ਨਵਾਂ ਨਹੀਂ ਹੈ ਦਰਬਾਰ ਸਾਹਿਬ/ਵਿਸ਼ਨੂੰ ਮੰਦਰ ਦਾ ਰੌਲਾ
ਬਾਗੇਸ਼ਵਰ ਧਾਮ ਵਾਲੇ ਧੀਰੇਂਦਰ ਸ਼ਾਸਤਰੀ ਨੇ ਸੰਭਲ ਸ਼ਹਿਰ ਦੇ ਹਰੀ ਹਰਿ ਮੰਦਿਰ ਦਾ ਜ਼ਿਕਰ ਕੀਤਾ ਜਾਂ ਦਰਬਾਰ ਸਾਹਿਬ ਅੰਮ੍ਰਿਤਸਰ ਦਾ?
ਹਿੰਦੂਤਵ ਦੇ ਪ੍ਰਚਾਰਕ ਬਗੇਸ਼ਵਰ ਧਾਮ ਵਾਲੇ ਬਾਬਾ ਧੀਰੇਂਦਰ ਸ਼ਾਸਤਰੀ ਦੀ ਇੱਕ ਵੀਡੀਓ ਬੜੀ ਘੁੰਮ ਰਹੀ ਹੈ, ਜਿਸ ਵਿੱਚ ਉਹ ਹਰੀ ਹਰਿ ਮੰਦਰ ਦੀ ਗੱਲ ਕਰ ਰਿਹਾ ਹੈ। ਸਾਡੇ ਲੋਕਾਂ ਵਿੱਚ ਉਹ ਇਹੀ ਸਮਝ ਕੇ ਘੁਮਾਈ ਜਾ ਰਹੀ ਹੈ ਕਿ ਉਹ ਦਰਬਾਰ ਸਾਹਿਬ ਬਾਰੇ ਗੱਲ ਕਰ ਰਿਹਾ ਹੈ, ਕਿਉਂਕਿ ਇਸ ਨੂੰ ਹਰਿਮੰਦਰ ਸਾਹਿਬ ਵੀ ਕਿਹਾ ਜਾਂਦਾ ਹੈ।
ਅਸਲ ਵਿੱਚ ਬਾਬਾ ਯੂਪੀ ਦੇ ਸੰਭਲ ਸ਼ਹਿਰ ਦੇ ਹਰੀ ਹਰਿ ਮੰਦਰ ਦੀ ਮਨੌਤ ਦੀ ਗੱਲ ਕਰ ਰਿਹਾ ਹੈ। ਵੀਡੀਓ ਵਿੱਚ ਵੀ ਉਹ ਹਰੀ ਹਰਿ ਹੀ ਬੋਲਦਾ ਹੈ। ਵੀਡੀਓ ਦੇ ਉੱਤੇ ਛੋਟਾ ਜਿਹਾ ਕੈਪਸ਼ਨ ਵੀ ਸੰਭਲ ਦਾ ਹੀ ਹੈ। ਸੰਭਲ ਸ਼ਹਿਰ ਦੀ ਜਿਸ ਮਸਜਿਦ ਬਾਰੇ ਤਾਜ਼ਾ ਵਿਵਾਦ ਪੈਦਾ ਕੀਤਾ ਗਿਆ ਹੈ, ਉੱਥੇ ਹਰੀ ਹਰਿ ਮੰਦਰ ਹੋਣ ਦਾ ਹੀ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਵੀਡੀਓ ਕਰਕੇ ਕਾਫੀ ਗੁੱਸੇ ਵਾਲਾ ਪ੍ਰਤੀਕਰਮ ਸਿੱਖਾਂ ਵਾਲੇ ਪਾਸਿਓਂ ਆ ਰਿਹਾ ਹੈ।
ਅਸਲ ਵਿੱਚ ਸਿੱਖਾਂ ਵਿੱਚ ਇਹ ਭਰਮ ਨਹੀਂ ਸੀ ਪੈਦਾ ਹੋਣਾ, ਜੇ ਪਿਛਲੇ ਕੁਝ ਸਾਲਾਂ ਤੋਂ ਸੋਸ਼ਲ ਮੀਡੀਆ ‘ਤੇ ਹਿੰਦੂਤਵੀ ਹੈਂਡਲਾਂ ਵੱਲੋਂ ਦਰਬਾਰ ਸਾਹਿਬ ਨੂੰ ਹਰੀ (ਵਿਸ਼ਨੂ) ਦਾ ਮੰਦਰ ਕਹਿਣ ਦਾ ਖੁੱਲ੍ਹੇਆਮ ਪ੍ਰਚਾਰ ਨਾ ਹੋਇਆ ਹੁੰਦਾ। ਕਈਆਂ ਨੇ ਤਾਂ ਇਹ ਧਮਕੀਆਂ ਵੀ ਦਿੱਤੀਆਂ ਨੇ ਕਿ ਹਰੀ ਦਾ ਇਹ ਮੰਦਰ ਭਾਵ ਦਰਬਾਰ ਸਾਹਿਬ ਵੀ ਵਾਪਸ ਲਿਆ ਜਾਵੇਗਾ।
