ਸਰੀ ਵੈਦਿਕ ਹਿੰਦੂ ਕਲਚਰ ਸੋਸਾਇਟੀ ਦਾ ਸਿੱਖ ਆਗੂਆਂ ਵਾਲੇ ਮਾਮਲੇ ਤੇ ਯੂ ਟਰਨ, ਮੰਗੀ ਮਾਫੀ – ਸਰੀ ਮੰਦਰ ਵਲੋਂ ਟੋਰੀ ਆਗੂ ਨੂੰ ਲਿਖੀ ਚਿੱਠੀ ਨੇ ਭੂਚਾਲ ਲਿਆਂਦਾ
ਸਰੀ ਦੇ ਲਕਸ਼ਮੀ ਨਾਰਾਇਣ ਮੰਦਰ ਨੂੰ ਚਲਾ ਰਹੀ ਵੈਦਿਕ ਹਿੰਦੂ ਕਲਚਰਲ ਸੁਸਾਇਟੀ ਨੇ ਹੁਣ ਇਹ ਸਪੱਸ਼ਟੀਕਰਨ ਅਤੇ ਮਾਫੀਨਾਮਾ ਜਾਰੀ ਕੀਤਾ ਹੈ।
*********************************
“ਪਿਆਰੇ ਮਿਸਟਰ ਪੋਲੀਏਵ ਅਤੇ ਸੀਪੀਸੀ ਟੀਮ,
ਸਾਡੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ 4 ਸਤੰਬਰ, 2024 ਨੂੰ ਤੁਹਾਡੇ ਦਫ਼ਤਰ ਨੂੰ ਭੇਜਿਆ ਗਿਆ ਸਾਡਾ ਪੱਤਰ ਮੀਡੀਆ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ ਅਤੇ ਇਸ ਨਾਲ ਇੰਡੋ-ਕੈਨੇਡੀਅਨ ਹਿੰਦੂਆਂ ਅਤੇ ਸਿੱਖਾਂ ਵਿੱਚ ਪਾੜਾ ਪੈਦਾ ਕਰਦੇ ਹੋਏ ਗੈਰ-ਵਾਜਬ ਅਤੇ ਬੇਲੋੜਾ ਵਿਵਾਦ ਪੈਦਾ ਹੋ ਗਿਆ ਹੈ।
ਅਸੀਂ ਅੱਗੇ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਉਕਤ ਪੱਤਰ ਵਿੱਚ ਦਰਸਾਏ ਗਏ ਕਿਸੇ ਵੀ ਤੱਥ ਦਾ ਕਿਸੇ ਵਿਅਕਤੀ ਜਾਂ ਕਿਸੇ ਵਿਸ਼ੇਸ਼ ਭਾਈਚਾਰੇ ਨੂੰ ਠੇਸ ਪਹੁੰਚਾਉਣ ਦਾ ਕੋਈ ਮਾੜਾ ਇਰਾਦਾ ਨਹੀਂ ਸੀ। ਵੈਦਿਕ ਹਿੰਦੂ ਕਲਚਰਲ ਸੋਸਾਇਟੀ ਆਫ ਬੀ.ਸੀ. ਹਮੇਸ਼ਾ ਹੀ ਅਹਿਮ ਭੂਮਿਕਾ ਨਿਭਾਉਂਦੀ ਰਹੀ ਹੈ ਅਤੇ ਹਮੇਸ਼ਾ ਦੋਹਾਂ ਭਾਈਚਾਰਿਆਂ ਦੀ ਏਕਤਾ ਅਤੇ ਅਖੰਡਤਾ ਲਈ ਖੜੀ ਰਹੀ ਹੈ।
ਜੇਕਰ ਸਾਡੇ ਪੱਤਰ ਨਾਲ ਕਿਸੇ ਵਿਸ਼ੇਸ਼ ਸਮੂਹ, ਵਿਅਕਤੀ ਜਾਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਅਸੀਂ ਦਿਲੋਂ ਮੁਆਫੀ ਮੰਗਦੇ ਹਾਂ, ਅਤੇ ਅੱਗੇ ਸਪੱਸ਼ਟ ਕਰ
ਦੇ ਹਾਂ ਕਿ ਅਸੀਂ ਹਮੇਸ਼ਾ ਸਦਭਾਵਨਾ ਵਾਲਾ ਮਾਹੌਲ ਬਣਾਉਣ ਦੀ ਆਪਣੀ ਵਚਨਬੱਧਤਾ ‘ਤੇ ਕਾਇਮ ਹਾਂ ਅਤੇ ਅਸੀਂ ਸਾਰੇ ਭਾਈਚਾਰਿਆਂ ਅਤੇ ਸਮੂਹਾਂ ਦਾ ਦਿਲੋਂ ਅਤੇ ਆਪਣੇ ਮੰਦਰ ਵਿੱਚ ਸਵਾਗਤ ਕਰਦੇ ਹਾਂ।
ਸਾਡਾ ਮੰਨਣਾ ਹੈ ਕਿ ਇਸ ਪੱਤਰ ਤੋਂ ਬਾਅਦ ਸਾਰੇ ਵਿਵਾਦਾਂ ਨੂੰ ਖਤਮ ਕਰਨਾ ਚਾਹੀਦਾ ਹੈ ਅਤੇ ਅਸੀਂ ਅਜੇ ਵੀ ਮਜ਼ਬੂਤ ਅਤੇ ਏਕੇ ਵਾਲੇ ਭਾਈਚਾਰੇ ਦੇ ਨਿਰਮਾਣ ਲਈ ਮਿਲ ਕੇ ਕੰਮ ਕਰ ਸਕਦੇ ਹਾਂ। ਅਸੀਂ ਅਜੇ ਵੀ ਸਾਡੇ ਚੱਲ ਰਹੇ ਸੰਚਾਰ ਅਤੇ ਵਿਚਾਰ-ਵਟਾਂਦਰੇ ਨੂੰ ਸਾਰਥਕ ਨਤੀਜਿਆਂ ਲਈ ਖੁੱਲ੍ਹਾ ਰੱਖਣਾ ਚਾਹਾਂਗੇ।
ਤੁਹਾਡਾ ਦਿਲੋਂ
ਸਤੀਸ਼ ਕੁਮਾਰ, ਪ੍ਰਧਾਨ”
*********************************
ਕੀ ਇਹ ਪੱਤਰ ਪਿਛਲੇ ਪੱਤਰ ਰਾਹੀਂ ਕੀਤੇ ਨੁਕਸਾਨ ਨੂੰ ਪੂਰਾ ਕਰ ਸਕੇਗਾ?
ਕੀ ਸਤੀਸ਼ ਕੁਮਾਰ ਜਾਂ ਉਨ੍ਹਾਂ ਵਿਅਕਤੀਆਂ ਦੇ ਨਾਮ ਦੱਸਣਗੇ, ਜਿਨ੍ਹਾਂ ਨੇ ਇਹ ਚਿੱਠੀ ਲਿਖੀ ਜਾਂ ਲਿਖਵਾਈ ਤੇ ਸਤੀਸ਼ ਕੁਮਾਰ ਜੀ ਨੇ ਬਿਨਾ ਪੜ੍ਹੇ ਦਸਤਖਤ ਕਰ ਦਿੱਤੇ?
ਇਹ ਸਮਾਂ ਪੈ ਕੇ ਪਤਾ ਲੱਗੇਗਾ।
ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਸਰੀ ਮੰਦਰ ਵਲੋਂ ਟੋਰੀ ਆਗੂ ਨੂੰ ਲਿਖੀ ਚਿੱਠੀ ਨੇ ਭੂਚਾਲ ਲਿਆਂਦਾ
ਸਰੀ ਵੈਦਿਕ ਹਿੰਦੂ ਕਲਚਰ ਸੋਸਾਇਟੀ ਨੂੰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਿੱਖ ਆਗੂਆਂ ਦੀ ਮੰਦਿਰ ਫੇਰੀ ‘ਤੇ ਸਖਤ ਇਤਰਾਜ਼
ਲਕਸ਼ਮੀ ਨਰਾਇਣ ਮੰਦਿਰ ਸਰੀ ਵਿਖੇ ਕੰਜ਼ਰਵੇਟਿਵ ਪਾਰਟੀ ਦੇ ਸਿੱਖ ਐਮਪੀ ਟਿਮ ਉਪਲ, ਜਸਰਾਜ ਹੱਲਣ ਤੇ ਹਰਜੋਤ ਗਿੱਲ ਵਲੋਂ ਜਨਮ ਅਸ਼ਟਮੀ ਮੌਕੇ ਫੇਰੀ ਪਾਉਣ ‘ਤੇ ਵੈਦਿਕ ਹਿੰਦੂ ਕਲਚਰ ਸੋਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ‘ ਨੇ ਕੰਜ਼ਰਵੇਟਿਵ ਪਾਰਟੀ ਪ੍ਰਧਾਨ ਨੂੰ ਚਿੱਠੀ ਲਿਖੀ ਹੈ ਕਿ ਵਿਰੋਧੀ ਵਿਚਾਰਧਾਰਾ ਵਾਲੇ ਸੰਸਦ ਮੈਂਬਰਾਂ ਨੂੰ ਹਿੰਦੂ ਮੰਦਿਰ ਚ ਭੇਜਣਾ ਬਹੁਤ ਗਲਤ ਹੈ। ਉਹਨਾਂ ਕੁਝ ਹੋਰ ਸੰਸਦ ਮੈਂਬਰਾਂ ਦੇ ਨਾਮ ਸੁਝਾਏ ਹਨ ਜੋ ਹਿੰਦੂ ਪਿਛੋਕੜ ਨਾਲ ਸਬੰਧ ਰੱਖਦੇ ਹਨ ਜਾਂ ਹਿੰਦੂ ਮਾਨਸਿਕਤਾ ਸਮਝਦੇ ਹਨ।
ਸਰੀ ‘ਚ ਹਿੰਦੂ ਮੰਦਿਰ ਚਲਾਉਣ ਵਾਲੀ ਸੁਸਾਇਟੀ ਵਲੋਂ ਕੰਜ਼ਰਵਟਿਵ ਪਾਰਟੀ ਨੂੰ ਲਿਖੀ ਚਿੱਠੀ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਹੈ। ਪ੍ਰਧਾਨ ਸਤੀਸ਼ ਕੁਮਾਰ ਜੀ ਨੇ ਮੇਰੇ ਨਾਲ ਫੋਨ ‘ਤੇ ਗੱਲ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਇਹ ਚਿੱਠੀ ਉਨ੍ਹਾਂ ਨੇ ਹੀ ਕੰਜ਼ਰਵਟਿਵ ਪਾਰਟੀ ਨੂੰ ਲਿਖੀ ਹੈ।
ਕੁਝ ਦਿਨ ਪਹਿਲਾਂ ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਵਿੱਚ ਕੰਜ਼ਰਵਟਿਵ ਪਾਰਟੀ ਦੇ ਸਿੱਖ ਐਮ.ਪੀ. ਟਿਮ ਸਿੰਘ ਉਪਲ, ਐਮ.ਪੀ. ਜਸਰਾਜ ਸਿੰਘ ਹੱਲਣ ਅਤੇ ਐਮ.ਪੀ. ਦੀ ਚੋਣ ਲੜ ਰਹੇ ਹਰਜੀਤ ਸਿੰਘ ਗਿੱਲ ਅਤੇ ਜੈਸੀ ਸਹੋਤਾ ਨੂੰ ਜਨਮ ਅਸ਼ਟਮੀ ਮੌਕੇ ਮੰਦਰ ਵਿੱਚ ਸੱਦਿਆ ਗਿਆ ਅਤੇ ਸਨਮਾਨਿਤ ਕੀਤਾ ਗਿਆ।
ਬਾਅਦ ਵਿੱਚ ਇਸ ਚਿੱਠੀ ਰਾਹੀਂ ਪ੍ਰਧਾਨ ਸਤੀਸ਼ ਕੁਮਾਰ ਜੀ ਨੇ ਕੰਜ਼ਰਵਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਏਵ ਨੂੰ ਲਿਖਿਆ, “ਕੈਨੇਡੀਅਨ ਹਿੰਦੂ ਪੂਜਾ ਸਥਾਨਾਂ ‘ਤੇ ‘ਵਿਰੋਧੀ ਵਿਚਾਰਧਾਰਾ ਵਾਲੇ ਵਿਅਕਤੀਆਂ’ ਨੂੰ ਭੇਜਣ ਦੀ ਤੁਹਾਡੀ ਚੋਣ ਵਿੱਚ ਸੱਭਿਆਚਾਰਕ ਸੰਵੇਦਨਸ਼ੀਲਤਾ ਦੀ ਘਾਟ ਨੂੰ ਦੇਖ ਕੇ ਅਸੀਂ ਨਿਰਾਸ਼ ਹਾਂ।”
ਸੋਸ਼ਲ ਮੀਡੀਆ ‘ਤੇ ਇਹ ਚਿੱਠੀ ਵਾਇਰਲ ਹੋਣ ਤੋਂ ਬਾਅਦ ਕੈਨੇਡੀਅਨ ਸਿੱਖ ਬੜੇ ਸਦਮੇ ਵਿੱਚ ਹਨ ਕਿ ਉਹ ਤਾਂ ਹਮੇਸ਼ਾ “ਹਿੰਦੂ-ਸਿੱਖ ਭਾਈ-ਭਾਈ” ਹੋਣ ਵਿੱਚ ਵਿਸ਼ਵਾਸ ਰੱਖਦੇ ਰਹੇ ਹਨ ਪਰ ਇਹ ਜ਼ਿੰਮੇਵਾਰ ਹਿੰਦੂ ਆਗੂ ਕੰਜ਼ਰਵਟਿਵ ਸਿੱਖ ਐਮਪੀਜ਼ ਅਤੇ ਉਮੀਦਵਾਰਾਂ ਨੂੰ ‘ਵਿਰੋਧੀ ਵਿਚਾਰਧਾਰਾ ਵਾਲੇ ਵਿਅਕਤੀ’ ਦੱਸ ਰਹੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