Punjab – ਕਲਯੁੱਗੀ ਨੂੰਹ ਦਾ ਸ਼ਰਮਨਾਕ ਕਾਰਾ, ਜਾਇਦਾਦ ਪਿੱਛੇ ਕਰ’ਤਾ ਇਹ ਕਾਂਡ, ਰੌਂਗਟੇ ਖੜ੍ਹੇ ਕਰੇਗਾ ਪੂਰਾ ਮਾਮਲਾ
ਨਾਭਾ- ਦਿਨੋ ਦਿਨ ਰਿਸ਼ਤੇ ‘ਚ ਵਿਵਾਦ ਪੈਦਾ ਹੁੰਦੇ ਨਜ਼ਰ ਆ ਰਹੇ ਹਨ ਅਤੇ ਘਰੇਲੂ ਝਗੜੇ ਅਕਸਰ ਹਿੰਸਕ ਰੂਪ ਧਾਰ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਨਾਭਾ ਬਲਾਕ ਦੇ ਪਿੰਡ ਦੰਦਰਾਲਾ ਢੀਡਸਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੂੰਹ ਵੱਲੋਂ ਆਪਣੀ 65 ਸਾਲਾ ਸੱਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮੌਤ ‘ਤੇ ਘਾਟ ਉਤਾਰ ਦਿੱਤਾ ਹੈ।ਪੁਲਸ ਨੇ ਮੁਲਜ਼ਮ ਨੂੰਹ ਸਰਬਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਹਿਚਾਣ ਰਜਿੰਦਰ ਕੌਰ ਵਜੋਂ ਹੋਈ ਹੈ, ਜਿਸ ਦੀ ਮੌਤ 12 ਜੁਲਾਈ ਨੂੰ ਹੋਈ।
ਮ੍ਰਿਤਕ ਦੇ ਭਰਾ ਬਲਬੀਰ ਸਿੰਘ ਅਤੇ ਪਤੀ ਨੇ ਦੱਸਿਆ ਕਿ ਰਜਿੰਦਰ ਕੌਰ ਦੀ ਨੂੰਹ ਵੱਲੋਂ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਆਖ਼ਰਕਾਰ ਜ਼ਹਿਰੀਲੀ ਚੀਜ਼ ਦੇ ਕੇ ਉਸਦੀ ਜਾਨ ਲੈ ਲਈ ਗਈ। ਉਨ੍ਹਾਂ ਇਨਸਾਫ ਦੀ ਮੰਗ ਕੀਤੀ ਹੈ। ਪਿੰਡ ਦੇ ਸਰਪੰਚ ਸਮੇਤ ਕਈ ਪਿੰਡ ਵਾਸੀਆਂ ਨੇ ਵੀ ਪੁਸ਼ਟੀ ਕੀਤੀ ਕਿ ਘਰ ਵਿਚ ਪਿਛਲੇ ਕਾਫੀ ਸਮੇਂ ਤੋਂ ਝਗੜੇ ਚੱਲ ਰਹੇ ਸਨ। ਜਾਣਕਾਰੀ ਅਨੁਸਾਰ, ਪਰਿਵਾਰ ਵੱਲੋਂ ਕੁਝ ਜਾਇਦਾਦ ਨੂੰਹ ਦੇ ਨਾਂ ਕੀਤੀ ਗਈ ਸੀ, ਪਰ ਫਿਰ ਵੀ ਮੁਲਜ਼ਮ ਨੂੰਹ ਲਗਾਤਾਰ ਹੋਰ ਜਾਇਦਾਦ ਅਤੇ ਪੈਸਿਆਂ ਦੀ ਮੰਗ ਕਰਦੀ ਰਹੀ।
ਮਾਮਲੇ ਦੀ ਜਾਂਚ ਕਰ ਰਹੇ ਦੰਦਰਾਲਾ ਢੀਡਸਾ ਪੁਲਸ ਚੌਂਕੀ ਦੇ ਇੰਚਾਰਜ ਪੰਜਾਬ ਸਿੰਘ ਨੇ ਪੁਸ਼ਟੀ ਕੀਤੀ ਕਿ ਘਰੇਲੂ ਕਲੇਸ਼ ਦੇ ਚਲਦਿਆਂ ਹੀ ਇਹ ਮਾਮਲਾ ਵਾਪਰਿਆ। ਉਨ੍ਹਾਂ ਦੱਸਿਆ ਕਿ ਰਜਿੰਦਰ ਕੌਰ ਅਤੇ ਉਸ ਦੀ ਨੂੰਹ ਵਿਚਕਾਰ ਲੰਮੇ ਸਮੇਂ ਤੋਂ ਜਾਇਦਾਦ ਸੰਬੰਧੀ ਝਗੜਾ ਚੱਲ ਰਿਹਾ ਸੀ। ਜਿਸ ਕਾਰਨ ਨੂੰਹ ਵੱਲੋਂ ਇਹ ਅਪਰਾਦ ਕੀਤਾ ਗਿਆ। ਫਿਲਹਾਲ ਪੁਲਸ ਵੱਲੋਂ ਸਰਬਜੀਤ ਕੌਰ ਖ਼ਿਲਾਫ਼ ਕਤਲ ਦੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਰ ਵੀ ਕਾਨੂੰਨੀ ਕਾਰਵਾਈ ਜਾਰੀ ਹੈ।