ਹਿੰਦੂਤਵੀਆਂ ਦੇ ਪ੍ਰਭਾਵਸ਼ਾਲੀ ਸੋਸ਼ਲ ਮੀਡੀਆ ਖਾਤੇ ਇਸ ਬਾਰੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਮੂਰਤੀਆਂ ਹੋਣ ਦਾ ਹਵਾਲਾ ਵੀ ਆਪਣੀ ਗੱਲ ਨੂੰ ਠੁੰਮਣਾ ਦੇਣ ਲਈ ਵਰਤਦੇ ਹਨ। ਉਹ ਦਰਬਾਰ ਸਾਹਿਬ ਦੀ ਪ੍ਰਕਰਮਾ ‘ਚੋਂ ਇਹ ਮੂਰਤੀਆਂ ਹਟਾਏ ਜਾਣ ਤੋਂ ਇੱਕ ਸਦੀ ਬਾਅਦ ਵੀ ਬੇਹੱਦ ਗੁੱਸੇ ਨੇ।
ਇਹ ਮੂਰਤੀਆਂ ਸ੍ਰ ਅਰੂੜ ਸਿੰਘ ਨੇ 1905 ਵਿੱਚ ਬਤੌਰ ਸਰਬਰਾਹ ਹਟਾਈਆਂ ਸਨ। ਆਰੀਆ ਸਮਾਜੀਆਂ ਦੀ ਚੁੱਕ ਵਿੱਚ ਪਾਂਡੇ ਇਹ ਮੂਰਤੀਆਂ ਵਾਰ-ਵਾਰ ਹਟਵਾਉਣ ਦੇ ਬਾਵਜੂਦ ਅੰਦਰ ਲਿਆ ਕੇ ਰੱਖਦੇ ਸਨ ਅਤੇ ਝਗੜਾ ਪੈਦਾ ਹੁੰਦਾ ਸੀ, ਸਰਕਾਰ ਨੇ ਦਰਬਾਰ ਸਾਹਿਬ ਦੇ ਸਰਬਰਾਹ ਨੂੰ ਮੈਜਿਸਟਰੇਟ ਦੀਆਂ ਤਾਕਤਾਂ ਵੀ ਦਿੱਤੀਆਂ, ਜਿਹੜੀਆਂ ਉਨ੍ਹਾਂ ਨੇ ਇਸ ਕੰਮ ਲਈ ਵਰਤੀਆਂ ਵੀ। ਸ੍ਰ ਸੁੰਦਰ ਸਿੰਘ ਮਜੀਠੀਆ ਵੀ ਮੂਰਤੀਆਂ ਹਟਾਉਣ ਦੇ ਕੰਮ ਵਿੱਚ ਸ਼ਾਮਿਲ ਸੀ। ਆਰੀਆ ਸਮਾਜੀਆਂ ਅਤੇ ਹੋਰ ਹਿੰਦੂਤਵੀਆਂ ਵੱਲੋਂ ਇਨ੍ਹਾਂ ਦੋਹਾਂ ਖਿਲਾਫ ਨਫਰਤ ਫੈਲਾਉਣ ਦਾ ਮੂਲ ਕਾਰਨ ਇਹ ਸੀ। (1919 ਦੀ ਵਿਸਾਖੀ ਤੋਂ ਪਹਿਲਾਂ ਅੰਮ੍ਰਿਤਸਰ ਸ਼ਹਿਰ ਦਾ ਮਾਹੌਲ ਵੀ ਆਰੀਆ ਸਮਾਜੀਆਂ ਨੇ ਹੀ ਖਰਾਬ ਕੀਤਾ ਸੀ, ਜਿਹੜਾ ਜਲਿਆਂਵਾਲੇ ਬਾਗ ਵਿੱਚ ਵੱਡੇ ਕਤਲੇਆਮ ਦਾ ਕਾਰਨ ਬਣਿਆ। ਹਾਲੇ ਵੀ ਅਸਲੀ ਸ਼ਰਾਰਤੀਆਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ।)
ਧੀਰੇਂਦਰ ਸ਼ਾਸਤਰੀ ਨੇ ਦਰਬਾਰ ਸਾਹਿਬ ਬਾਰੇ ਗੱਲ ਨਹੀਂ ਕੀਤੀ।
ਪਰ ਇਹ ਵੀ ਸੱਚ ਹੈ ਕਿ ਹਿੰਦੂਤਵੀਆਂ ਦੇ ਅੰਤਰ ਮਨਾਂ ਵਿੱਚ ਦਰਬਾਰ ਸਾਹਿਬ ਬਾਰੇ ਮੰਦਭਾਵਨਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਸ਼ਰੇਆਮ ਪ੍ਰਚਾਰ ਵੇਖ ਕੇ ਪਤਾ ਲੱਗਦਾ ਹੈ ਕਿ ਜੇ ਉਨ੍ਹਾਂ ਦਾ ਵੱਸ ਚੱਲੇ ਤਾਂ ਉਹ ਦਰਬਾਰ ਸਾਹਿਬ ਅੰਦਰ ਮੂਰਤੀਆਂ ਵੀ ਰੱਖਣ ਤੇ ਇਸ ਨੂੰ ਵਿਸ਼ਨੂੰ ਦਾ ਮੰਦਰ ਵੀ ਐਲਾਨ ਦੇਣ।
ਇਹ ਵੀ ਸੱਚ ਹੈ ਕਿ ਮੁਲਕ ਦੇ ਕਰੋੜਾਂ ਹਿੰਦੂਆਂ ਦੀ ਗੁਰੂ ਸਾਹਿਬਾਨ ਅਤੇ ਦਰਬਾਰ ਸਾਹਿਬ ਪ੍ਰਤੀ ਬਹੁਤ ਸ਼ਰਧਾ ਹੈ। ਹਰ ਰੋਜ਼ ਪੰਜਾਬ ਅਤੇ ਮੁਲਕ ਦੀਆਂ ਵੱਖ-ਵੱਖ ਥਾਵਾਂ ਤੋਂ ਹਜ਼ਾਰਾਂ ਹਿੰਦੂ ਵੀਰ-ਭੈਣਾਂ ਦਰਬਾਰ ਸਾਹਿਬ ਜਾਂਦੇ ਨੇ। ਪਰ ਹਿੰਦੂਤਵੀ ਉਨ੍ਹਾਂ ਨੂੰ ਵੀ ਉੱਥੇ ਜਾਣ ਕਰਕੇ ਅਕਸਰ ਮੰਦਾ-ਚੰਗਾ ਬੋਲਦੇ ਨੇ ਤੇ ਇਹ ਲਗਾਤਾਰ ਪ੍ਰਚਾਰ ਕਰਦੇ ਨੇ ਕਿ ਹਿੰਦੂਆਂ ਨੂੰ ਸਿੱਖ ਗੁਰਦੁਆਰਿਆਂ ਵਿੱਚ ਜਾਣਾ ਹੀ ਨਹੀਂ ਚਾਹੀਦਾ।
ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੇ ਕਦੇ ਵੀ ਇਹੋ ਜਿਹੇ ਨਫ਼ਰਤ ਫੈਲਾਊ ਸੋਸ਼ਲ ਮੀਡੀਆ ਖਾਤਿਆਂ ਖਿਲਾਫ ਕਾਰਵਾਈ ਨਹੀਂ ਕੀਤੀ।
ਸਰਕਾਰ ਅਤੇ ਪੁਲਿਸ ਦੀ ਇਸੇ ਢਿੱਲ ਮੱਠ ਦਾ ਨਤੀਜਾ ਧੀਰੇਂਦਰ ਸ਼ਾਸਤਰੀ ਦੀ ਵੀਡੀਓ ਦਾ ਪੰਜਾਬ ਅਤੇ ਸਿੱਖ ਜਗਤ ਵਿੱਚ ਗਲਤ ਮਤਲਬ ਨਿਕਲਣਾ ਅਤੇ ਗੁੱਸਾ ਪੈਦਾ ਹੋਣਾ ਹੈ।
#Unpopular_Opinions
#Unpopular_Ideas
#Unpopular_Facts
ਪਰਤਾਂ/ਤਹਿਆਂ ਨੂੰ ਸਮਝਣਾ ਪੈਣਾ।
Have to understand the layers.
ਦਰਬਾਰ ਸਾਹਿਬ ‘ਚ ਅਥਾਹ ਸ਼ਰਧਾ ਰੱਖਣ ਵਾਲੇ ਹਿੰਦੂਆਂ ਦੀ ਗਿਣਤੀ ਬਹੁਤ ਵੱਡੀ ਹੈ ਪਰ ਅਫਸੋਸ! ਦਰਬਾਰ ਸਾਹਿਬ ਨੂੰ ਬਾਬਰੀ ਮਸਜਿਦ ਵਾਂਗ ਹਰਿ (ਵਿਸ਼ਨੂੰ) ਦਾ ਮੰਦਰ ਬਣਾ ਦੇਣ ਦੀ ਚਾਹਤ ਰੱਖਣ ਵਾਲੇ ਹਿੰਦੂ ਵੀ ਹੁਣ ਥੋੜ੍ਹੇ ਨਹੀਂ।
ਬਾਗੇਸ਼ਵਰ ਧਾਮ ਵਾਲਾ ਬਾਬਾ ਦਰਬਾਰ ਸਾਹਿਬ ਨੂੰ ਬਦਲਣ ਦੀ ਗੱਲ ਨਹੀਂ ਕਰ ਰਿਹਾ, ਉਹ ਸੰਭਲ਼ ਸ਼ਹਿਰ ਦੀ ਮਸਜਿਦ ਢਾਹ ਕੇ ਹਰੀ ਹਰਿ (ਅੱਧਾ ਵਿਸ਼ਨੂੰ-ਅੱਧਾ ਸ਼ਿਵ) ਦਾ ਮੰਦਰ ਬਣਾਉਣ ਦੀ ਗੱਲ ਕਰ ਰਿਹਾ ਪਰ ਦਰਬਾਰ ਸਾਹਿਬ ਨੂੰ ਬਦਲਣ ਦੀ ਗੱਲ ਕਰਨ ਵਾਲੇ ਹੁਣ ਏਨੇ ਹਨ ਕਿ ਭੁਲੇਖਾ ਪੈਣਾ ਹੀ ਸੀ।
ਪੰਜਾਬ ਤੇ ਭਾਰਤ ਸਰਕਾਰ ਨੂੰ ਭਾਰਤੀ ਸਿੱਖਾਂ ਵਲੋਂ ਇਨ੍ਹਾਂ ਸੋਸ਼ਲ ਮੀਡੀਆ ਖਾਤਿਆਂ ਦੀਆਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਇਹ ਖਾਤੇ ਬੰਦ ਨਹੀਂ ਕੀਤੇ ਗਏ, ਜੋ ਦਰਬਾਰ ਸਾਹਿਬ ਨੂੰ ਵਿਸ਼ਨੂੰ ਮੰਦਰ ਬਣਾਉਣ ਦੀ ਗੱਲ ਕਰਨ ਤੋਂ ਇਲਾਵਾ ਸਿੱਖ ਗੁਰੂਆਂ ਨੂੰ ਦੇਵੀ ਪੂਜਕ, ਖਾਲਸੇ ਨੂੰ ਹਿੰਦੂ ਦੀ ਖੜਗ-ਭੁਜਾ, ਸਿੱਖੀ ਵੱਖਰਾ ਧਰਮ ਨਹੀਂ ਜਿਹੇ ਝੂਠ ਫੈਲਾਉਂਦੇ ਹਨ। ਉਲਟਾ ਸ਼ਿਕਾਇਤ ਕਰਨ ਵਾਲੇ ਕਈ ਖਾਤੇ ਬੰਦ ਕਰ ਦਿੱਤੇ ਗਏ।
ਸਿੱਖ ਇਨ੍ਹਾਂ ਦਾ ਪੁਰਜ਼ੋਰ ਵਿਰੋਧ ਕਰਦੇ ਹਨ ਪਰ ਅਫਸੋਸ! ਗੁਰੂ ਸਾਹਿਬਾਨ ਤੇ ਗੁਰਦੁਆਰਿਆਂ ‘ਚ ਅਥਾਹ ਵਿਸ਼ਵਾਸ ਰੱਖਣ ਵਾਲੇ ਬਹੁਤੇ ਹਿੰਦੂ ਵੀਰ-ਭੈਣਾਂ ਵੀ ਇਨ੍ਹਾਂ ਨੂੰ ਟੋਕਦੇ ਨਹੀਂ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