਼ਾਹਰ ਕਰਦਾ ਸੀ, ਤਾਂ ਉਹ ਸਿਰਫ ਜ਼ਬਾਨੀ-ਕਲਾਮੀ ਸਨ, ਭਾਰਤ ਨੇ ਕਦੇ ਵੀ ਕੋਈ ਸਬੂਤ ਨਹੀਂ ਦਿੱਤਾ।
ਰਿਚਰਡ ਫੈਡਨ ਨੇ ਇਹ ਟਿੱਪਣੀਆਂ ਸੀਟੀਵੀ ਦੇ “ਪਾਵਰ ਪਲੇਅ” ਪ੍ਰੋਗਰਾਮ ਵਿਖੇ ਵੈਸੀ ਕਾਪੇਲੋਸ ਨਾਲ ਹੋਈ ਗੱਲਬਾਤ ਦੌਰਾਨ ਕੀਤੀਆਂ, ਜਿੱਥੇ ਪੈਨਲ ਵਿੱਚ ਉਸ ਨਾਲ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਡੀ ਥਾਮਸ ਅਤੇ ਵਿਨਸੈਂਟ ਰਿਗਬੀ ਵੀ ਮੌਜੂਦ ਸਨ।

 

 

 

ਫੈਡਨ ਨੇ ਕਿਹਾ ਕਿ ਜਦੋਂ ਉਹ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਨ, ਤਾਂ ਭਾਰਤੀ ਅਧਿਕਾਰੀ ਕੈਨੇਡਾ ਵਿੱਚ ਸਿੱਖ ਵੱਖਵਾਦ ਬਾਰੇ ਹਮੇਸ਼ਾ ਚਿੰਤਾ ਜ਼ਾਹਰ ਕਰਦੇ ਰਹਿੰਦੇ ਸਨ ਪਰ ਉਹ ਸਾਨੂੰ ਕਦੇ ਕੋਈ ਸਬੂਤ ਨਹੀਂ ਸਨ ਦਿੰਦੇ। ਅਸੀਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਕਿ ਤੁਸੀਂ ਸਾਨੂੰ ਸਿਰਫ ਦੱਸ ਦਿਓ, ਇਹ ਕਾਫ਼ੀ ਨਹੀਂ, ਜੋ ਤੁਸੀਂ ਕਹਿ ਰਹੇ ਹੋ, ਉਸਦੇ ਸਬੂਤ ਚਾਹੀਦੇ ਹਨ। ਅਸੀਂ ਆਪਣੇ ਕਾਨੂੰਨ ਦੀ ਪਾਲਣਾ ਕਰਦੇ ਹਾਂ ਤੇ ਸਾਡੇ ਆਪਣੇ ਤਰੀਕੇ ਹਨ।

 

 

 

 

 

ਫੈਡਨ, 2009 ਤੋਂ 2013 ਤੱਕ ਸੀਐਸਆਈਐਸ ਦੇ ਡਾਇਰੈਕਟਰ ਅਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸਟੀਫਨ ਹਾਰਪਰ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਹੇ ਹਨ।
ਭਾਰਤ ਅਤੇ ਕੈਨੇਡਾ ਵਿਚਕਾਰ ਸੰਬੰਧ 2023 ਤੋਂ ਤਣਾਓਪੂਰਨ ਹਨ, ਜਦੋਂ ਟਰੂਡੋ ਨੇ ਕਿਹਾ ਸੀ ਕਿ ਭਾਰਤੀ ਸਰਕਾਰ ਦੇ ਏਜੰਟਾਂ ਦੇ ਕੈਨੇਡੀਅਨ ਸਿੱਖ ਨੇਤਾ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿਚ ਸ਼ਾਮਲ ਹੋਣ ਦੇ “ਭਰੋਸੇਯੋਗ ਦੋਸ਼” ਹਨ।

 

 

 

 

 

ਇਕ ਸਾਲ ਬਾਅਦ, ਆਰਸੀਐਮਪੀ ਅਤੇ ਕੈਨੇਡਾ ਸਰਕਾਰ ਨੇ ਕੈਨੇਡਾ ਵਿੱਚ ਭਾਰਤੀ ਕੂਟਨੀਤਕ ਅਧਿਕਾਰੀਆਂ ’ਤੇ ਗੰਭੀਰ ਅਪਰਾਧਕ ਗਤੀਵਿਧੀਆਂ, ਜਿਨ੍ਹਾਂ ਵਿੱਚ ਕਤਲ ਅਤੇ ਧਮਕੀਆਂ ਸ਼ਾਮਲ ਹਨ, ਨਾਲ ਜੁੜੀਆਂ ਗੁਪਤ ਕਾਰਵਾਈਆਂ ਕਰਨ ਦੇ ਦੋਸ਼ ਲਗਾਏ ਸਨ ਤੇ ਕਈ ਭਾਰਤੀ ਅਧਿਕਾਰੀ ਕੈਨੇਡਾ ‘ਚੋਂ ਬਾਹਰ ਕੱਢ ਦਿੱਤੇ ਸਨ।

