ਲੁਧਿਆਣਾ – ਸਾਈਬਰ ਠੱਗ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਉਨ੍ਹਾਂ ਨੂੰ ਪੁਲਸ ਦਾ ਵੀ ਡਰ ਨਹੀਂ ਰਿਹਾ।
ਇਸ ਲਈ ਇਕ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਦੀ ਫੇਕ ਫੇਸਬੁੱਕ ਪ੍ਰੋਫਾਈਲ ਬਣਾ ਕੇ ਉਨ੍ਹਾਂ ਦੇ ਹੀ ਜਾਣਕਾਰਾਂ ਤੋਂ ਪੈਸਿਆਂ ਦੀ ਮੰਗ ਕਰਨ ਲੱਗੇ।
ਜਿਵੇਂ ਹੀ ਪੁਲਸ ਅਧਿਕਾਰੀ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਉਕਤ ਫੇਕ ਆਈ.ਡੀ. ਦਾ ਸਕ੍ਰੀਨ ਸ਼ਾਰਟ ਲੈ ਕੇ ਆਪਣੀ ਅਸਲੀ ਫੇਸਬੁਕ ਆਈ.ਡੀ. ਅਤੇ ਹੋਰ ਜਗ੍ਹਾ ’ਤੇ ਪੋਸਟ ਕਰ ਕੇ ਸਾਰਿਆਂ ਨੂੰ ਸੁਚੇਤ ਕੀਤਾ ਕਿ ਉਨ੍ਹਾਂ ਦੀ ਫੇਕ ਆਈ.ਡੀ. ਬਣੀ ਹੈ ਅਤੇ ਠੱਗ ਪੈਸਿਆਂ ਦੀ ਮੰਗ ਕਰ ਰਹੇ ਹਨ।
ਇਸ ਲਈ ਉਕਤ ਆਈ.ਡੀ. ਤੋਂ ਆਉਣ ਵਾਲੇ ਮੈਸੇਜ ਤੋਂ ਸਾਵਧਾਨ ਰਹਿਣ।
ਅਸਲ ’ਚ ਸਾਈਬਰ ਠੱਗਾਂ ਨੇ ਏ.ਡੀ.ਜੀ.ਪੀ. ਰਾਕੇਸ਼ ਅਗਰਵਾਲ ਦੀ ਫੇਕ ਫੇਸਬੁੱਕ ਆਈ.ਡੀ. ਬਣਾਈ ਹੈ।
ਇੰਨਾ ਹੀ ਨਹੀਂ, ਆਈ.ਡੀ. ਬਣਾਉਣ ਤੋਂ ਬਾਅਦ ਉਨ੍ਹਾਂ ਦੇ ਹੀ ਕਈ ਜਾਣਕਾਰਾਂ ਨੂੰ ਫ੍ਰੈਂਡ ਰਿਕਵੈਸਟ ਵੀ ਭੇਜੀ ਜਿਵੇਂ ਹੀ ਕੋਈ ਐਕਸੈਪਟ ਕਰਦਾ ਹੈ ਤਾਂ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ।
ਜਿਵੇਂ ਹੀ ਇਹ ਗੱਲ ਏ.ਡੀ.ਜੀ.ਪੀ. ਰਾਕੇਸ਼ ਅਗਰਵਾਲ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਪੋਸਟ ਪਾ ਕੇ ਲੋਕਾਂ ਨੂੰ ਇਸ ਸਬੰਧੀ ਆਗਾਹ ਕੀਤਾ ਤਾਂਕਿ ਕੋਈ ਵਿਅਕਤੀ ਠੱਗੀ ਦਾ ਸ਼ਿਕਾਰ ਨਾ ਹੋ ਜਾਵੇ।
ਇਥੇ ਦੱਸ ਦੇਈਏ ਕਿ ਏ.ਡੀ.ਜੀ.ਪੀ. ਰਾਕੇਸ਼ ਅਗਰਵਾਲ ਲੁਧਿਆਣਾ ਪੁਲਸ ਕਮਿਸ਼ਨਰ ਵੀ ਰਹਿ ਚੁੱਕੇ ਹਨ।
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਿਨ੍ਹਾਂ ’ਚ ਕਿਸੇ ਪੁਲਸ ਅਧਿਕਾਰੀ ਦੀ ਫੋਟੋ ਲਾ ਕੇ ਜਾਂ ਫੇਕ ਆਈ.ਡੀ. ਬਣਾ ਕੇ ਪੈਸਿਆਂ ਦੀ ਮੰਗ ਕੀਤੀ ਗਈ ਹੋਵੇ।
ਇਸ ਤੋਂ ਪਹਿਲਾਂ ਸਾਬਕਾ ਪੁਲਸ ਕਮਿਸ਼ਨਰ ਕੌਸਤੁਭ ਸ਼ਰਮਾ, ਸਾਬਕਾ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਸਾਬਕਾ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਆਦਿ ਦੀ ਫੋਟੋ ਦੀ ਵੀ ਗਲਤ ਵਰਤੋਂ ਹੋ ਚੁੱਕੀ ਹੈ ਅਤੇ ਕਈਆਂ ਦੀ ਫੇਕ ਆਈ.ਡੀ. ਵੀ ਬਣ ਚੁੱਕੀ ਹੈ।