Breaking News

DIG Bhullar –ਫੜੇ ਗਏ ਡੀਆਈਜੀ ਭੁੱਲਰ ਦੇ ਸਾਥੀ ਬਚਾ ਰਹੀ ਹੈ ਸੀਬੀਆਈ

DIG Bhullar –ਫੜੇ ਗਏ ਡੀਆਈਜੀ ਭੁੱਲਰ ਦੇ ਸਾਥੀ ਬਚਾ ਰਹੀ ਹੈ ਸੀਬੀਆਈ

ਗ੍ਰਿਫ਼ਤਾਰ DIG ਹਰਚਰਨ ਸਿੰਘ ਭੁੱਲਰ ਕੋਲੋਂ 7.5 ਕਰੋੜ ਨਕਦੀ, 50 ਜਾਇਦਾਦਾਂ ਦੇ ਕਾਗਜ਼ ਤੇ ਹੋਰ ਕਈ ਕੁਝ ਬਰਾਮਦ ਹੋਣ ਦੇ ਬਾਵਜੂਦ, ਸੀਬੀਆਈ ਵੱਲੋਂ ਉਸਦਾ ਪੁੱਛਗਿੱਛ ਲਈ ਰਿਮਾਂਡ ਨਾ ਲੈਣਾ ਹੈਰਾਨੀਜਨਕ ਹੈ।
ਇਹ ਕਦੇ ਹੋ ਨਹੀਂ ਸਕਦਾ ਕਿ ਡੀਆਈਜੀ ਪੱਧਰ ਦੇ ਅਧਿਕਾਰੀ ਦਾ ਨੰਗਾ ਚਿੱਟਾ ਭ੍ਰਿਸ਼ਟਾਚਾਰ ਸਰਕਾਰੀ ਜਾਣਕਾਰੀ ਜਾਂ ਮਰਜ਼ੀ ਦੇ ਬਗੈਰ ਹੋਵੇ। ਬਣਦਾ ਤਾਂ ਇਹ ਸੀ ਕਿ ਪਤਾ ਕੀਤਾ ਜਾਂਦਾ ਕਿ ਉਸ ਵੱਲੋਂ ਇਕੱਠੇ ਕੀਤੇ ਜਾਂਦੇ ਪੈਸੇ ਵਿਚੋਂ ਹਿੱਸਾ ਪੱਤੀ ਉੱਪਰ ਕਿਸ ਨੂੰ ਜਾਂਦਾ ਸੀ ਪਰ ਸੀਬੀਆਈ ਨੇ ਹਿਰਾਸਤੀ ਪੁੱਛਗਿੱਛ ਲਈ ਰਿਮਾਂਡ ਤੱਕ ਨਹੀਂ ਲਿਆ ਤੇ ਸਿੱਧਾ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ।
ਜਦਕਿ ਵਿਰੋਧੀ ਧਿਰਾਂ ਦੇ ਆਗੂਆਂ ਖ਼ਿਲਾਫ਼ ਸੀਬੀਆਈ ਸਮੇਤ ਹੋਰ ਕੇਂਦਰੀ ਏਜੰਸੀਆਂ ਝੂਠੇ ਕੇਸ ਬਣਾਉਣ ਤੱਕ ਜਾਂਦੀਆਂ ਨੇ ਤੇ ਕੇਂਦਰ ਦੇ ਹੱਥ ਵਿਚ ਰਾਜਨੀਤਕ ਮਕਸਦਾਂ ਲਈ ਵੱਡਾ ਹਥਿਆਰ ਨੇ ਪਰ ਇਸ ਮੌਕੇ ਏਡੇ ਪੱਧਰ ਦੇ ਭ੍ਰਿਸ਼ਟਾਚਾਰ ਦੇ ਕੇਸ ਨੂੰ ਅੱਗੇ ਨਾ ਲਿਜਾਣਾ ਵੱਡੇ ਸਵਾਲ ਪੈਦਾ ਕਰਦਾ ਹੈ।
ਆਖਰ ਭ੍ਰਿਸ਼ਟ ਰੈਪੂਟੇਸ਼ਨ ਵਾਲੇ ਭੁੱਲਰ ਨੂੰ ਲਗਾਤਾਰ ਪਬਲਿਕ ਡੀਲਿੰਗ ਵਾਲੀ ਪੋਸਟ ਸਿਆਸੀ ਆਕਾਵਾਂ ਤੇ ਪੁਲਿਸ ਦੇ ਸਿਖਰਲੇ ਅਧਿਕਾਰੀਆਂ ਦੀ ਮਰਜ਼ੀ ਨਾਲ ਹੀ ਦਿੱਤੀ ਗਈ।
ਭੁੱਲਰ ਦੇ ਭ੍ਰਿਸ਼ਟਾਚਾਰ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਪੰਜਾਬ ਦੇ ਰਾਜਪਾਲ ਨੇ ਵੀ ਸਵਾਲ ਚੁੱਕੇ ਨੇ।
ਜੇ ਉਸ ਕੋਲੋਂ ਵਾਕਿਆ ਹੀ ਸਖ਼ਤੀ ਨਾਲ ਪੁੱਛਗਿੱਛ ਹੁੰਦੀ ਤਾਂ ਪੰਜਾਬ ਵਿਚ ਸੱਤਾਧਾਰੀ ਧਿਰ ਅਤੇ ਮੁੱਖ ਮੰਤਰੀ ਲਈ ਬਹੁਤ ਵੱਡਾ ਮਸਲਾ ਖੜ੍ਹਾ ਹੋਣਾ ਸੀ। ਇਸਤੋਂ ਇਲਾਵਾ ਸਿਖਰਲੇ ਪੁਲਿਸ ਅਧਿਕਾਰੀਆਂ ਲਈ ਵੀ ਵੱਡੇ ਸੁਆਲ ਖੜੇ ਹੁੰਦੇ।
ਕੀ ਇਹ ਫਿਲਹਾਲ ਕੰਦਰੀ ਤੰਤਰ ਨੇ ਰੋਕ ਲਿਆ ਹੈ?
ਕੋਈ ਵੱਡਾ ਸਿਆਸੀ ਸੌਦਾ ਵੀ ਹੋਇਆ ਹੋ ਸਕਦਾ ਹੈ?
ਜਾਂ ਕੇਂਦਰ ਨੇ ਤਲਵਾਰ ਲਟਕਦੀ ਰੱਖ ਲਈ ਹੈ?
ਵਿਧਾਨ ਸਭਾ ਚੋਣਾਂ ਦੇ ਲਾਗੇ ਜਾ ਕੇ ਕੁਝ ਹੋਵੇਗਾ?
#Unpopular_Opinions

ਸੀ ਬੀ ਆਈ ਨੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ (ਹੁਣ ਮੁਅੱਤਲੀ ਅਧੀਨ) ਖ਼ਿਲਾਫ਼ ਸਰੋਤਾਂ ਤੋਂ ਵੱਧ ਆਮਦਨੀ ਦੇ ਕੇਸ ਦੀ ਤਿਆਰੀ ਵਿੱਢ ਲਈ ਹੈ। ਡੀ ਆਈ ਜੀ ਭੁੱਲਰ ਅਤੇ ਦਲਾਲ ਕ੍ਰਿਸ਼ਨੂ ਸ਼ਾਰਦਾ ਇਸ ਵੇਲੇ ਬੁੜੈਲ ਜੇਲ੍ਹ ’ਚ ਬੰਦ ਹਨ। ਸੀ ਬੀ ਆਈ ਨੇ ਭੁੱਲਰ ਦੀ ਰਿਹਾਇਸ਼ ਤੋਂ 7.5 ਕਰੋੜ ਦੀ ਨਕਦੀ, ਢਾਈ ਕਿੱਲੋ ਸੋਨਾ, 24 ਲਗਜ਼ਰੀ ਘੜੀਆਂ ਤੋਂ ਇਲਾਵਾ 50 ਦੇ ਕਰੀਬ ਸੰਪਤੀਆਂ ਦੇ ਦਸਤਾਵੇਜ਼ ਹਾਸਲ ਕੀਤੇ ਹਨ ਜਿਨ੍ਹਾਂ ’ਚ ਕਈ ਬੇਨਾਮੀ ਸੰਪਤੀਆਂ ਦੇ ਵੀ ਕਾਗ਼ਜ਼ ਹਨ। ਭੁੱਲਰ ਦੀ ਰਿਹਾਇਸ਼ ਆਦਿ ਤੋਂ ਸ਼ਰਾਬ ਮਿਲਣ ਦੇ ਮਾਮਲੇ ’ਚ ਆਬਕਾਰੀ ਐਕਟ ਤਹਿਤ ਵੱਖਰਾ ਮੁਕੱਦਮਾ ਦਰਜ ਕਰਾਇਆ ਗਿਆ ਹੈ।

ਸੂਤਰਾਂ ਅਨੁਸਾਰ ਸੀ ਬੀ ਆਈ ਤਰਫ਼ੋਂ ਹੁਣ ਭੁੱਲਰ ਦੇ ਘਰੋਂ ਮਿਲੀ ਨਕਦੀ ਅਤੇ ਸੰਪਤੀ ਦੀ ਛਾਣਬੀਣ ਕੀਤੀ ਜਾਵੇਗੀ ਅਤੇ ਉਸ ਦੀ ਕੁੱਲ ਆਮਦਨੀ ਅਤੇ ਖ਼ਰਚੇ ਦਾ ਮਿਲਾਣ ਕੀਤਾ ਜਾਵੇਗਾ। ਉਸ ਮਗਰੋਂ 2009 ਬੈਚ ਦੇ ਆਈ ਪੀ ਐੱਸ ਅਧਿਕਾਰੀ ਖ਼ਿਲਾਫ਼ ਸਰੋਤਾਂ ਤੋਂ ਵੱਧ ਆਮਦਨ ਦੇ ਨਵੇਂ ਕੇਸ ਦਾ ਮੁੱਢ ਬੱਝ ਸਕਦਾ ਹੈ। ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਕੇਂਦਰ ਸਰਕਾਰ ਕੋਲ ਪਹਿਲੀ ਜਨਵਰੀ, 2025 ਤੱਕ ਦੀ ਪ੍ਰਾਪਰਟੀ ਰਿਟਰਨ ਭਰੀ ਸੀ। ਉਸ ਮੁਤਾਬਕ ਭੁੱਲਰ ਪਰਿਵਾਰ ਕੋਲ ਅੱਠ ਸੰਪਤੀਆਂ ਹਨ ਜਿਨ੍ਹਾਂ ਦਾ ਖ਼ੁਲਾਸਾ ਖ਼ੁਦ ਡੀ ਆਈ ਜੀ ਨੇ ਕੀਤਾ ਹੈ।

ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਪ੍ਰਤੀ ਮਹੀਨਾ ਮੌਜੂਦਾ ਬੇਸਿਕ ਤਨਖ਼ਾਹ 2,16,600 ਰੁਪਏ ਹੈ ਜੋ 58 ਫ਼ੀਸਦੀ ਡੀ ਏ ਨਾਲ 3.20 ਲੱਖ ਦੇ ਕਰੀਬ ਪ੍ਰਤੀ ਮਹੀਨਾ ਬਣ ਜਾਂਦੀ ਹੈ। ਤਨਖ਼ਾਹ ’ਚੋਂ ਕਰੀਬ 30 ਫ਼ੀਸਦੀ ਹਿੱਸਾ ਆਮਦਨ ਕਰ ’ਚ ਚਲਾ ਜਾਂਦਾ ਹੈ। ਆਮਦਨ ਕਰ ਦੇਣ ਮਗਰੋਂ ਸਾਲਾਨਾ ਤਨਖ਼ਾਹ ਕਰੀਬ 27 ਲੱਖ ਰੁਪਏ ਬਣਦੀ ਹੈ। ਡੀ ਆਈ ਜੀ ਨੇ ਬਾਕੀ ਸਰੋਤਾਂ ਤੋਂ ਸਾਲਾਨਾ ਆਮਦਨ 11.44 ਲੱਖ ਰੁਪਏ ਹੋਣ ਦੀ ਜਾਣਕਾਰੀ ਨਸ਼ਰ ਕੀਤੀ ਹੈ। ਇਸ ਤਰੀਕੇ ਨਾਲ ਕੁੱਲ ਆਮਦਨ ਕਰੀਬ 38.44 ਲੱਖ ਰੁਪਏ ਸਾਲਾਨਾ ਬਣਦੀ ਹੈ।

ਉਧਰ ਸੀ ਬੀ ਆਈ ਨੇ ਭੁੱਲਰ ਦੀ ਰਿਹਾਇਸ਼ ਆਦਿ ਤੋਂ 7.50 ਕਰੋੜ ਦੀ ਨਕਦੀ ਫੜੀ ਹੈ। ਪ੍ਰਾਪਰਟੀ ਰਿਟਰਨ ਅਨੁਸਾਰ ਭੁੱਲਰ ਕੋਲ ਜਲੰਧਰ ਦੇ ਕੋਟ ਕਲਾਂ ’ਚ ਛੇ ਕਨਾਲ ਦਾ ਫਾਰਮ ਹਾਊਸ ਹੈ ਜਿਸ ਦੀ ਉਨ੍ਹਾਂ ਬਾਜ਼ਾਰੀ ਕੀਮਤ ਦੋ ਕਰੋੜ ਰੁਪਏ ਦੱਸੀ ਹੈ। ਇਹ ਸੰਪਤੀ ਉਨ੍ਹਾਂ ਨੂੰ ਆਪਣੇ ਪਿਤਾ ਮਹਿਲ ਸਿੰਘ ਭੁੱਲਰ ਤੋਂ 6 ਅਗਸਤ, 1993 ’ਚ ਵਿਰਾਸਤ ’ਚ ਮਿਲੀ। ਚੰਡੀਗੜ੍ਹ ਦੇ ਸੈਕਟਰ-39 ਬੀ ’ਚ ਸਾਲ 1999 ’ਚ ਖ਼ਰੀਦੇ ਗਏ ਫਲੈਟ ਦੀ ਮੌਜੂਦਾ ਕੀਮਤ ਕਰੀਬ ਡੇਢ ਕਰੋੜ ਰੁਪਏ ਹੈ ਅਤੇ ਇਹ ਫਲੈਟ ਪਰਿਵਾਰ ਨੇ 1999 ’ਚ ਛੇ ਲੱਖ ਰੁਪਏ ’ਚ ਖ਼ਰੀਦਿਆ ਸੀ। ਲੁਧਿਆਣਾ ਦੇ ਪਿੰਡ ਇਯਾਲੀ ਖ਼ੁਰਦ ਵਿਚਲੀ 3 ਕਨਾਲ 18 ਮਰਲੇ ਜ਼ਮੀਨ ਦੀ ਕੀਮਤ 2.10 ਕਰੋੜ ਰੁਪਏ ਹੈ ਜੋ ਭੁੱਲਰ ਪਰਿਵਾਰ ਨੇ 2005 ’ਚ 7.35 ਲੱਖ ਰੁਪਏ ’ਚ ਖ਼ਰੀਦੀ ਸੀ।

ਮੁਹਾਲੀ ਦੇ ਸੈਕਟਰ-90 ’ਚ ਚੰਡੀਗੜ੍ਹ ਓਵਰਸੀਜ਼ ਕੋਆਪਰੇਟਿਵ ਸੁਸਾਇਟੀ ’ਚ ਸਾਲ 2005 ’ਚ 20 ਲੱਖ ਰੁਪਏ ਦਾ ਫਲੈਟ ਖ਼ਰੀਦਿਆ ਗਿਆ ਜਿਸ ਦੀ ਬਾਜ਼ਾਰੀ ਕੀਮਤ ਨਹੀਂ ਦੱਸੀ ਗਈ ਹੈ। ਇਸ ਫਲੈਟ ਦਾ ਹਾਲੇ ਕਬਜ਼ਾ ਨਹੀਂ ਮਿਲਿਆ ਹੈ ਕਿਉਂਕਿ ਕੇਸ ਜ਼ਿਲ੍ਹਾ ਖਪਤਕਾਰ ਫੋਰਮ ਚੰਡੀਗੜ੍ਹ ’ਚ ਬਕਾਇਆ ਹੈ।

ਰਿਟਰਨ ਅਨੁਸਾਰ ਭੁੱਲਰ ਪਰਿਵਾਰ ਦੀ ਚੰਡੀਗੜ੍ਹ ਦੇ ਸੈਕਟਰ-40 ਬੀ ਵਿਚਲੀ 528 ਗਜ਼ ਦੀ ਕੋਠੀ ਦੀ ਮੌਜੂਦਾ ਕੀਮਤ ਪੰਜ ਕਰੋੜ ਰੁਪਏ ਦੱਸੀ ਗਈ ਹੈ ਜੋ ਸਾਲ 2008 ’ਚ 1.32 ਕਰੋੜ ’ਚ ਖ਼ਰੀਦੀ ਗਈ ਸੀ। ਇਸੇ ਤਰ੍ਹਾਂ ਕਪੂਰਥਲਾ ਦੇ ਪਿੰਡ ਖਾਜੁਰਾਲਾ ’ਚ ਪੰਜ ਕਨਾਲ ਜ਼ਮੀਨ ਤਬਾਦਲੇ ’ਚ 2014 ’ਚ ਮਿਲੀ ਜਿਸ ਦੀ ਮੌਜੂਦਾ ਕੀਮਤ 60 ਲੱਖ ਰੁਪਏ ਦੱਸੀ ਗਈ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੰਡ ਸ਼ੇਰੀਆਂ ’ਚ ਕਰੀਬ 15 ਏਕੜ ਜ਼ਮੀਨ (ਤਬਾਦਲੇ ਰਾਹੀਂ) ਦੀ ਮੌਜੂਦਾ ਕੀਮਤ 3 ਕਰੋੜ ਰੁਪਏ ਦੱਸੀ ਗਈ ਹੈ। ਭੁੱਲਰ ਪਰਿਵਾਰ ਨੇ ਸਾਲ 2023 ’ਚ ਨਿਊ ਚੰਡੀਗੜ੍ਹ ’ਚ ਓਮੈਕਸ ਡਿਵੈਲਪਰ ਤੋਂ 1041.87 ਗਜ਼ ਦਾ ਪਲਾਟ ਕਰੀਬ 1.60 ਕਰੋੜ ’ਚ ਖ਼ਰੀਦਿਆ ਹੈ। ਰਿਟਰਨ ’ਚ ਭੁੱਲਰ ਨੇ ਸਭ ਸੰਪਤੀਆਂ ਤੋਂ ਸਾਲਾਨਾ ਆਮਦਨ 11.44 ਲੱਖ ਰੁਪਏ ਦੱਸੀ ਹੈ। ਇਹ ਸਿਰਫ਼ ਅਚੱਲ ਸੰਪਤੀ ਹੈ। ਸੀ ਬੀ ਆਈ ਵੱਲੋਂ ਬਰਾਮਦ ਕੀਤੇ ਢਾਈ ਕਿੱਲੋ ਸੋਨੇ, ਘੜੀਆਂ, ਗੱਡੀਆਂ ਆਦਿ ਦੀ ਕੀਮਤ ਇਸ ਤੋਂ ਵੱਖਰੀ ਹੈ।

ਪੰਜਾਬ ਪੁਲਿਸ ਭ੍ਰਿਸ਼ਟ ਨਹੀਂ
ਸਾਬਕਾ ਡੀਜੀਪੀ ਵਿਰਕ ਅਤੇ ਸਾਬਕਾ ਡੀਜੀਪੀ ਸੈਣੀ ‘ਚ ਇੱਟ ਕੁੱਤੇ ਦਾ ਵੈਰ ਸੀ। ਸੰਨ 2009 ‘ਚ ਸੈਣੀ ਦੇ ਵਿਜੀਲੈਂਸ ਮੁੱਖੀ ਹੁੰਦਿਆਂ ਤਾਂ ਵਿਰਕ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ।
ਪਰ ਦੋਵਾਂ ਨੇ ਇਕ ਬਹੁਤ ਹੀ ਭ੍ਰਿਸ਼ਟ ਪੁਲਿਸ ਅਫਸਰ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ।
ਕਾਂਗਰਸ ਦੀ ਸਰਕਾਰ ਦੌਰਾਨ 2004 ਵਿੱਚ, ਅਮ੍ਰਿਤਸਰ ਵਿੱਚ ਇੱਕ ਪਰਿਵਾਰ ਨੇ ਸਮੂਹਿਕ ਖੁਦ*ਕੁਸ਼ੀ ਕਰ ਲਈ ਸੀ ਅਤੇ ਨੋਟ ਵਿੱਚ ਤਤਕਾਲੀ ਐਸਐਸਪੀ ਕੁਲਤਾਰ ਸਿੰਘ ਦਾ ਨਾਮ ਲਿਖਿਆ ਸੀ। ਖੁਦ*ਕੁਸ਼ੀ ਵੀ ਇਸੇ ਕਰਕੇ ਕੀਤੀ ਗਈ ਸੀ ਕਿਉਂਕਿ ਕੁਲਤਾਰ ਸਿੰਘ ਪੀੜਤ ਪਰਿਵਾਰ ਤੋੰ ਇਕ ਕ*ਤਲ ਦਾ ਮਸਲਾ ਸੁਲਝਾਉਣ ਲਈ ਪੰਜ ਲੱਖ ਲੈ ਚੁੱਕਾ ਸੀ ਤੇ ਸੱਤ ਲੱਖ ਹੋਰ ਮੰਗ ਰਿਹਾ ਸੀ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਸਮੇਂ ਦੇ ਡੀਜੀਪੀ ਏ ਏ ਸਿਦਦੀਕੀ ਨੇ ਉਦੋਂ ਦੇ ਮੁੱਖ ਸਕੱਤਰ ਪੰਜਾਬ ਐਸ ਕੇ ਸਿਨਹਾ ਨੂੰ ਚਿੱਠੀ ਲਿਖ ਕੇ ਕੁਲਤਾਰ ਸਿੰਘ ‘ਤੇ ਭ੍ਰਿਸ਼ਟਾਚਾਰੀ ਹੋਣ ਦੇ ਗੰਭੀਰ ਇਲਜ਼ਾਮ ਲਾਏ।

 

 

 

ਆਪਣੀ ਚਿੱਠੀ ਵਿੱਚ, ਡੀਜੀਪੀ ਨੇ ਲਿਖਿਆ: “ਭਰੋਸੇਯੋਗ ਸਰੋਤਾਂ ਤੋਂ ਪਤਾ ਲੱਗਾ ਹੈ ਕਿ ਐੱਸ.ਐੱਸ.ਪੀ. ਕੁਲਤਾਰ ਸਿੰਘ ਵੱਡੀ ਪੈਮਾਣੇ ‘ਤੇ ਰਿਸ਼ਵਤਖੋਰੀ ਕਰ ਰਹੇ ਹਨ। ਅਮ੍ਰਿਤਸਰ ‘ਚ ਤਾਇਨਾਤ ਕਈ ਗਜ਼ਟਿਡ ਅਫਸਰ ਵੀ ਕਿਸੇ ਨਾ ਕਿਸੇ ਕਿਸਮ ਦੀ ਰਿਸ਼ਵਤ ਲੈਣ ਵਿੱਚ ਸ਼ਾਮਲ ਹਨ — ਦਲਾਲਾਂ ਦੀ ਮਦਦ ਨਾਲ ਜ਼ਮੀਨਾਂ ‘ਤੇ ਕਬਜ਼ਾ ਕਰਨਾ, ਅਤੇ ਪੁਲਿਸ ਚੌਕੀਆਂ ਦੇ ਇੰਚਾਰਜੋਂ ਵੱਲੋਂ ਮਹੀਨਾ ਇਕੱਠਾ ਕਰਕੇ ਕੁਝ ਅਫਸਰਾਂ ਨੂੰ ਦੇਣਾ ਵੀ ਇਸ ਵਿਚ ਸ਼ਾਮਲ ਹੈ।”

 

 

 

 

ਆਪਣੀ ਚਿੱਠੀ ਵਿੱਚ ਸਿਦਦੀਕੀ ਨੇ ਲਿਖਿਆ: “ਸਿਫਾਰਸ਼ ਕੀਤੀ ਜਾਂਦੀ ਹੈ ਕਿ ਕੁਲਤਾਰ ਸਿੰਘ ਨੂੰ ਤੁਰੰਤ ਤਬਦੀਲ ਕਰ ਦਿੱਤਾ ਜਾਏ।”
ਪਰ ਇਸ ਦੇ ਬਾਵਜੂਦ, ਕੁਲਤਾਰ ਸਿੰਘ ਨਾ ਸਿਰਫ ਅਮ੍ਰਿਤਸਰ ਵਿੱਚ ਤੈਨਾਤ ਰਿਹਾ ਸਗੋਂ 2006 ਵਿੱਚ ਉਸ ਨੂੰ ਵੱਡਾ ਇਨਾਮ ਰਾਸ਼ਟਰਪਤੀ ਮੈਡਲ ਮਿਲਿਆ।
ਸਿਦਦੀਕੀ ਤੋਂ ਬਾਅਦ ਡੀਜੀਪੀ ਬਣੇ ਵਿਰਕ ਨੇ ਸਮੂਹਿਕ ਖੁਦ*ਕੁਸ਼ੀ ਕੇਸ ਵਿੱਚ ਕੁਲਤਾਰ ਸਿੰਘ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰ ਕੇ ਉਸ ਦਾ ਨਾਮ ਰਾਸ਼ਟਰਪਤੀ ਮੈਡਲ ਵਾਸਤੇ ਭੇਜਿਆ। 2006 ਤੱਕ ਤਰੱਕੀ ਲੈ ਕੇ ਡੀਆਈਜੀ ਬਣਨ ਤੋਂ ਬਾਅਦ ਕੁੱਲਤਾਰ ਸਿੰਘ ਰਿਟਾਇਰ ਹੋ ਗਿਆ।
ਵਕੀਲ ਸਰਬਜੀਤ ਸਿੰਘ ਵਰਕਾ ਸਮੂਹਿਕ ਖੁਦ*ਕੁਸ਼ੀ ਕੇਸ ਦੀ ਪੈਰਵਈ ਕਰ ਰਹੇ ਸਨ।

