Australian social media ban on under-16s approved by parliament
ਮੈਲਬਰਨ: ਆਸਟਰੇਲਿਆਈ ਸੈਨੇਟ ਨੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਰੋਕਣ ਲਾਉਣ ਸਬੰਧੀ ਬਿੱਲ ਅੱਜ ਪਾਸ ਕਰ ਦਿੱਤਾ ਹੈ। ਦੁਨੀਆ ’ਚ ਅਜਿਹਾ ਪਹਿਲਾ ਕਾਨੂੰਨ ਹੋਵੇਗਾ।
ਇਸ ਕਾਨੂੰਨ ’ਚ ਵਿਵਸਥਾ ਕੀਤੀ ਗਈ ਹੈ ਕਿ ਟਿਕਟੌਕ, ਫੇਸਬੁੱਕ, ਸਨੈਪਚੈਟ, ਰੈਡਿਟ, ਐਕਸ ਅਤੇ ਇੰਸਟਾਗ੍ਰਾਮ ਸਮੇਤ ਸੋਸ਼ਲ ਮੀਡੀਆ ਮੰਚ ਜੇਕਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤੇ ਖੋਲ੍ਹਣ ਜਾਂ ਰੱਖਣ ’ਤੇ ਰੋਕ ਲਾਉਣ ’ਚ ਨਾਕਾਮ ਰਹਿੰਦੇ ਹਨ ਤਾਂ ਉਨ੍ਹਾਂ ’ਤੇ ਪੰਜ ਕਰੋੜ ਆਸਟਰੇਲਿਆਈ ਡਾਲਰ ਤੱਕ ਜੁਰਮਾਨਾ ਲੱਗੇਗਾ।
ਸੈਨੇਟ ’ਚ ਇਹ ਬਿੱਲ 19 ਮੁਕਾਬਲੇ 37 ਵੋਟਾਂ ਨਾਲ ਪਾਸ ਹੋਇਆ। ਪ੍ਰਤੀਨਿਧ ਸਭਾ ਪਹਿਲਾਂ ਹੀ 13 ਮੁਕਾਬਲੇ 103 ਵੋਟਾਂ ਨਾਲ ਇਸ ਨੂੰ ਮਨਜ਼ੂਰ ਕਰ ਚੁੱਕੀ ਹੈ।
ਪ੍ਰਤੀਨਿਧ ਸਭਾ ਨੂੰ ਸੈਨੇਟ ’ਚ ਵਿਰੋਧੀ ਧਿਰ ਵੱਲੋਂ ਲਿਆਂਦੀਆਂ ਗਈ ਸੋਧਾਂ ’ਤੇ ਮੋਹਰ ਲਾਉਣਾ ਅਜੇ ਬਾਕੀ ਹੈ ਪਰ ਇਹ ਵੀ ਸਿਰਫ਼ ਰਸਮੀ ਕਾਰਵਾਈ ਹੋਵੇਗੀ ਕਿਉਂਕਿ ਸਰਕਾਰ ਪਹਿਲਾਂ ਹੀ ਇਸ ਗੱਲ ’ਤੇ ਰਾਜ਼ੀ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਪਾਸ ਕਰ ਦਿੱਤਾ ਜਾਵੇਗਾ।
ਹੁਣ ਸੋਸ਼ਲ ਮੀਡੀਆ ਮੰਚਾਂ ਕੋਲ ਇਸ ਗੱਲ ਲਈ ਇੱਕ ਸਾਲ ਦਾ ਸਮਾਂ ਹੈ ਕਿ ਉਹ ਇਸ ਪਾਬੰਦੀ ਨੂੰ ਕਿਸ ਤਰ੍ਹਾਂ ਲਾਗੂ ਕਰਦੇ ਹਨ।
ਫੇਸਬੁੱਕ ਤੇ ਇੰਸਟਾਗ੍ਰਾਮ ਦੀ ਮਾਲਕੀ ਵਾਲੇ ਪਲੈਟਫਾਰਮ ‘ਮੈਟਾ’ ਨੇ ਕਿਹਾ ਕਿ ਇਹ ਬਿੱਲ ਕਾਹਲੀ ’ਚ ਲਿਆਂਦਾ ਗਿਆ ਹੈ। ਸਦਨ ਵੱਲੋਂ ਬਿੱਲ ਸਬੰਧੀ ਸੋਧ ਭਲਕੇ 29 ਨਵੰਬਰ ਨੂੰ ਪਾਸ ਕੀਤੀ ਜਾਵੇਗੀ।
ਕੁਝ ਆਲੋਚਕਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਪਾਬੰਦੀ ਨਾਲ ਕੁਝ ਵਰਤੋਂਕਾਰਾਂ ਦੀ ਨਿੱਜਤਾ ਪ੍ਰਭਾਵਿਤ ਹੋਵੇਗੀ। ਜਦਕਿ ਵੱਡੀ ਗਿਣਤੀ ਧਿਰਾਂ ਨੇ ਇਸ ਪਾਬੰਦੀ ਦੀ ਹਮਾਇਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਸਰਕਾਰ ਬੱਚਿਆਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਕੀਤੇ ਜਾਣ ਨੂੰ ਲੈ ਕੇ ਫਿਕਰਮੰਦ ਹੈ ਕਿਉਂਕਿ ਇਸ ਨਾਲ ਬੱਚਿਆਂ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੋ ਰਹੀ ਹੈ।