What we have found is an ‘atom bomb’; there’s 100% proof EC doing ‘vote chori’ for BJP: Rahul Gandhi
It is an open and shut case. The Election Commission is resorting to vote theft for the BJP, says Congress leader Rahul Gandhi
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਭਾਜਪਾ ਲਈ ‘ਵੋਟ ਚੋਰੀ’ ਵਿਚ ਸ਼ਾਮਲ ਹੈ ਤੇ ਉਨ੍ਹਾਂ ਦੀ ਪਾਰਟੀ ਕੋਲ ਇਸ ਬਾਰੇ ‘ਐਟਮ ਬੰਬ’ ਵਾਂਗ ਪੱਕੇ ਸਬੂਤ ਹਨ। ਗਾਂਧੀ ਨੇ ਕਿਹਾ ਕਿ ‘ਜਿਸ ਦਿਨ ਇਹ ਬੰਬ ਫਟਿਆ’ ਉਸ ਦਿਨ ਚੋਣ ਕਮਿਸ਼ਨ ਨੂੰ ਮੂੰਹ ਲੁਕਾਉਣ ਲਈ ਕੋਈ ਥਾਂ ਨਹੀਂ ਲੱਭਣੀ।
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੇ ਇਥੇ ਸੰਸਦੀ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਕਿਹਾ ਸੀ ਕਿ ‘ਵੋਟ ਚੋਰੀ’ ਹੋ ਰਹੀ ਹੈ ਤੇ ਹੁਣ ਸਾਡੇ ਕੋਲ ਇਸ ਬਾਰੇ ਪੱਕੇ ਸਬੂਤ ਹਨ ਕਿ ਚੋਣ ਕਮਿਸ਼ਨ ‘ਵੋੋਟ ਚੋਰੀ’ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ, ‘‘ਮੈਂ ਇਹ ਮਜ਼ਾਕ ਵਿਚ ਨਹੀਂ ਕਹਿ ਰਿਹਾ। ਮੈਂ 100 ਫੀਸਦ ਸਬੂਤ ਨਾਲ ਇਹ ਗੱਲ ਕਹਿ ਰਿਹਾ ਹਾਂ। ਜਿਵੇਂ ਹੀ ਅਸੀਂ ਇਹ ਸਬੂਤ ਨਸ਼ਰ ਕੀਤੇ, ਪੂਰੇ ਦੇਸ਼ ਨੂੰ ਪਤਾ ਲੱਗ ਜਾਵੇਗਾ ਕਿ ਚੋਣ ਕਮਿਸ਼ਨ ‘ਵੋਟ ਚੋਰੀ’ ਵਿਚ ਸ਼ਾਮਲ ਹੈ। ਉਹ ਭਾਜਪਾ ਲਈ ਇਹ ਕਰ ਰਿਹਾ ਹੈ।’’
ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਪਿਛਲੇ ਸਾਲ ਮੱਧ ਪ੍ਰਦੇਸ਼ ਅਸੈਂਬਲੀ ਚੋਣਾਂ ਵਿਚ ਚੋਣ ਬੇਨਿਯਮੀਆਂ ਦਾ ਸ਼ੱਕ ਹੋਇਆ ਸੀ, ਫਿਰ ਲੋਕ ਸਭਾ ਚੋਣਾਂ ਤੇ ਮਹਾਰਾਸ਼ਟਰ ਚੋਣਾਂ ਵਿਚ ਇਹ ਹੋਰ ਵਧ ਗਿਆ।
ਗਾਂਧੀ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਵੋਟ ਚੋਰੀ ਸੂਬਾਈ ਪੱਧਰ ’ਤੇ (ਮਹਾਰਾਸ਼ਟਰ ਵਿੱਚ) ਹੋਈ ਹੈ। ਵੋਟਰਾਂ ਦੀ ਸੋਧ ਹੋਈ ਸੀ ਅਤੇ ਕਰੋੜਾਂ ਵੋਟਰ ਸ਼ਾਮਲ ਕੀਤੇ ਗਏ ਸਨ। ਚੋਣ ਕਮਿਸ਼ਨ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਤਾਂ ਅਸੀਂ ਆਪਣੇ ਪੱਧਰ ’ਤੇ ਜਾਂਚ ਕੀਤੀ ਤੇ ਇਸ ਦੀ ਹੋਰ ਡੂੰਘਾਈ ਨਾਲ ਜਾਂਚ ਕਰਨ ਦਾ ਫੈਸਲਾ ਕੀਤਾ।’’
ਉਨ੍ਹਾਂ ਕਿਹਾ, ‘‘ਅਸੀਂ ਆਪਣੀ ਜਾਂਚ ਖੁਦ ਕਰਵਾਈ, ਇਸ ਵਿੱਚ ਛੇ ਮਹੀਨੇ ਲੱਗੇ ਅਤੇ ਜੋ ਸਾਨੂੰ ਮਿਲਿਆ ਹੈ ਉਹ ਇੱਕ ਐਟਮ ਬੰਬ ਹੈ। ਜਦੋਂ ਇਹ ਫਟਿਆ ਤਾਂ ਚੋਣ ਕਮਿਸ਼ਨ ਕੋਲ ਦੇਸ਼ ਵਿੱਚ ਸਿਰ ਲੁਕਾਉਣ ਲਈ ਕੋਈ ਥਾਂ ਨਹੀਂ ਹੋਵੇਗੀ।’’ ਕਾਂਗਰਸ ਆਗੂ ਨੇ ਚੇਤਾਵਨੀ ਦਿੱਤੀ ਕਿ ਚੋਣ ਕਮਿਸ਼ਨ ਦੇ ਉਪਰ ਤੋਂ ਲੈ ਕੇ ਹੇਠਾਂ ਤੱਕ ਜਿਹੜੇ ਵੀ ਲੋਕ ਇਸ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਉਹ ‘ਭਾਰਤ ਵਿਰੁੱਧ ਕੰਮ ਕਰ ਰਹੇ ਹਨ।’ ਗਾਂਧੀ ਨੇ ਕਿਹਾ, ‘‘ਇਹ ਦੇਸ਼ਧ੍ਰੋਹ ਹੈ, ਇਸ ਤੋਂ ਘੱਟ ਕੁਝ ਨਹੀਂ। ਤੁਸੀਂ ਸੇਵਾਮੁਕਤ ਹੋ ਸਕਦੇ ਹੋ, ਤੁਸੀਂ ਕਿਤੇ ਵੀ ਹੋ ਸਕਦੇ ਹੋ, ਅਸੀਂ ਤੁਹਾਨੂੰ ਲੱਭ ਲਵਾਂਗੇ।’’