 

 

 

 

 

 

2009 ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਦੌਰਾਨ ਸੈਣੀ ਵਿਜੀਲੈਂਸ ਟੀਮ ਦਾ ਮੁੱਖੀ ਬਣਿਆ। ਵਿਰਕ ਤੋਂ ਬਾਅਦ ਸੈਣੀ ਨੇ ਵੀ ਕੁਲਤਾਰ ਸਿੰਘ ਨੂੰ ਬਚਾਉਣ ਦੀ ਪੂਰੀ ਕੋਸ਼ਿਸ ਕੀਤੀ।
ਵੇਰਕਾ ਦੱਸਦੇ ਨੇ,”ਤਦ ਦੇ ਡਾਇਰੈਕਟਰ ਵਿਜੀਲੈਂਸ, ਪੰਜਾਬ ਪੁਲਿਸ, ਸੁਮੇਧ ਸੈਣੀ ਨੇ 2010 ਵਿੱਚ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦਫਤਰ, ਚੰਡੀਗੜ੍ਹ ਵਿੱਚ ਆਏ ਤੇ ਸਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਕੁਲਤਾਰ ਸਿੰਘ ਦੇ ਖਿਲਾਫ ਕੇਸ ਵਾਪਸ ਲੈ ਲਈਏ। ਫੇਰ ਅੰਮ੍ਰਿਤਸਰ ਦੇ ਸਾਬਕਾ ਐਸ ਐਸ ਪੀ ਵਿਜੀਲੈਂਸ ਸੁਖਦੇਵ ਸਿੰਘ ਮੇਰੇ ਦਫਤਰ ਆ ਕੇ ਮੈਨੂੰ ਮਿਲਿਆ। ਮੈਨੂੰ ਚੰਡੀਗੜ੍ਹ ਪੁਲਿਸ ਅਧਿਕਾਰੀਆਂ ਵੱਲੋਂ ਵੀ ਸੱਦਾ ਆਇਆ, ਜਿਸ ਵਿੱਚ ਡੀਆਈਜੀ ਨਰਿੰਦਰ ਪਾਲ ਸਿੰਘ ਅਤੇ ਆਈ ਜੀ ਆਰ ਐਸ ਬਰਾੜ ਵੀ ਸ਼ਾਮਿਲ ਸੀ। ਕੁਲਤਾਰ ਸਿੰਘ ਖੁਦ ਡੀਆਈਜੀ ਨਰਿੰਦਰ ਪਾਲ ਸਿੰਘ ਦੇ ਦਫਤਰ ਵਿੱਚ 2010 ਵਾਲੀ ਮੀਟਿੰਗ ਵਿੱਚ ਮੌਜੂਦ ਸੀ। ਇਸ ਮੀਟਿੰਗ ਵਿੱਚ ਵੀ ਮੇਰੇ ‘ਤੇ ਦਬਾਅ ਪਾਇਆ ਗਿਆ ਕਿ ਅਸੀਂ ਸ਼ਿਕਾਇਤ ਵਾਪਸ ਲੈ ਲਈਏ। ਅਸੀਂ ਇਹ ਸਾਰੀਆਂ ਮੀਟਿੰਗਾਂ ਦਾ ਹੋਣਾ ਅਦਾਲਤ ਵਿੱਚ ਸਾਬਤ ਕੀਤਾ ਹੈ।” ਸੁਮੇਧ ਸੈਣੀ 2012 ਵਿੱਚ ਪੰਜਾਬ ਪੁਲਿਸ ਦੇ DGP ਬਣ ਗਏ।

 

 

 

