Canada -ਕੈਨੇਡਾ ਤੋਂ ਪੰਜਾਬ ਗਏ ਪਰਵਾਸੀ ਦਾ ਪਿੰਡ ’ਚ ਕਤਲ
ਕੈਨੇਡਾ ਤੋਂ ਪੰਜਾਬ ਗਏ ਸੰਤੋਖ ਸਿੰਘ(65) ਦਾ ਪਿੰਡ ਮੋਰਾਂਵਾਲੀ ’ਚ ਕਤਲ
ਪੰਜਾਬ ਦੇ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਮੋਰਾਂਵਾਲੀ ਵਿਖੇ ਕੈਨੇਡਾ ਤੋਂ ਪੰਜਾਬ ਗਏ ਸੰਤੋਖ ਸਿੰਘ ਅਤੇ ਉਸ ਦੇ ਘਰ ਦੀ ਕੇਅਰ ਟੇਕਰ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਸੰਤੋਖ ਸਿੰਘ (65) ਪੁੱਤਰ ਗਿਆਨ ਸਿੰਘ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ। ਮਹਿਲਾ ਦੀ ਪਛਾਣ ਮਨਜੀਤ ਕੌਰ (50) ਪਤਨੀ ਲਖਵਿੰਦਰ ਸਿੰਘ ਪਿੰਡ ਮੋਰਾਂਵਾਲੀ ਵਜੋਂ ਹੋਈ ਹੈ। ਗੜ੍ਹਸ਼ੰਕਰ ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਸਵੇਰੇ ਮਨਜੀਤ ਕੌਰ ਦੀਆਂ ਕੁੜੀਆਂ ਨੇ ਘਰ ਨੂੰ ਬਾਹਰੋਂ ਬੰਦ ਦੇਖਿਆ। ਸ਼ੱਕ ਹੋਣ ‘ਤੇ ਉਹ ਕੰਧ ਟੱਪ ਕੇ ਅੰਦਰ ਗਈਆਂ ਤਾਂ ਉਨ੍ਹਾਂ ਨੇ ਘਰ ਦੇ ਅੰਦਰ ਸੰਤੋਖ ਸਿੰਘ ਅਤੇ ਮਨਜੀਤ ਕੌਰ ਦੀਆਂ ਲਾਸ਼ਾਂ ਪਈਆਂ ਦੇਖੀਆਂ। ਦੋਵੇਂ ਦੇ ਸਰੀਰਾਂ ‘ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ, ਜੋ ਸਾਫ ਦਰਸਾਉਂਦੇ ਹਨ ਕਿ ਕਤਲ ਬੇਰਹਿਮੀ ਨਾਲ ਕੀਤਾ ਗਿਆ ਹੈ।
ਪਿੰਡ ਦੇ ਸਰਪੰਚ ਅਮਨਦੀਪ ਸਿੰਘ ਰਾਏ ਨੇ ਕਿਹਾ ਕਿ ਇਹ ਘਟਨਾ ਪਿੰਡ ਲਈ ਹੈਰਾਨ ਕਰਨ ਵਾਲੀ ਅਤੇ ਦੁਖਦਾਈ ਹੈ। ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਹੈ ਕਿ ਸੰਤੋਖ ਸਿੰਘ ਬਹੁਤ ਹੀ ਸਾਧਾਰਣ ਤੇ ਮਿੱਠੇ ਸੁਭਾਅ ਵਾਲਾ ਵਿਅਕਤੀ ਸੀ। ਪੁਲਿਸ ਨੇ ਕਿਹਾ ਹੈ ਕਿ ਕਤਲ ਦੀਆਂ ਸਭ ਸੰਭਾਵਨਾਵਾਂ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ।