ਪੰਨੂ ਕਤਲ ਦੀ ਕੋਸ਼ਿਸ਼ ਦੇ ਕਥਿਤ ਸਾਜ਼ਸ਼ਕਰਤਾ ’ਤੇ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਪੈਸੇ ਮੰਗਣ ਦਾ ਹੈ ਦੋਸ਼
ਅਮਰੀਕੀ ਫੈਡਰਲ ਬਿਉਰੋ ਵਾਲਿਆੰ ਨੇ ਸੋਚਿਆ ਹੋਣਾ ਮੋਦੀ ਸਰਕਾਰ ਨੂੰ ਖਾਸਾ ਡਰਾ ਲਿਆ, ਪੰਨੂੰ ਕਤਲ ਸਾਜ਼ਸ਼ ਵਾਲੇ ਵਿਕਾਸ਼ ਯਾਦਵ ਦਾ ਲੁੱਕ ਆਊਟ ਨੋਟਸ ਵੀ ਨਸ਼ਰ ਕਰ ਦਿਤਾ, ਬੱਸ ਹੁਣ ਉਹ ਦੋਸ਼ੀ ਸਾਡੇ ਹੱਥ ਆਇਆ ਕਿ ਆਇਆ !
ਪਰ ਅਮਰੀਕੀ ਭੁਲ ਗਏ ਕਿ ਉਨਾੰ ਦਾ ਵਾਹ ਕਿਸੇ ਐਰੇ ਗੈਰੇ ਨਾਲ ਨਹੀੰ, ਹਿੰਦੂ ਕੂਟਨੀਤੀ ਨਾਲ ਹੈ !
ਯਾਦਵ ਦੀ ਹਵਾਲਗੀ ਕੋਈ ਬਚਿਆੰ ਦੀ ਖੇਡ ਨਹੀੰ | ਨਿਊਯਾਰਕ ਵਿਚ ਅਸਫਲ ਕਤਲ ਕਾੰਡ ਤੋੰ ਬਾਅਦ ਦੀਆੰ ਸੰਭਾਵਤ ਘਟਣਾਵਾੰ ਦੇ ਮੁਕਾਬਲੇ ਦੀ ਵਿਉੰਤਬੰਦੀ ਅਗਲਿਆੰ ਅਗਾਉੰ ਹੀ ਕਰ ਲਈ ਹੈ |
ਯਾਦਵ ਨੂੰ ‘ਰਾਅ’ ਦੀ ਸੇਵਾ ਤੋੰ ਬਰਖਾਸਤ ਕਰ ਦਿਤਾ |
ਇਸ ਕਾਰਨ ਨਹੀੰ ਕਿ ਉਹ ਅਮਰੀਕਾ ਦੀ ਪੁਲਿਸ ਨੂੰ ਪੰਨੂ ਕਤਲ ਕਾੰਡ ਵਿਚ ਚਾਹੀਦਾ ਹੈ ਬਲਕਿ ਇਸ ਲਈ ਕਿਉੰਕਿ ਉਸ ਕੋਲੋੰ ਦਿਲੀ ਵਿਚ ਕੋਈ ਲੁਟ ਅਤੇ ਉਧਾਲੇ ਦੀ ਘਟਣਾ ਹੋ ਗਈ | ਉਸ ਮਾਮਲੇ ਵਿਚ ਉਹ ਹੁਣ ਜ਼ਮਾਨਤ ਤੇ ਹੈ |
ਅਜੇ ਉਸ ਉਪਰ ਮੁਕਦਮਾ ਚਲਣਾ ਹੈ | ਸੰਭਾਵਤ 10 ਸਾਲ ਦੀ ਸਜ਼ਾ ਭੁਗਤਣੀ ਪੈਣੀ ਹੈ |
ਪਹਿਲਾੰ ਇਹ ਮੁਕਦਮਾ ਅਤੇ ਸਜ਼ਾ ਕਿਸੇ ਸਿਰੇ ਲਗੂ | ਵੀਹ ਪੱਚੀ ਸਾਲ ਬੀਤਣ ਤੇ ਵਿਹਲਾ ਹੋਊ | ਤਦ ਵੀ ਜੇ ਸਿਹਤਮੰਦ ਰਿਹਾ ਤਾੰ ਅਮਰੀਕੀ ਪੁਲਿਸ ਕੋਲ ਪੇਸ਼ ਹੋਊ !!
ਅਜ ਇਹ ਵਿਕਾਸ਼ ਯਾਦਵ ਨਾੰ ਦਾ ਦੋਸ਼ੀ ਰਾਅ ਦਾ ਅਫਸਰ ਨਹੀੰ, ਸਾਬਕਾ ਹੈ | ਇਹ ਇਕਲੇ ਅਮਰੀਕਾ ਦਾ ਦੋਸ਼ੀ ਨਹੀੰ ਬਲਕਿ ਭਾਰਤ ਦਾ ਵੀ ਜ਼ਮਾਨਤ-ਪਰਾਪਤ ਦੋਸ਼ੀ ਹੈ ! ਪਰ ਇਸ ਉਪਰ ਮੁਕਦਮੇ ਲਈ ਕਬਜ਼ੇ ਦਾ ਪਹਿਲਾ ਹੱਕ ਭਾਰਤ ਦਾ, ਬਾਅਦ ਵਿਚ ਹੋਰ ਕਿਸੇ ਦੇਸ ਦਾ !!
ਇਹੋ ਜੇਹੀ ਮਿਲਦੀ ਜੁਲਦੀ ਹਾਲਤ ਵਿਚ ਜੱਟ ਨੇ ਕਿਸੇ ਨੂੰ ਅਪਣਾ ਗੱਡਾ ਨਹੀੰ ਦਿਤਾ ਸੀ ਕਿਉੰਕਿ ਗੱਡੇ ਨਾਲ ਉਹ ਅਪਣਾ ਕੱਟਾ ਬੰਨ ਬੈਠਾ ਸੀ |
-Sukhdev Singh
ਨਵੀਂ ਦਿੱਲੀ : ਅਮਰੀਕੀ ਧਰਤੀ ’ਤੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਸ਼ ’ਚ ਸ਼ਾਮਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤ ਸਰਕਾਰ ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਨੂੰ ਦਿੱਲੀ ਪੁਲਿਸ ਨੇ ਪਿਛਲੇ ਸਾਲ ਦਸੰਬਰ ’ਚ ਜਬਰੀ ਵਸੂਲੀ ਅਤੇ ਅਗਵਾ ਕਰਨ ਦੇ ਇਕ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ।
ਸੂਤਰਾਂ ਮੁਤਾਬਕ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 18 ਦਸੰਬਰ 2023 ਨੂੰ ਯਾਦਵ (39) ਨੂੰ ਰੋਹਿਨੀ ’ਚ ਰਹਿਣ ਵਾਲੇ ਇਕ ਕਾਰੋਬਾਰੀ ਨੂੰ ਅਗਵਾ ਕਰਨ ਅਤੇ ਜੇਲ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਪੈਸੇ ਮੰਗਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਸੀ। ਸੂਤਰਾਂ ਨੇ ਦਸਿਆ ਕਿ ਉਸ ਨੂੰ ਇਸ ਸਾਲ ਅਪ੍ਰੈਲ ’ਚ ਜ਼ਮਾਨਤ ਮਿਲ ਗਈ ਸੀ।
ਸਪੈਸ਼ਲ ਸੈੱਲ ਵਲੋਂ ਦਾਇਰ ਐਫ.ਆਈ.ਆਰ. ਅਨੁਸਾਰ, ਯਾਦਵ ਨੇ ਕਾਰੋਬਾਰੀ ਨੂੰ 11 ਦਸੰਬਰ, 2023 ਨੂੰ ਦਖਣੀ ਦਿੱਲੀ ’ਚ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੇ ਦਫਤਰ ਨੇੜੇ ਮਿਲਣ ਲਈ ਕਿਹਾ ਅਤੇ ਦਾਅਵਾ ਕੀਤਾ ਕਿ ਉਸ ਨੂੰ ‘ਗੰਭੀਰ ਖਤਰਾ’ ਹੋ ਸਕਦਾ ਹੈ। ਇਸ ਅਨੁਸਾਰ, ਪੀੜਤ ਅਪਣੇ ਦੋਸਤ ਨਾਲ ਯਾਦਵ ਨੂੰ ਮਿਲਿਆ, ਜਿਸ ਦੇ ਨਾਲ ਅਬਦੁੱਲਾ ਨਾਮ ਦਾ ਵਿਅਕਤੀ ਵੀ ਸੀ।
ਐਫ.ਆਈ.ਆਰ. ’ਚ ਕਿਹਾ ਗਿਆ ਹੈ ਕਿ ਯਾਦਵ ਅਤੇ ਅਬਦੁੱਲਾ ਨੇ ਕਥਿਤ ਤੌਰ ’ਤੇ ਪੀੜਤ ਨੂੰ ਕਾਰ ’ਚ ਧੱਕ ਦਿਤਾ ਅਤੇ ਲਾਰੈਂਸ ਬਿਸ਼ਨੋਈ ਦੇ ਨਾਮ ’ਤੇ ਪੈਸੇ ਦੀ ਮੰਗ ਕੀਤੀ।
ਦੋਸ਼ੀਆਂ ਨੇ ਉਸ ਨੂੰ ਅਪਣੀ ਕਾਰ ਦੇ ਨੇੜੇ ਛੱਡਣ ਤੋਂ ਪਹਿਲਾਂ ਖਾਲੀ ਚੈੱਕ ’ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਅਤੇ ਧਮਕੀ ਦਿਤੀ ਕਿ ਜੇ ਉਸ ਨੇ ਕਿਸੇ ਨੂੰ ਅਪਣੀ ਪਰੇਸ਼ਾਨੀ ਬਾਰੇ ਦਸਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਘਰ ਪਰਤਣ ਤੋਂ ਬਾਅਦ ਪੀੜਤ ਨੂੰ ਪਤਾ ਲੱਗਾ ਕਿ ਯਾਦਵ ਅਤੇ ਉਸ ਦੇ ਸਾਥੀ ਨੇ ਉਸ ਦੇ ਕੈਫੇ ਵਿਚ ਰੱਖੇ 50,000 ਰੁਪਏ ਵੀ ਲਏ ਅਤੇ ਸਾਰੀਆਂ ਸੀ.ਸੀ.ਟੀ.ਵੀ. ਰੀਕਾਰਡਿੰਗਾਂ ਮਿਟਾ ਦਿਤੀਆਂ।
ਪੁਲਿਸ ਨੇ ਯਾਦਵ ਅਤੇ ਅਬਦੁੱਲਾ ’ਤੇ ਭਾਰਤੀ ਦੰਡਾਵਲੀ ਦੀ ਧਾਰਾ 364ਏ (ਫਿਰੌਤੀ ਲਈ ਅਗਵਾ), 307 (ਕਤਲ ਦੀ ਕੋਸ਼ਿਸ਼), 328 (ਜ਼ਹਿਰ ਦੀ ਵਰਤੋਂ ਕਰ ਕੇ ਕਿਸੇ ਹੋਰ ਵਿਅਕਤੀ ਨੂੰ ਨੁਕਸਾਨ ਪਹੁੰਚਾਉਣਾ), 506 (ਅਪਰਾਧਕ ਧਮਕੀ), 323 (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 341 (ਗਲਤ ਰੋਕ), 392 (ਡਕੈਤੀ), 411 (ਬੇਈਮਾਨੀ ਨਾਲ ਚੋਰੀ ਕੀਤੀ ਜਾਇਦਾਦ ਪ੍ਰਾਪਤ ਕਰਨਾ) ਅਤੇ 120 ਬੀ (ਅਪਰਾਧਕ ਸਾਜ਼ਸ਼) ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਇਸ ਸਾਲ 13 ਮਾਰਚ ਨੂੰ ਯਾਦਵ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਅਪਣੀ ਇਕ ਸਾਲ ਦੀ ਧੀ ਦੀ ਬੀਮਾਰੀ ਦੇ ਆਧਾਰ ’ਤੇ 22 ਮਾਰਚ ਨੂੰ ਛੇ ਦਿਨਾਂ ਦੀ ਅੰਤਰਿਮ ਜ਼ਮਾਨਤ ਦਿਤੀ ਗਈ ਸੀ। ਅਦਾਲਤ ਨੇ 22 ਅਪ੍ਰੈਲ ਨੂੰ ਯਾਦਵ ਨੂੰ ਨਿਯਮਤ ਜ਼ਮਾਨਤ ਦੇ ਦਿਤੀ ਸੀ।
ਜ਼ਿਕਰਯੋਗ ਹੈ ਕਿ ਅੰਤਰਿਮ ਜ਼ਮਾਨਤ ਦੇ ਹੁਕਮ ’ਚ ਯਾਦਵ ਨੂੰ ‘ਸਾਫ-ਸੁਥਰਾ ਪਿਛੋਕੜ ਰੱਖਣ ਵਾਲਾ ਸਾਬਕਾ ਸਰਕਾਰੀ ਕਰਮਚਾਰੀ’ ਦਸਿਆ ਗਿਆ ਹੈ।
ਵੀਰਵਾਰ ਨੂੰ ਫੈਡਰਲ ਪ੍ਰੋਸੀਕਿਊਟਰਾਂ ਨੇ ਅਮਰੀਕੀ ਅਦਾਲਤ ’ਚ ਦਾਇਰ ਦੋਸ਼ਪੱਤਰ ’ਚ ਦਾਅਵਾ ਕੀਤਾ ਸੀ ਕਿ ਯਾਦਵ ਨੂੰ ਕੈਬਨਿਟ ਸਕੱਤਰੇਤ ’ਚ ਨੌਕਰੀ ਦਿਤੀ ਗਈ ਸੀ, ਜਿੱਥੇ ਭਾਰਤ ਦੀ ਵਿਦੇਸ਼ੀ ਖੁਫੀਆ ਸੇਵਾ ਰੀਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਹੈ।
ਅਮਰੀਕੀ ਨਿਆਂ ਵਿਭਾਗ ਨੇ ਕਿਹਾ ਕਿ ਪੰਨੂ ਦੀ ਹੱਤਿਆ ਦੀ ਸਾਜ਼ਸ਼ ’ਚ ਕਥਿਤ ਭੂਮਿਕਾ ਦੇ ਸਬੰਧ ’ਚ ਯਾਦਵ ’ਤੇ ਕਿਰਾਏ ’ਤੇ ਕਤਲ ਅਤੇ ਮਨੀ ਲਾਂਡਰਿੰਗ ਦੇ ਦੋਸ਼ ਹਨ। ਪਹਿਲੇ ਦੋਸ਼ ਪੱਤਰ ’ਚ ਉਸ ਦੀ ਪਛਾਣ ‘ਸੀਸੀ-1’ (ਸਹਿ-ਸਾਜ਼ਸ਼ ਕਰਤਾ) ਵਜੋਂ ਕੀਤੀ ਗਈ ਸੀ।
ਅਮਰੀਕੀ ਫੈਡਰਲ ਪ੍ਰੋਸੀਕਿਊਟਰਾਂ ਦੇ ਦਾਅਵਿਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਨਾਮਜ਼ਦ ਵਿਅਕਤੀ ਹੁਣ ਭਾਰਤ ਸਰਕਾਰ ਦਾ ਮੁਲਾਜ਼ਮ ਨਹੀਂ ਹੈ।
ਅਮਰੀਕਾ ਨੇ ਇਸ ਮਾਮਲੇ ’ਚ ਭਾਰਤੀ ਪੱਖ ਦੇ ਸਹਿਯੋਗ ’ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਪਿਛਲੇ ਸਾਲ ਜੂਨ ਵਿਚ ਇਸ ਮਾਮਲੇ ਦੇ ਇਕ ਹੋਰ ਸਹਿ-ਸਾਜ਼ਸ਼ ਕਰਤਾ ਨਿਖਿਲ ਗੁਪਤਾ ਦੀ ਗ੍ਰਿਫਤਾਰੀ ਤੋਂ ਬਾਅਦ ਅਸਫਲ ਹੋ ਗਈ ਸੀ, ਜੋ ਚੈੱਕ ਗਣਰਾਜ ਤੋਂ ਹਵਾਲਗੀ ਤੋਂ ਬਾਅਦ ਇਸ ਸਮੇਂ ਅਮਰੀਕੀ ਜੇਲ੍ਹ ਵਿਚ ਬੰਦ ਹੈ।