ਵੇਰਕਾ ਨੇ ਦੱਸਿਆ,”ਹੈਰਾਨੀ ਦੀ ਗੱਲ ਸੀ ਕਿ ਕੁਲਤਾਰ ਸਿੰਘ ਅਤੇ ਹੋਰ ਦੋਸ਼ੀਆਂ ਦੇ ਖਿਲਾਫ਼ ਸਬੂਤਾਂ ਵਾਲੀ ਫਾਈਲ ਵੀ ਅਦਾਲਤ ਦੇ ਰਿਕਾਰਡ ਤੋਂ ਗਾਇਬ ਹੋ ਗਈ। ਫਿਰ ਐਸ ਐਚ ਉ ਹਰਦੇਵ ਸਿੰਘ ਨੇ ਖੁਦ*ਕੁਸ਼ੀ ਕਰਨ ਵਾਲੇ ਪਰਿਵਾਰ ਦੇ ਘਰ ਦੀਆਂ ਕੰਧਾਂ ਧੋ ਦਿੱਤੀਆਂ ਜਿਥੇ ਕੁਲਤਾਰ ਸਿੰਘ ਅਤੇ ਹੋਰ ਦੋਸ਼ੀਆਂ ਦੇ ਨਾਂ ਲਿਖੇ ਹੋਏ ਸੀ। ਜੋ ਕੰਧਾਂ ‘ਤੇ ਲਿਖਿਆ ਸੀ ਉਹੀ ਖੁਦ*ਕੁਸ਼ੀ ਨੋਟ ਸੀ। ਐਸ ਐਚ ਉ ਹਰਦੇਵ ਸਿੰਘ ਨੂੰ ਵੀ ਤਰੱਕੀ ਮਿਲ ਗਈ ਭਾਵੇਂ ਕੇਸ ਉਨ੍ਹਾਂ ਦੇ ਖਿਲਾਫ਼ ਅਦਾਲਤ ਵਿੱਚ ਪੈਂਡਿੰਗ ਸੀ। ਜਦੋੱ 2020 ਵਿੱਚ ਫੈਸਲਾ ਆਇਆ ਤਾਂ ਇਹ ਇਕ ਵਿੱਲਖਣ ਕੇਸ ਸੀ ਜਿੱਥੇ ਕੇਸ ਦੀ ਜਾਂਚ ਕਰ ਰਹੇ ਅਧਿਕਾਰੀ ਹਰਦੇਵ ਸਿੰਘ ਨੂੰ ਵੀ ਕੁਲਤਾਰ ਸਿੰਘ ਨਾਲ ਅੰਤ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਗਿਆ। ਹਰਦੇਵ ਸਿੰਘ ਵੀ ਕੁਲਤਾਰ ਸਿੰਘ ਨੂੰ ਬਚਾਉਣਾ ਚਾਹੁੰਦਾ ਸੀ।”
ਇਹ ਕਹਾਣੀ ਤਾਂ ਸੁਣਾਈ ਹੈ ਤਾਂ ਕਿ ਤੁਹਾਡੇ ਮਨ ਵਿੱਚ ਭੋਰਾ ਵੀ ਇਹ ਨਾ ਆਵੇ ਕਿ ਸ਼ਾਇਦ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਕੋਈ ਤਾਕਤ ਘੱਟ ਗਈ ਜਾਂ ਉਸ ਨੂੰ ਕੋਈ ਸ਼ਰਮ ਆਊ ਜਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕੋਈ ਸ਼ਰਮ ਆਊ।
ਕੁਲਤਾਰ ਸਿੰਘ ਨੂੰ ਵੀ ਖੁਦ*ਕੁਸ਼ੀ ਦੇ ਮਾਮਲੇ ‘ਚ ਸਜ਼ਾ ਹੋਈ ਸੀ। ਨਾ ਕਿ ਭ੍ਰਿਸ਼ਟ ਹੋਣ ਕਰਕੇ ।
ਪੰਜਾਬ ਪੁਲਿਸ ਭ੍ਰਿਸ਼ਟ ਨਹੀਂ, It is Part of Job.

Check Also

ਮਿਊਜ਼ਿਕ ਇੰਡਸਟਰੀ ਤੋਂ ਫਿਰ ਆਈ ਮੰਦਭਾਗੀ ਖ਼ਬਰ! ਇਕ ਹੋਰ ਮਸ਼ਹੂਰ ਕਲਾਕਾਰ ਦਾ ਹੋਇਆ ਦੇਹਾਂਤ

ਮਿਊਜ਼ਿਕ ਇੰਡਸਟਰੀ ਤੋਂ ਇਕ ਮੰਦਭਾਗੀ ਖ਼ਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਸ਼ਹੂਰ …