 

 

 

 

 

 

ਲੰਘੇ ਐਤਵਾਰ ਇਸੇ ਚੈਨਲ ਨਾਲ ਆਪਣੇ ਇੰਟਰਵਿਊ ਵਿਚ ਨਵੇਂ ਭਾਰਤੀ ਰਾਜਦੂਤ ਦਿਨੇਸ਼ ਪਟਨਾਇਕ ਨੇ ਕਿਹਾ ਸੀ ਕਿ ਨਿੱਜਰ ਮਾਮਲੇ ‘ਚ ਕੈਨੇਡਾ ਨੇ ਅਜੇ ਤੱਕ ਉਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ।

 

 

 

 

 

ਜਦੋਂ ਪ੍ਰੋਗਰਾਮ ਦੀ ਮੇਜ਼ਬਾਨ ਵੈਸੀ ਕਾਪੇਲੋਸ ਨੇ ਉਸਨੂੰ ਸਿੱਧਾ ਕਿਹਾ ਕਿ ਕੈਨੇਡਾ ਵੱਲੋਂ ਭਾਰਤ ਨੂੰ ਸਬੂਤ ਤਾਂ ਦਿੱਤੇ ਜਾ ਚੁੱਕੇ ਹਨ ਤਾਂ ਪਟਨਾਇਕ ਨੇ ਉਨ੍ਹਾਂ ਸਬੂਤਾਂ ਨੂੰ “ਢੁਕਵੇਂ ਸਬੂਤ ਨਹੀਂ” ਕਹਿ ਦਿੱਤਾ। ਇਸ ਤਰਾਂ ਉਹ ਮੰਨ ਗਏ ਕਿ ਕੈਨੇਡਾ ਨੇ ਸਬੂਤ ਦੇ ਦਿੱਤੇ ਹਨ ਪਰ ਉਹ ਸਬੂਤਾਂ ਨੂੰ ਮੰਨਣ ਤੋਂ ਇਨਕਾਰੀ ਹਨ।

 

 

 

 

 

ਤਾਜ਼ਾ ਪੈਨਲ ਚਰਚਾ ‘ਚ ਜਦੋਂ ਹੋਸਟ ਕਾਪੇਲੋਸ ਨੇ ਸਾਬਕਾ ਸੁਰੱਖਿਆ ਸਲਾਹਕਾਰ ਜੋਡੀ ਥਾਮਸ ਤੋਂ ਪੁੱਛਿਆ ਕਿ ਉਹ ਪਟਨਾਇਕ ਦੇ ਬਿਆਨ ਨੂੰ ਕਿਵੇਂ ਵੇਖਦੀ ਹੈ, ਤਾਂ ਜੋਡੀ ਥਾਮਸ ਨੇ ਕਿਹਾ ਕਿ ਪਟਨਾਇਕ “ਆਪਣਾ ਕੰਮ ਕਰ ਰਿਹਾ ਹੈ,” ਪਰ ਇਹ “ਅਸਲੀਅਤ ਨਾਲ ਮੇਲ ਨਹੀਂ ਖਾਂਦਾ।”

 

 

 

 

ਥਾਮਸ — ਜੋ 2022 ਤੋਂ 2024 ਤੱਕ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਹੀ ਅਤੇ ਇਸ ਦੌਰਾਨ ਭਾਰਤ ਦਾ ਦੌਰਾ ਵੀ ਕੀਤਾ, ਅਜੀਤ ਡੋਵਾਲ ਨੂੰ ਵੀ ਮਿਲੀ— ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਕਾਰ “ਲੋਕਤੰਤਰ ਵਿੱਚ ਅਧਿਕਾਰਾਂ ਦੀ ਸਮਝ ਬਾਰੇ ਬਹੁਤ ਵੱਖਰੀ ਸੋਚ ਹੈ।”

 

 

 

 

ਉਸਨੇ ਕਿਹਾ ਕਿ ਮੈਨੂੰ ਮੇਰੇ ਭਾਰਤੀ ਹਮਰੁਤਬਾ ਅਧਿਕਾਰੀ (ਡੋਵਾਲ) ਨੂੰ ਸਮਝਾਉਣਾ ਪਿਆ ਕਿ ਹਾਂ, ਤੁਹਾਨੂੰ ਉੱਥੇ ਵੱਖਵਾਦੀ ਅੰਦੋਲਨ ਪਸੰਦ ਨਹੀਂ, ਪਰ ਇੱਥੇ ਕੈਨੇਡਾ ਵਿੱਚ ਤਾਂ ਸਾਡੀ ਸੰਸਦ ਵਿਚ ਇੱਕ ਵੱਖਵਾਦੀ ਪਾਰਟੀ (ਬਲੌਕ ਕਿਊਬੈਕਵਾ) ਬੈਠੀ ਹੈ। ਸਾਡੇ ਦੇਸ਼ ਵਿੱਚ ਬੋਲਣ ਦੀ ਆਜ਼ਾਦੀ ਹੈ। ਸਿੱਖ ਵੱਖਵਾਦੀ ਕੈਨੇਡਾ ਵਿੱਚ ਪ੍ਰਦਰਸ਼ਨ ਕਰਨ ਦਾ ਹੱਕ ਰੱਖਦੇ ਹਨ, ਅਤੇ ਇਸਦਾ ਭਾਰਤ ’ਤੇ ਕੋਈ ਅਸਰ ਨਹੀਂ ਪੈਂਦਾ।

 

 

 

 

 

 

ਥਾਮਸ ਨੇ ਕਿਹਾ ਕਿ ਆਪਣੀ ਫੇਰੀ ਦੌਰਾਨ ਉਸਨੂੰ ਵੀ ਭਾਰਤੀ ਅਧਿਕਾਰੀਆਂ ਤੋਂ ਸਬੂਤ ਪ੍ਰਾਪਤ ਕਰਨ ਵਿੱਚ ਮੁਸ਼ਕਲ ਹੋਈ।

 

 

 

 

ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਿਨਸੈਂਟ ਰਿਗਬੀ, ਜੋ 2020 ਤੋਂ 2021 ਤੱਕ ਇਸ ਅਹੁਦੇ ’ਤੇ ਰਹੇ, ਨੇ ਕਿਹਾ ਕਿ ਉਨ੍ਹਾਂ ਨੂੰ ਵੀ ਇਹੋ ਜਿਹਾ ਹੀ ਤਜਰਬਾ ਹੋਇਆ।

 

 

 

 

 

ਰਿਗਬੀ ਨੇ ਕਿਹਾ ਮੈਨੂੰ ਵੀ ਭਾਰਤੀ ਅੰਬੈਸੀ ਤੋਂ ਸ਼ਿਕਾਇਤਾਂ ਵਾਸਤੇ ਫੋਨ ਆਉਂਦੇ ਸਨ ਜਿਵੇਂ ਤੁਹਾਨੂੰ ਆਉਂਦੇ ਸਨ — ਹੁਣੇ ਹੀ ਕੁਝ ਲੋਕ ਭਾਰਤੀ ਹਾਈ ਕਮਿਸ਼ਨ ਜਾਂ ਵੈਨਕੂਵਰ ਦੇ ਕੌਂਸਲੇਟ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ, ਤੁਸੀਂ ਇਸ ਬਾਰੇ ਕੀ ਕਰਨ ਜਾ ਰਹੇ ਹੋ? ਅਤੇ ਸਾਨੂੰ ਕਹਿਣਾ ਪੈਂਦਾ ਸੀ ਕਿ ਕੈਨੇਡਾ ਵਿੱਚ, ਲੋਕ ਇਹ ਕਰ ਸਕਦੇ ਹਨ।

 

 

 

 

 

ਆਪਣੇ ਪੈਨਲ ਵਿਚ ਤਿੰਨੇ ਸਾਬਕਾ ਸਲਾਹਕਾਰਾਂ ਨੇ ਕੈਨੇਡਾ ਅਤੇ ਭਾਰਤ ਵਿਚਕਾਰ ਸੰਬੰਧਾਂ ਨੂੰ ਦੁਬਾਰਾ ਸਥਾਪਿਤ ਕਰਨ ਦੇ ਯਤਨਾਂ ’ਤੇ ਵੀ ਚਰਚਾ ਕੀਤੀ, ਅਤੇ ਸਭ ਨੇ ਸਹਿਮਤੀ ਜਤਾਈ ਕਿ ਇਹ ਇਕ “ਨਾਜ਼ੁਕ ਪ੍ਰਕਿਰਿਆ” ਹੋਵੇਗੀ।

 

 

 

 

 

 

ਤਿੰਨਾਂ ਨੇ ਕੈਨੇਡਾ ਦੀ ਵਿਸ਼ਵ ਪੱਧਰ ’ਤੇ ਭੂਮਿਕਾ ’ਤੇ ਵੀ ਗੱਲ ਕੀਤੀ, ਖਾਸ ਕਰਕੇ ਇਸ ਗੱਲ ’ਤੇ ਕਿ ਕੈਨੇਡਾ ਉਨ੍ਹਾਂ ਦੇਸ਼ਾਂ ਨਾਲ ਆਪਣੇ ਸੰਬੰਧ ਕਿਵੇਂ ਦੁਬਾਰਾ ਬਣਾ ਸਕਦਾ ਹੈ, ਜਿਨ੍ਹਾਂ ਨਾਲ ਕੁਝ ਖੇਤਰਾਂ ਵਿੱਚ ਵਿਰੋਧ ਹੈ ਪਰ ਕੁਝ ਹੋਰ ਖੇਤਰਾਂ ਵਿੱਚ ਸਾਂਝੇ ਹਿੱਤ ਹਨ।

 

 

 

ਇਸ ਪੈਨਲ ਚਰਚਾ ਤੇ ਹੋਰ ਖ਼ਬਰਾਂ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਬੇਸ਼ੱਕ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਵਿਦੇਸ਼ ਮੰਤਰੀ ਅਨੀਤਾ ਅਨੰਦ ਭਾਰਤ ਨਾਲ ਵਪਾਰ ਖੋਲ੍ਹਣ ਲਈ ਉਤਾਵਲੇ ਹਨ ਪਰ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ, ਪੁਲਿਸ ਤੰਤਰ ਅਤੇ ਮੁੱਖਧਾਰਾਈ ਮੀਡੀਆ ਸਿਆਸਤਦਾਨਾਂ ਤੋਂ ਵੱਖਰਾ ਸੋਚਦਾ ਤੇ ਦੇਖ ਰਿਹਾ ਹੈ। ਇਸੇ ਕਰਕੇ ਉਹ ਅਸਲ ਤੱਥ ਲੋਕਾਂ ਅੱਗੇ ਲਿਆ ਰਹੇ ਹਨ ਤਾਂ ਕਿ ਸਿਆਸਤਦਾਨ ਵਪਾਰਕ ਹਿਤਾਂ ਲਈ ਕੈਨੇਡਾ ਦੀ ਜਨਤਕ ਸੁਰੱਖਿਆ ਦਾਅ ‘ਤੇ ਨਾ ਲਾ ਸਕਣ।

 

 

 

 

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

 

 

 

 

-ਪਾਬੰਦੀ ਦੇ ਬਾਵਜੂਦ ਕੈਨੇਡਾ ‘ਚ ਦੀਵਾਲੀ ਮੌਕੇ ਪਟਾਕੇ ਚੱਲਦੇ ਰਹੇ
-ਪੌਲੀਏਵ ਵਲੋਂ ‘ਬੰਦੀਛੋੜ ਦਿਵਸ’ ਦੀਆਂ ਵਧਾਈਆਂ ਦੇਣ ਤੋਂ ਸੰਘੀ ਔਖੇ
-ਕੈਨੇਡੀਅਨ ਅਧਿਕਾਰੀਆਂ ਨੇ ਨਵੇਂ ਭਾਰਤੀ ਰਾਜਦੂਤ ਦੇ ਦਾਅਵੇ ਨਕਾਰੇ
-ਮਾਰਕ ਕਾਰਨੀ ਨੂੰ ਹਫਤੇ ਤੱਕ ਅਮਰੀਕਾ ਨਾਲ ਟੈਰਿਫ ਸਮਝੌਤਾ ਹੋਣ ਦੀ ਆਸ
-ਪੁੱਤ ਦੀ ਮੌਤ ਬਾਰੇ ਮੁਸਤਫਾ ਤੇ ਪਤਨੀ ਖਿਲਾਫ ਪਰਚਾ ਦਰਜ

Check Also

Bhagwant Mann Viral Video

Bhagwant Mann Viral Video ਕੀ ਕਨੇਡਾ ਨਿਵਾਸੀ ਜਗਮਨ ਸਮਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ …