Chandigarh -ਚੰਡੀਗੜ੍ਹ ਵਿਚ ਸੀਬੀਆਈ ਅਧਿਕਾਰੀ ਬਣ ਕੇ 1 ਕਰੋੜ ਠੱਗਣ ਦੇ ਮਾਮਲੇ ‘ਚ 10 ਸਾਈਬਰ ਠੱਗ ਗ੍ਰਿਫ਼ਤਾਰ
ਸੀਬੀਆਈ ਅਧਿਕਾਰੀ ਬਣ ਕੇ 1 ਕਰੋੜ ਠੱਗਣ ਦੇ ਮਾਮਲੇ ‘ਚ 10 ਸਾਈਬਰ ਠੱਗ ਗ੍ਰਿਫ਼ਤਾਰ, ਸੇਵਾਮੁਕਤ ਬ੍ਰਿਗੇਡੀਅਰ ਦੀ ਪਤਨੀ
ਨਾਲ ਮਾਰੀ ਸੀ ਠੱਗੀ
ਧੋਖੇਬਾਜ਼ ਨੇ ਇਹ ਅਪਰਾਧ ਸੀਬੀਆਈ ਅਧਿਕਾਰੀ ਬਣ ਕੇ ਕੀਤਾ ਸੀ, ਕਿਉਂਕਿ ਇਹ ਮਾਮਲਾ ਇਕ ਸੇਵਾਮੁਕਤ ਬ੍ਰਿਗੇਡੀਅਰ ਨਾਲ ਸਬੰਧਤ ਸੀ, ਇਸ ਲਈ ਪੁਲਿਸ ਤੁਰੰਤ ਸਰਗਰਮ ਹੋ ਗਈ ਅਤੇ ਸਿਰਫ਼ 18 ਦਿਨਾਂ ’ਚ 10 ਸਾਈਬਰ ਠੱਗਾਂ ਨੂੰ ਫੜ ਲਿਆ।
ਚੰਡੀਗੜ੍ਹ : ਚੰਡੀਗੜ੍ਹ ’ਚ ਇਕ ਸੇਵਾਮੁਕਤ ਬ੍ਰਿਗੇਡੀਅਰ ਦੀ ਪਤਨੀ ਨਾਲ ਵੀਡੀਓ ਕਾਲ ਰਾਹੀਂ 1 ਕਰੋੜ ਰੁਪਏ ਦੀ ਠੱਗੀ ਮਾਰੀ ਗਈ। ਧੋਖੇਬਾਜ਼ ਨੇ ਇਹ ਅਪਰਾਧ ਸੀਬੀਆਈ ਅਧਿਕਾਰੀ ਬਣ ਕੇ ਕੀਤਾ ਸੀ, ਕਿਉਂਕਿ ਇਹ ਮਾਮਲਾ ਇਕ ਸੇਵਾਮੁਕਤ ਬ੍ਰਿਗੇਡੀਅਰ ਨਾਲ ਸਬੰਧਤ ਸੀ, ਇਸ ਲਈ ਪੁਲਿਸ ਤੁਰੰਤ ਸਰਗਰਮ ਹੋ ਗਈ ਅਤੇ ਸਿਰਫ਼ 18 ਦਿਨਾਂ ’ਚ 10 ਸਾਈਬਰ ਠੱਗਾਂ ਨੂੰ ਫੜ ਲਿਆ। ਇਨ੍ਹਾਂ ਮੁਲਜ਼ਮਾਂ ਤੋਂ 6 ਸਿਮ ਬਾਕਸ, 400 ਸਿਮ ਕਾਰਡ, ਲੈਪਟਾਪ ਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਹ ਸਾਈਬਰ ਠੱਗ ਲੋਕਾਂ ਨੂੰ ਜਾਅਲੀ ਪਛਾਣਾਂ ਨਾਲ ਡਰਾ ਕੇ ਆਨਲਾਈਨ ਠੱਗੀ ਮਾਰਦੇ ਸਨ। ਉਹ ਵਿਦੇਸ਼ਾਂ ਤੋਂ ਕਾਲਾਂ ਕਰਨ ਲਈ ਸਿਮ ਬਾਕਸ ਦੀ ਵਰਤੋਂ ਕਰਦੇ ਸਨ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਇਹ ਗਿਰੋਹ ਨਾ ਸਿਰਫ਼ ਭਾਰਤ ’ਚ ਸਗੋਂ ਦੂਜੇ ਦੇਸ਼ਾਂ ’ਚ ਵੀ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਇਸ ਤੋਂ ਬਾਅਦ ਕ੍ਰਿਪਟੋਕਰੰਸੀ ’ਚ ਭੁਗਤਾਨ ਪ੍ਰਾਪਤ ਹੋਇਆ। ਐੱਸਪੀ ਸਾਈਬਰ ਕ੍ਰਾਈਮ ਗੀਤਾਂਜਲੀ ਖੰਡੇਲਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 11 ਜੁਲਾਈ ਨੂੰ ਠੱਗੀ ਦਾ ਸ਼ਿਕਾਰ ਹੋਈ ਔਰਤ ਸੈਕਟਰ-33ਡੀ ਦੀ ਵਾਸੀ ਮਨਜੀਤ ਕੌਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਮਨਜੀਤ ਨੇ ਦੱਸਿਆ ਕਿ 11 ਜੁਲਾਈ, 2025 ਨੂੰ ਉਸ ਨੂੰ ਮੋਬਾਈਲ ਨੰਬਰ ਤੋ ਇਕ ਵਾਇਸ ਕਾਲ ਆਈ ਅਤੇ ਬਾਅਦ ’ਚ ਇਕ ਵ੍ਹਟਸਐਪ ਵੀਡੀਓ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣਾ ਨਾਮ ਸੀਬੀਆਈ ਅਧਿਕਾਰੀ ਸੁਨੀਲ ਦੱਸਿਆ ਅਤੇ ਕਿਹਾ ਕਿ ਉਸ ਦੇ ਆਧਾਰ ਕਾਰਡ, ਮੋਬਾਈਲ ਨੰਬਰ ਤੇ ਆਈਸੀਆਈਸੀਆਈ ਬੈਂਕ ਖਾਤੇ ਨੂੰ ਮਨੀ ਲਾਂਡਰਿੰਗ ਲਈ ਵਰਤਿਆ ਜਾ ਰਿਹਾ ਹੈ। ਇਸ ਤੋਂ ਬਾਅਦ ਜਾਅਲੀ ਦਸਤਾਵੇਜ਼ ਤੇ ਪਾਸਬੁੱਕ ਭੇਜ ਕੇ ਅਤੇ ਉਨ੍ਹਾਂ ਨੂੰ ਧਮਕੀ ਦੇ ਕੇ, 1,01,65,094 ਰੁਪਏ ਵੱਖ-ਵੱਖ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ। ਜਿਵੇਂ ਹੀ ਪੁਲਿਸ ਨੂੰ ਇਕ ਔਰਤ ਤੋਂ 1 ਕਰੋੜ ਰੁਪਏ ਦੀ ਧੋਖਾਧੜੀ ਦੀ ਸ਼ਿਕਾਇਤ ਮਿਲੀ। ਜਿਸਦਾ ਸਿਮ ਲੁਧਿਆਣਾ ਤੇ ਮਿਜ਼ੋਰਮ ਤੋਂ ਐਕਟੀਵੇਟ ਕੀਤਾ ਗਿਆ ਸੀ, ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਐਸਪੀ ਗੀਤਾਂਜਲੀ ਖੰਡੇਲਵਾਲ ਨੇ ਦੱਸਿਆ ਕਿ ਉਸੇ ਨੰਬਰ ਤੋਂ ਸੀਬੀਆਈ ਅਧਿਕਾਰੀ ਹੋਣ ਦਾ ਦਾਅਵਾ ਕਰਨ ਵਾਲੇ ਇਕ ਵਿਅਕਤੀ ਵੱਲੋਂ ਔਰਤ ਮਨਜੀਤ ਕੌਰ ਨੂੰ ਵੀਡੀਓ ਕਾਲ ਕੀਤੀ ਗਈ ਤੇ ਉਸ ਨੂੰ ਜਾਅਲੀ ਦਸਤਾਵੇਜ਼ ਤੇ ਸਰਕਾਰੀ ਮੋਹਰ ਦਿਖਾ ਕੇ ਠੱਗਿਆ ਗਿਆ।
ਐੱਸਪੀ ਗੀਤਾਂਜਲੀ ਖੰਡੇਲਵਾਲ ਨੇ ਕਿਹਾ ਕਿ ਤਕਨੀਕੀ ਜਾਂਚ ਤੇ ਟਾਵਰ ਲੋਕੇਸ਼ਨ ਦੇ ਆਧਾਰ ‘ਤੇ ਇਹ ਮਾਮਲਾ ਯੂਪੀ ਦੇ ਮੇਰਠ ਨਾਲ ਜੁੜਿਆ ਹੋਇਆ ਸੀ। ਇਸ ‘ਤੇ ਪੁਲਿਸ ਟੀਮ ਨੇ 24 ਜੁਲਾਈ ਨੂੰ ਮੇਰਠ ’ਚ ਛਾਪਾ ਮਾਰਿਆ, ਜਿੱਥੋਂ ਪਰਵੇਜ਼ ਚੌਹਾਨ (33) ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਤੋਂ ਬਾਅਦ 27 ਜੁਲਾਈ ਨੂੰ ਲੁਧਿਆਣਾ ਤੇ 29 ਜੁਲਾਈ ਨੂੰ ਅੰਮ੍ਰਿਤਸਰ ’ਚ ਛਾਪੇਮਾਰੀ ਕੀਤੀ। 27 ਜੁਲਾਈ ਨੂੰ ਲੁਧਿਆਣਾ ’ਚ ਛਾਪੇਮਾਰੀ ’ਚ ਵਿਜੇ ਕੁਮਾਰ ਸ਼ਾਹ (22) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਥੇ, ਜਾਂਚ ’ਚ ਖੁਲਾਸਾ ਹੋਇਆ ਕਿ ਵਿਜੇ ਨੇ ਇੱਕੋ ਵਿਅਕਤੀ ਦੇ ਨਾਮ ‘ਤੇ ਵੱਖ-ਵੱਖ ਟੈਲੀਕਾਮ ਕੰਪਨੀਆਂ ਦੇ ਸਿਮ ਕਾਰਡ ਧੋਖਾਧੜੀ ਨਾਲ ਐਕਟੀਵੇਟ ਕੀਤੇ ਸਨ। ਇਨ੍ਹਾਂ ਸਿਮ ਕਾਰਡਾਂ ਨੂੰ ਬਾਅਦ ’ਚ ਸਾਈਬਰ ਧੋਖਾਧੜੀ ’ਚ ਵਰਤਿਆ ਗਿਆ ਸੀ। 29 ਜੁਲਾਈ ਨੂੰ ਅੰਮ੍ਰਿਤਸਰ ’ਚ ਛਾਪਾ ਮਾਰਿਆ ਗਿਆ ਤੇ ਸ਼ੁਭਮ ਮਹਿਰਾ ਉਰਫ਼ ਸੰਨੀ (25) ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੌਕੇ ਤੋਂ 6 ਡਿਨਸਟਾਰ ਕੰਪਨੀ ਦੇ ਸਿਮ ਬਾਕਸ, ਲਗਭਗ 400 ਸਿਮ ਕਾਰਡ, 11 ਮੋਬਾਈਲ ਫੋਨ, 1 ਲੈਪਟਾਪ, 2 ਮੋਡਮ ਅਤੇ 1 ਰਾਊਟਰ ਬਰਾਮਦ ਕੀਤਾ ਗਿਆ। ਮੁਲਜ਼ਮ ਪਰਵੇਜ਼ ਚੌਹਾਨ ਤੋਂ 1 ਸਿਮ ਬਾਕਸ, ਬ੍ਰਾਡਬੈਂਡ ਰਾਊਟਰ, 70-80 ਸਿਮ ਕਾਰਡ, 3 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਜਦੋਂ ਕਿ ਮੁਲਜ਼ਮ ਸ਼ੁਭਮ ਮਹਿਰਾ ਤੋਂ 6 ਡਿਨਸਟਾਰ ਸਿਮ ਬਾਕਸ, ਲਗਭਗ 400 ਸਿਮ ਕਾਰਡ, 11 ਮੋਬਾਈਲ ਫੋਨ, 1 ਲੈਪਟਾਪ, 2 ਮੋਡਮ, 1 ਰਾਊਟਰ ਅਤੇ ਹੋਰ ਮੁਲਜ਼ਮਾਂ ਦੇ ਨਿੱਜੀ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।