Breaking News

ਝੋਨੇ ਦਾ ਸੰਕਟ ਅਤੇ ਚਾਰ ਉਪ ਚੋਣਾਂ, ਕੀ ਸਰਕਾਰ ਨੂੰ ਸਬਕ ਸਿਖਾਇਆ ਜਾ ਸਕਦਾ ਹੈ?

ਝੋਨੇ ਦਾ ਸੰਕਟ ਅਤੇ ਚਾਰ ਉਪ ਚੋਣਾਂ, ਕੀ ਸਰਕਾਰ ਨੂੰ ਸਬਕ ਸਿਖਾਇਆ ਜਾ ਸਕਦਾ ਹੈ?

ਪੰਜਾਬ ਵਿੱਚ ਝੋਨਾ ਰੁਲਣ ਦੇ ਜੋ ਹਾਲਾਤ ਇਸ ਵਾਰ ਪੈਦਾ ਹੋਏ ਨੇ, ਇਹ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਹੋਏ। ਪਰ ਸਿਆਸੀ ਹਾਲਾਤ ਵੇਖ ਕੇ ਜਾਪਦਾ ਹੈ ਭਗਵੰਤ ਮਾਨ ਅਤੇ “ਆਪ” ਦੀ ਇਸ ਇਤਿਹਾਸਿਕ ਖੁਨਾਮੀ ਅਤੇ ਪੰਜਾਬ ਦੀ ਕਿਸਾਨੀ ਅਤੇ ਆਰਥਿਕਤਾ ਨੂੰ ਮਿਥ ਕੇ ਤਬਾਹ ਕਰਨ ਦੀ ਕੋਸ਼ਿਸ਼ ਦੇ ਬਾਵਜੂਦ “ਆਪ” ਵਿਧਾਨ ਸਭਾ ਚੋਣਾਂ ਵਿੱਚ ਚਾਰੇ ਸੀਟਾਂ ਜਿੱਤ ਜਾਵੇਗੀ।

ਪੰਜਾਬ ਵਿੱਚ ਵਿਰੋਧੀ ਧਿਰਾਂ ਕਮਜ਼ੋਰ ਨੇ। ਕਾਂਗਰਸ ਦਾ ਪ੍ਰਧਾਨ ਮੁੱਖ ਮੰਤਰੀ ਨਾਲ ਰਲਿਆ ਹੋਇਆ ਹੈ ਤੇ ਹਰ ਰੰਗ ਦੀ ਸਿੱਖ ਸਿਆਸੀ ਧਿਰ ਕਮਜ਼ੋਰ ਹੈ।

ਕੀ ਇਨ੍ਹਾਂ ਹਾਲਾਤ ਵਿੱਚ ਖਡੂਰ ਸਾਹਿਬ ਅਤੇ ਫਰੀਦਕੋਟ ਵਾਲਾ ਮਾਡਲ ਦੁਹਰਾਇਆ ਜਾ ਸਕਦਾ ਹੈ ?

ਜੇ ਕੋਈ ਵੀ ਅਕਾਲੀ ਧਿਰ ਤਕੜੀ ਹੁੰਦੀ ਤਾਂ ਪੰਜਾਬ ਦਾ ਮੁੱਖ ਮੰਤਰੀ ਤੇ ਉਸਦੀ ਪਾਰਟੀ ਇਹੋ ਜਿਹਾ ਹੰਕਾਰੀ ਗੁਨਾਹ ਕਰਕੇ ਬਚ ਨਿਕਲਣ ਦੀ ਨਾ ਸੋਚਦੇ ਅਤੇ ਨਾ ਹੀ ਪੰਜਾਬ ਦੀ ਮੁੱਖ ਵਿਰੋਧੀ ਧਿਰ ਦਾ ਪ੍ਰਧਾਨ ਮੁੱਖ ਮੰਤਰੀ ਨਾਲ ਰਲ ਕੇ ਖੇਡਣ ਦੀ ਜੁਰਅਤ ਕਰਦਾ।

ਚਾਰੋਂ ਸੀਟਾਂ ‘ਤੇ ਕੋਈ ਇੱਕ ਵੀ ਅਕਾਲੀ ਜਾਂ ਸਿੱਖ ਧਿਰ ਇਸ ਸਥਿਤੀ ਵਿੱਚ ਨਹੀਂ ਜਾਪਦੀ ਕਿ ਉਹ ਆਪਣੇ ਆਪ ਟੱਕਰ ਦੇ ਸਕੇ।

ਇਸ ਹਾਲਾਤ ਵਿੱਚ ਕੁਝ ਸ਼ਖਸ਼ੀਅਤਾਂ ਨੂੰ ਤੁਰੰਤ ਸਾਰੀਆਂ ਧਿਰਾਂ ਨਾਲ ਤਾਲਮੇਲ ਕਰਕੇ ਸਾਂਝੇ ਉਮੀਦਵਾਰ ਦੇਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

ਇਹ ਗੱਲ ਸਾਰੀਆਂ ਧਿਰਾਂ ਨੂੰ ਸਮਝਣ ਦੀ ਲੋੜ ਹੈ ਕਿ ਉਹ ਆਪੋ ਆਪਣੀ ਸਿਰਮੌਰਤਾ ਲਈ ਲੜ ਰਹੇ ਨੇ ਪਰ ਇਹ ਲੜਾਈ ਲੜਦਿਆਂ ਅਸਲ ਵਿੱਚ ਉਹ ਵੱਡੀ ਜੰਗ ਹਾਰ ਰਹੇ ਨੇ।

ਉਹਨਾਂ ਸਾਹਮਣੇ ਸਿੱਖ ਮਿਸਲਾਂ ਵਾਲਾ ਮਾਡਲ ਹੈ, ਜਦੋਂ ਮਿਸਲਾਂ ਦੇ ਸਰਦਾਰ ਆਪੋ ਆਪਣੇ ਮੱਤਭੇਦਾਂ ਦੇ ਬਾਵਜੂਦ ਵੱਡੀ ਮੁਸੀਬਤ ਸਾਹਮਣੇ ਇਕੱਠੇ ਹੋ ਕੇ ਲੜਦੇ ਸਨ।

ਜੇ ਇਨ੍ਹਾਂ ਚਾਰ ਉਪ ਚੋਣਾਂ ਵਿੱਚ ਸੱਤਾਧਾਰੀ ਧਿਰ ਦਾ ਹੰਕਾਰੀ ਅਤੇ ਸਾਜ਼ਿਸ਼ ਮੂੰਹ ਭੰਨਿਆ ਜਾਵੇ ਤਾਂ ਅਗਾਂਹ ਰਸਤਾ ਠੀਕ ਹੋ ਸਕਦਾ ਹੈ।

ਸਾਡੀ ਗੱਲ ਥੋੜੀ ਜਿਹੀ ਅਜੀਬ ਲੱਗ ਸਕਦੀ ਹੈ ਪਰ ਇਹ ਅਸੰਭਵ ਨਹੀਂ ਹੈ।

ਜੇ ਭਾਜਪਾ ਦੀ ਤਾਨਾਸ਼ਾਹੀ ਦੇ ਰੱਥ ਨੂੰ ਰੋਕਣ ਲਈ ਆਪੋ ਆਪਣੇ ਮੱਤਭੇਦਾਂ ਦੇ ਬਾਵਜੂਦ ਮੁਲਕ ਵਿੱਚ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਨੇ ਤਾਂ ਸਿੱਖ ਧਿਰਾਂ ਘੱਟੋ ਘੱਟ ਪ੍ਰੋਗਰਾਮ ‘ਤੇ ਕਿਉਂ ਨਹੀਂ ਇਕੱਠੀਆਂ ਹੋ ਸਕਦੀਆਂ। ਇਨ੍ਹਾਂ ਦੇ ਮੱਤਭੇਦ ਮੁਲਕ ਦੀਆਂ ਵਿਰੋਧੀ ਪਾਰਟੀਆਂ ਦੇ ਆਪਸੀ ਮਤਭੇਦਾਂ ਨਾਲੋਂ ਵੱਡੇ ਨਹੀਂ ਹਨ।

ਖਡੂਰ ਸਾਹਿਬ ਅਤੇ ਫਰੀਦਕੋਟ ਤੋਂ ਇਹ ਵੀ ਸਬਕ ਹੈ ਕਿ ਇਦਾਂ ਨਹੀਂ ਹੋਵੇਗਾ ਕਿ ਜਿਹੜੀ ਮਰਜ਼ੀ ਧਿਰ ਜਿਸ ਮਰਜ਼ੀ ਉਮੀਦਵਾਰ ਨੂੰ ਖੜਾ ਕਰ ਜਾਵੇ ਤੇ ਉਸਨੂੰ ਹੁੰਗਾਰਾ ਮਿਲ ਜਾਵੇਗਾ। ‌ ਉਮੀਦਵਾਰ ਦੀ ਸ਼ਖਸ਼ੀਅਤ ਜਾਂ ਪਛਾਣ ਬਹੁਤ ਮਹੱਤਵਪੂਰਨ ਹੋਵੇਗੀ। ਇਹ ਗੱਲ ਸਭ ਤੋਂ ਜ਼ਿਆਦਾ ਫਰੀਦਕੋਟ ਸਾਬਤ ਹੋਈ, ਜਿੱਥੇ ਸਰਬਜੀਤ ਸਿੰਘ ਨੂੰ ਅੰਮ੍ਰਿਤਪਾਲ ਸਿੰਘ ਵਾਂਗ ਸਰਗਰਮ ਹਮਾਇਤੀਆਂ ਦਾ ਵੱਡਾ ਨੈਟਵਰਕ ਨਾ ਹੋਣ ਦੇ ਬਾਵਜੂਦ ਲੋਕਾਂ ਨੇ ਆਪ ਮੁਹਾਰੇ ਜਿਤਾ ਦਿੱਤਾ।

ਚਾਰਾਂ ਸੀਟਾਂ ਵਿੱਚੋਂ ਸਿਰਫ ਗਿੱਦੜਬਾਹਾ ਇਹੋ ਜਿਹੀ ਸੀਟ ਨਜ਼ਰ ਆ ਰਹੀ ਹੈ, ਜਿੱਥੇ ਬਾਦਲ ਦਲ ਤਕੜਾ ਹੈ। ਬਾਦਲ ਦਲ ਅਤੇ ਸਿੰਘ ਸਾਹਿਬਾਨ ਵਿਚਾਲੇ ਸੰਕਟ ਇਸੇ ਕਾਹਲ ਵਿੱਚੋਂ ਪੈਦਾ ਹੋਇਆ ਸੀ ਪਰ ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀਆਂ ਲੜਨ ਦੀਆਂ ਸੰਭਾਵਨਾਵਾਂ ਹੋਰ ਖਰਾਬ ਹੋ ਚੁੱਕੀਆਂ ਨੇ।

ਇਸ ਹਾਲਤ ਵਿੱਚ ਬਾਦਲ ਦਲ ਪਾਸੇ ਰਹਿ ਸਕਦਾ ਹੈ ਤੇ ਜੇ ਬਾਕੀ ਸਿੱਖ ਧਿਰਾਂ ਕਿਸੇ ਉਮੀਦਵਾਰ ‘ਤੇ ਸਹਿਮਤੀ ਕਰ ਲੈਣ ਤਾਂ ਉਨ੍ਹਾਂ ਨਾਲ ਜੁੜੇ ਵੋਟਰ ਦੀ ਦੁਬਿਧਾ ਵੀ ਖਤਮ ਹੋ ਜਾਵੇਗੀ। ਉਨ੍ਹਾਂ ਦਾ ਡਿੰਪੀ ਢਿੱਲੋ ਕੋਲੋਂ ਬਦਲਾ ਲੈਣ ਦਾ ਕੰਮ ਵੀ ਪੂਰਾ ਹੋ ਸਕਦਾ ਹੈ।

ਭੂਤਕਾਲ ਵਿੱਚ ਉਨ੍ਹਾਂ ਵੱਲ ਭੁਗਤਣ ਵਾਲੇ ਵੋਟਰਾਂ ਦਾ ਇੱਕ ਵੱਡਾ ਹਿੱਸਾ ਖਡੂਰ ਸਾਹਿਬ ਅਤੇ ਫਰੀਦਕੋਟ ਤੋਂ ਪੰਥਕ ਉਮੀਦਵਾਰਾਂ ਵੱਲ ਹੀ ਭੁਗਤਿਆ ਸੀ।

ਪੰਜਾਬ ਵਿੱਚ ਜਿਸ ਤਰ੍ਹਾਂ ਇਸ ਵੇਲੇ ਝੋਨਾ ਰੁਲ ਰਿਹਾ ਹੈ, ਇਸਦਾ ਕਾਰਨ ਕੋਈ ਅਣਗਹਿਲੀ ਨਹੀਂ ਹੈ। ਵੱਡੀ ਸਾਜ਼ਿਸ਼ ਹੈ, ਜਿਸ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਦਾ ਮੁੱਖ ਮੰਤਰੀ ਐਲਾਨਵੰਤ ਪਹਿਲਾਂ ਭਾਈਵਾਲ ਹਨ।

