Punjab-ਪੰਜਾਬ ਦੇ ਮਜ਼ਦੂਰ ਆਗੂ ਨੂੰ ਖਤਰਨਾਕ ਅਪਰਾਧੀ ਵਾਂਗ ਪੇਸ਼ ਕੀਤਾ
ਬੇਜ਼ਮੀਨੇ ਕਿਰਤੀਆਂ ਲਈ ਜ਼ਮੀਨੀ ਹੱਕਾਂ ਦੇ ਸੰਘਰਸ਼ ਦੀ ਅਗਵਾਈ ਕਰਦਿਆਂ ਸੰਗਰੂਰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਬਿੱਕਰ ਸਿੰਘ ਹਥੋਆ ਨੂੰ ਆਪਣੇ ਪਿਤਾ ਬੰਤ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਤੋਂ ਇੱਕ ਦਿਨ ਦੀ ਪੈਰੋਲ ’ਤੇ ਪਿੰਡ ਹਥੋਆ ਲਿਆਂਦਾ ਗਿਆ।
ਪਿੰਡ ਦੇ ਗੁਰਦੁਆਰਾ ਸਾਹਿਬ ’ਚ ਹੋਏ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਵੇਲੇ ਹਥੋਆ ਨੂੰ ਹੱਥਕੜੀ ਲਗਾਈ ਹੋਈ ਸੀ।
ਇਸ ਤੋਂ ਪਹਿਲਾਂ 17 ਸਤੰਬਰ ਨੂੰ ਬਿੱਕਰ ਸਿੰਘ ਹਥੋਆ ਨੇ ਹੱਥਕੜੀਆਂ ਵਿੱਚ ਜਕੜੇ ਹੱਥਾਂ ਨਾਲ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ ਸੀ।
ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਆਮ ਲੋਕਾਂ ਦੇ ਮਨਾਂ ‘ਚ ਦਹਿਸ਼ਤ ਪਾਉਣ ਦੀ ਇਸਤੋਂ ਵੱਡੀ ਮਿਸਾਲ ਹੋਰ ਕੀ ਹੋ ਸਕਦੀ ਹੈ?
ਕਿੱਡਾ ਕੁ ਵੱਡਾ ਖਤਰਨਾਕ ਅਪਰਾਧੀ ਹੈ ਬਿੱਕਰ ਸਿੰਘ?
ਕੀ ਸੌਦਾ ਸਾਧ ਜਾਂ ਮਜੀਠੀਆ ਜਾਂ ਹੋਰਾਂ ਵੱਡਿਆਂ ਨਾਲ ਵੀ ਇਹੋ ਜਿਹਾ ਸਲੂਕ ਕੀਤਾ ਜਾਂਦਾ?
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਹੱਥਕੜੀਆਂ ’ਚ ਜਕੜਿਆ ਬਿੱਕਰ ਹਥੋਆ ਗੁਰਦੁਆਰੇ ਨਤਮਸਤਕ
ਪਿਤਾ ਦੀ ਅੰਤਿਮ ਅਰਦਾਸ ’ਚ ਸ਼ਾਮਲ; ਜੇਲ੍ਹ ’ਚੋਂ ਇੱਕ ਦਿਨ ਦੀ ਪੈਰੋਲ ਮਿਲੀ
ਬੇਜ਼ਮੀਨੇ ਕਿਰਤੀਆਂ ਲਈ ਜ਼ਮੀਨੀ ਹੱਕਾਂ ਦੇ ਸੰਘਰਸ਼ ਦੀ ਅਗਵਾਈ ਕਰਦਿਆਂ ਸੰਗਰੂਰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੂੰ ਆਪਣੇ ਪਿਤਾ ਬੰਤ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਤੋਂ ਇੱਕ ਦਿਨ ਦੀ ਪੈਰੋਲ ’ਤੇ ਪਿੰਡ ਹਥੋਆ ਲਿਆਂਦਾ ਗਿਆ। ਪਿੰਡ ਦੇ ਗੁਰਦੁਆਰਾ ਸਾਹਿਬ ’ਚ ਹੋਏ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਵੇਲੇ ਹਥੋਆ ਨੂੰ ਹੱਥਕੜੀ ਲਗਾਈ ਹੋਈ ਸੀ। ਇਸ ਤੋਂ ਪਹਿਲਾਂ 17 ਸਤੰਬਰ ਨੂੰ ਬਿੱਕਰ ਸਿੰਘ ਹਥੋਆ ਨੇ ਹੱਥਕੜੀਆਂ ਵਿੱਚ ਜਕੜੇ ਹੱਥਾਂ ਨਾਲ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ ਸੀ। ਬਿੱਕਰ ਸਿੰਘ ਹਥੋਆ ਨੇ ਅੱਜ ਸ਼ਰਧਾਂਜਲੀ ਸਮਾਗਮ ਵਿੱਚ ਪੁੱਜੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ, ਸਮਾਜ ਸੇਵੀ ਅਤੇ ਸਿਆਸੀ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਵੱਖ-ਵੱਖ ਜਥੇਬੰਦੀਆਂ ਵੱਲੋਂ ਬਿੱਕਰ ਸਿੰਘ ਹਥੋਆ ਨੂੰ ਦਸਤਾਰਾਂ ਅਤੇ ਸਿਰੋਪੇ ਦੇ ਕੇ ਉਸ ਦੇ ਸੰਘਰਸ਼ ਨੂੰ ਸਲਾਮ ਕੀਤਾ ਗਿਆ। ਬੰਤ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਆਦਿ ਆਗੂ ਸ਼ਾਮਲ ਸਨ।
ਪਿਤਾ ਦੇ ਸਸਕਾਰ ਮੌਕੇ ਹਥੋਆ ਨੂੰ ਹੱਥਕੜੀ ਲਾਉਣ ਦਾ ਨੋਟਿਸ
ਬਿੱਕਰ ਸਿੰਘ ਹਥੋਆ ਨੂੰ ਪਿਤਾ ਦੀ ਅਰਥੀ ਨੂੰ ਮੋਢਾ ਦੇਣ ਅਤੇ ਸਸਕਾਰ ਮੌਕੇ ਹੱਥਕੜੀ ਲਾਉਣ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਮਾਮਲੇ ਦੀ ਜਾਂਚ ਲਈ ਰਾਜਪਾਲ ਪੰਜਾਬ ਨੂੰ ਮਿਲ ਕੇ ਮੰਗ ਪੱਤਰ ਸੌਂਪਣ ਦਾ ਫ਼ੈਸਲਾ ਕੀਤਾ ਹੈ।