ֹ‘SORRY DADY’ ਮੈਂ ਕਾਬਿਲ ਨਹੀਂ ਬਣ ਸਕਿਆ!, ਸੁਸਾਇਡ ਨੋਟ ਲਿਖ ਕੇ ਨੌਜਵਾਨ ਨੇ ’ਚ ਕੀਤੀ ਖ਼ੁਦਕੁਸ਼ੀ
ਮ੍ਰਿਤਕ ਮਾਛੀਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਕਰਦਾ ਸੀ ਨੌਕਰੀ
Punjab News: ਮਾਛੀਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕਰਦੇ ਨੌਜਵਾਨ ਜਸਪ੍ਰੀਤ ਸਿੰਘ ਜੱਸ (23 ਸਾਲਾ) ਵਾਸੀ ਰਾਣਵਾਂ ਨੇ ਹਸਪਤਾਲ ਵਿਚ ਹੀ ਗਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਮਾਛੀਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕਰਦਾ ਸੀ ਅਤੇ ਅੱਜ ਸਵੇਰੇ ਜਦੋਂ ਡਾਕਟਰ ਆਪਣੇ ਕਲੀਨਿਕ ਵਿਚ ਆਇਆ ਤਾਂ ਉਸ ਨੇ ਦੇਖਿਆ ਕਿ ਜਸਪ੍ਰੀਤ ਸਿੰਘ ਨੇ ਪੱਖੇ ਨਾਲ ਗਲ ਫਾਹਾ ਲੈ ਕੇ ਆਤਮ-ਹੱਤਿਆ ਕੀਤੀ ਹੋਈ ਸੀ।
ਡਾਕਟਰ ਨੇ ਜਾਂਚ ਕੀਤੀ ਤਾਂ ਉਸ ਦੇ ਕੁਝ ਸਾਹ ਚੱਲ ਰਹੇ ਜਿਸ ਨੂੰ ਤੁਰੰਤ ਲਾਹ ਕੇ ਇਲਾਜ ਲਈ ਹੋਰ ਹਸਪਤਾਲ ਲਿਆਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ।
ਆਤਮ ਹੱਤਿਆ ਕਰਨ ਤੋਂ ਪਹਿਲਾਂ ਨੌਜਵਾਨ ਜਸਪ੍ਰੀਤ ਸਿੰਘ ਨੇ ਸੁਸਾਇਡ ਨੋਟ ਲਿਖਿਆ ਜਿਸ ਵਿਚ ਉਸ ਨੇ ਕਿਹਾ ਕਿ ‘ਉਹ ਆਪਣੀ ਜ਼ਿੰਦਗੀ ਤੋਂ ਬਹੁਤ ਤੰਗ ਹੈ ਜਿਸ ਕਾਰਨ ਉਹ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਰਿਹਾ ਹੈ।
ਉਸ ਨੇ ਲਿਖਿਆ ਕਿ ਕਿਸੇ ਦਾ ਕੋਈ ਦੋਸ਼ ਨਹੀਂ ਹੈ ਅਤੇ ਨਾ ਹੀ ਕਿਸੇ ’ਤੇ ਕੋਈ ਇਲਜ਼ਾਮ ਲਗਾਇਆ ਜਾਵੇ। ਸੁਸਾਇਡ ਨੋਟ ਦੇ ਅਖ਼ੀਰ ਵਿਚ ਉਸ ਨੇ ਕਿਹਾ ਕਿ ਡੈਡੀ ਸੌਰੀ ਮੈਂ ਕਾਬਿਲ ਨਹੀਂ ਬਣ ਸਕਿਆ’।