ਕਈਆਂ ਨੂੰ ਲੱਗ ਸਕਦਾ ਹੈ ਕਿ ਇਹ ਪੰਜਾਬ ਦੇ ਨਸ਼ੇੜੀ ਮੁੱਖ ਮੰਤਰੀ ਦੀ ਸਿਰਫ ਨਲਾਇਕੀ ਹੈ ਪਰ ਜਿਸ ਤਰ੍ਹਾਂ ਖਰੀਦ ਸ਼ੁਰੂ ਕਰਨ ਤੋਂ ਪਹਿਲੇ ਮਹੀਨਿਆਂ ਵਿੱਚ ਗੁਦਾਮ ਖਾਲੀ ਕਰਨ ਦੇ ਦਹਾਕਿਆਂ ਤੋਂ ਬਣੇ ਅਭਿਆਸ ਨੂੰ ਇਸ ਵਾਰ ਤੋੜਿਆ ਗਿਆ ਹੈ, ਇਹ ਮਿਥੀ ਸਾਜਿਸ਼ ਤੋਂ ਬਗੈਰ ਨਹੀਂ ਹੋ ਸਕਦਾ।

ਕੁਝ ਵੀ ਨਵਾਂ ਨਹੀਂ ਸੀ ਕਰਨਾ ਸਿਰਫ ਇਨ੍ਹਾਂ ਦਹਾਕਿਆਂ ਦੇ ਅਭਿਆਸ ਨੂੰ ਠੀਕ ਤਰੀਕੇ ਨਾਲ ਦੁਹਰਾਉਣਾ ਸੀ।

ਜਿਵੇਂ ਸ਼ੰਭੂ ਮੋਰਚੇ ਵੇਲੇ ਐਲਾਨਵੰਤ ਕੇਂਦਰ ਸਰਕਾਰ ਨਾਲ ਰਲਿਆ ਅਤੇ ਕਿਸਾਨਾਂ ਤੇ ਜਬਰ ਦਾ ਰਾਹ ਖੁੱਲਿਆ, ਉਵੇਂ ਹੀ ਹੁਣ ਇਹ ਉਨ੍ਹਾਂ ਨਾਲ ਰਲ ਕੇ ਪੰਜਾਬ ਦੀ ਕਿਸਾਨੀ ਅਤੇ ਸਮੁੱਚੀ ਆਰਥਿਕਤਾ ਨੂੰ ਤਬਾਹੀ ਵਾਲੇ ਰਾਹ ਪਾ ਰਿਹਾ ਹੈ।
#Unpopular_Opinions
#Unpopular_Ideas
#Unpopular_Facts

ਪੰਜਾਬ ਅਤੇ ਸਿੱਖਾਂ ਦੇ ਵੱਡੇ ਮਸਲੇ:
ਕੁੱਲੜ ਪੀਜ਼ਾ ਜੋੜੀ,
ਵਿਰਸਾ ਸਿੰਘ ਵਲਟੋਹਾ,
ਨੇਹਾ ਕੱਕੜ ਤੇ ਰੋਹਨਪ੍ਰੀਤ ਦੀਆਂ ਵੀਡੀਓਜ,
ਕੁਝ ਸਮਾਂ ਪਹਿਲਾਂ ਹਨੀ ਸੇਠੀ ਤੇ ਹਰਪ੍ਰੀਤ ਸਿੰਘ ਮੱਖੂ ਬਨਾਮ ਪ੍ਰਿੰਕਲ ਤੇ ਵਿੱਕੀ ਥੋਮਸ ਦਾ ਝਗੜਾ। ਉਦੋਂ ਫੇਸਬੁੱਕ ਤੇ ਲੁਧਿਆਣਾ ਹੀ ਮਿਰਜ਼ਾਪੁਰ ਬਣਿਆ ਹੋਇਆ ਸੀ।
ਛੋਟੇ ਮਸਲੇ:
ਟਰਾਂਸ ਨੈਸ਼ਨਲ ਰਿਪਰੈਸ਼ਨ ਕਾਰਨ ਭਾਰਤ ਦੇ ਕਨੇਡਾ ਤੇ ਅਮਰੀਕਾ ਨਾਲ ਵਿਵਾਦ ਦੇ ਕੇਂਦਰ ਵਿੱਚ ਸਿੱਖਾਂ ਦਾ ਹੋਣਾ,
ਕਰੀਬ ਢਾਈ ਦਹਾਕਿਆਂ ਬਾਅਦ ਝੋਨੇ ਦਾ ਮੰਡੀਆਂ ਵਿੱਚ ਰੁਲਣਾ,
ਪੰਜਾਬ ਦਾ ਕਰਜ਼ੇ ਦੀ ਡੂੰਘੀ ਖੱਡ ਵਿੱਚ ਜਾਣਾ,
ਧਰਤੀ ਹੇਠਲੇ ਪਾਣੀ ਦਾ ਪੱਧਰ ਪਤਾਲ ਤੱਕ ਪਹੁੰਚਣਾ ਤੇ ਦਰਿਆ ਪਲੀਤ ਹੋਣੇ,
ਸਿੱਖਾਂ ਖਿਲਾਫ ਸੋਸ਼ਲ ਮੀਡੀਆ ‘ਤੇ ਨਫਰਤੀ ਪ੍ਰਚਾਰ,
ਇੱਕ ਸਰਗਰਮ ਸਿੱਖ ਕਾਰਕੁਨ ਦਾ ਕਤਲ ਤੇ ਦੂਜੇ ਦਾ ਨਾਂ ਲੱਗਣਾ,
ਜੁਬਾਨਬੰਦੀ,
ਪੰਜਾਬ ਦਾ ਪੁਲਿਸ ਸਟੇਟ ਵਾਲਾ ਸ਼ਿਕੰਜਾ ਹੋਰ ਪੀਡਾ ਹੋਣਾ, ਬੇਅਦਬੀ ਅਤੇ ਪੁਲਿਸ ਫਾਇਰਿੰਗ ਮਾਮਲਿਆਂ ਵਿੱਚ ਪੰਜਾਬ ਸਰਕਾਰ ਦੀ ਬੇਈਮਾਨੀ ਆਦਿ।
ਨਿਹੰਗ ਸਿੰਘਾਂ, ਹੋਰ ਕਈ ਸਿੱਖ ਕਾਰਕੁਨਾਂ ਅਤੇ ਵੈੱਬ ਚੈਨਲਾਂ ਨੂੰ ਬੇਨਤੀ ਹੈ ਕਿ ਤੁਸੀਂ ਲੋਕਾਂ ਦਾ ਸਾਰਾ ਧਿਆਨ ਇਨ੍ਹਾਂ ਵੱਡੇ ਮਸਲਿਆਂ ਵੱਲ ਹੀ ਲਾ ਕੇ ਰੱਖੋ.। ਇਨ੍ਹਾਂ ਮਸਲਿਆਂ ‘ਤੇ ਹੀ ਪੰਜਾਬ ਅਤੇ ਸਿੱਖਾਂ ਦਾ ਭਵਿੱਖ ਨਿਰਭਰ ਕਰਦਾ ਹੈ। ਬਾਕੀ ਉੱਪਰ ਲਿਖੇ ਛੋਟੇ-ਛੋਟੇ ਮਸਲੇ ਚਲਦੇ ਹੀ ਰਹਿੰਦੇ ਨੇ।
ਜੇ ਕਿਸੇ ਨੂੰ ਉੱਪਰ ਲਿਖੇ ਵੱਡੇ ਮਸਲਿਆਂ ਬਾਰੇ ਸ਼ੱਕ ਹੈ ਤਾਂ ਵੱਖੋ ਵੱਖਰੇ ਵੈੱਬ ਚੈਨਲਾਂ ਤੇ ਇਹਨਾਂ ਬਾਰੇ ਵਿਊਜ਼ ਅਤੇ ਕਮੈਂਟਾਂ ਦੀ ਗਿਣਤੀ ਵੇਖੀ ਜਾ ਸਕਦੀ ਹੈ।
ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਨੇ ਕਨੇਡਾ ਵਾਲੇ ਮਸਲੇ ‘ਤੇ ਬਿਆਨ ਦਿੱਤਾ, ਪਰ ਬਹੁਤੇ ਅਖਬਾਰਾਂ ਜਾਂ ਚੈਨਲਾਂ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਦੇਣ ਵੀ ਕਿਉਂ, ਮਸਲਾ ਬਿਲਕੁਲ ਛੋਟਾ ਹੈ। ਸਾਰਿਆਂ ਦਾ ਧਿਆਨ ਉਨ੍ਹਾਂ ਦੇ ਵਿਰਸਾ ਸਿੰਘ ਵਲਟੋਹਾ ਨਾਲ ਵਿਵਾਦ ‘ਤੇ ਸੀ।
#Unpopular_Opinions
#Unpopular_Ideas
#Unpopular_Facts