ਜਗਮੀਤ ਸਿੰਘ ਦੇ ਐਲਾਨ ਦਾ ਮਤਲਬ
ਐਨਡੀਪੀ ਆਗੂ ਜਗਮੀਤ ਸਿੰਘ ਨੇ ਲਿਬਰਲ ਸਰਕਾਰ ਨਾਲ ਕੀਤਾ ਉਹ ਸਮਝੌਤਾ ਤੋੜ ਲਿਆ ਹੈ, ਜਿਸ ਅਧੀਨ 2022 ਵਿੱਚ ਇਹ ਤੈਅ ਹੋਇਆ ਸੀ ਕਿ ਜੇਕਰ ਟਰੂਡੋ ਸਰਕਾਰ ਖਿਲਾਫ ਵਿਰੋਧੀ ਪਾਰਟੀਆਂ (ਕੰਜ਼ਰਵਟਿਵ-ਬਲੌਕ ਕਿਊਬੈਕਵਾ-ਗਰੀਨ ਪਾਰਟੀ) ਕੋਈ ਬੇਭਰੋਸਗੀ ਦਾ ਮਤਾ ਲਿਆਉਣ ਤਾਂ ਐਨਡੀਪੀ ਦੇ ਐਮਪੀ ਸਰਕਾਰ ਦੇ ਹੱਕ ‘ਚ ਭੁਗਤ ਕੇ ਸਰਕਾਰ ਟੁੱਟਣ ਤੋਂ ਬਚਾਅ ਲੈਣਗੇ। ਬਦਲੇ ਵਿੱਚ ਟਰੂਡੋ ਸਰਕਾਰ ਨੇ ਐਨਡੀਪੀ ਦੀਆਂ ਕੁਝ ਲੋਕ-ਪੱਖੀ ਮੰਗਾਂ ਮੰਨੀਆਂ ਸਨ, ਜਿਵੇਂ ਕਿ ਦੰਦਾਂ ਦੀ ਸੰਭਾਲ ਅਤੇ ਫਾਰਮਾਕੇਅਰ ਪ੍ਰੋਗਰਾਮ ਆਦਿ।
ਜਗਮੀਤ ਸਿੰਘ ਵਲੋਂ ਅੱਜ ਕੀਤੇ ਐਲਾਨ ਨਾਲ ਟਰੂਡੋ ਸਰਕਾਰ ਤੁਰੰਤ ਨਹੀਂ ਟੁੱਟੇਗੀ ਪਰ ਅੱਗੇ ਖਤਰਾ ਬਣ ਗਿਆ ਹੈ। ਜੇਕਰ ਵਿਰੋਧੀ ਪਾਰਟੀਆਂ ਹੁਣ ਟਰੂਡੋ ਸਰਕਾਰ ਵਿਰੁੱਧ ਕੋਈ ਬੇਭਰੋਸਗੀ ਦਾ ਮਤਾ ਲੈ ਆਉਣ ਤੇ ਜੇਕਰ ਉਹ ਮਤਾ ਐਨਡੀਪੀ ਦੇ ਬੁਨਿਆਦੀ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ ਤਾਂ ਜਗਮੀਤ ਸਿੰਘ ਤੇ ਸਾਥੀ ਟਰੂਡੋ ਸਰਕਾਰ ਦਾ ਬਚਾਅ ਨਹੀਂ ਕਰਨਗੇ।
ਪਰ ਜੇ ਬੇਭਰੋਸਗੀ ਦਾ ਮਤਾ ਕਿਸੇ ਅਜਿਹੇ ਮੁੱਦੇ ‘ਤੇ ਹੋਵੇ, ਜੋ ਐਨਡੀਪੀ ਦੀ ਵੀ ਸਿਧਾਂਤਕ ਪੁਜ਼ੀਸ਼ਨ ਹੋਵੇ ਤਾਂ ਜਗਮੀਤ ਸਿੰਘ ਨੂੰ ਸਾਥ ਦੇਣਾ ਹੀ ਪਵੇਗਾ।
ਜ਼ਾਹਰ ਹੈ ਕਿ ਹੁਣ ਵਿਰੋਧੀ ਧਿਰਾਂ ਸਰਕਾਰ ਸੁੱਟਣ ਲਈ ਕੋਈ ਅਜਿਹਾ ਬੇਭਰੋਸਗੀ ਦਾ ਮਤਾ ਲੱਭਣਗੀਆਂ, ਜਿਸ ‘ਤੇ ਜਗਮੀਤ ਸਿੰਘ ਤੇ ਐਨਡੀਪੀ ਵੀ ਟਰੂਡੋ ਸਰਕਾਰ ਦੀ ਪੁਜ਼ੀਸ਼ਨ ਦੇ ਉਲਟ ਹੋਣ।
ਦੱਸ ਦੇਈਏ ਕਿ ਤਿੰਨ ਕੁ ਹਫਤੇ ਪਹਿਲਾਂ ਰੇਲਵੇ ਹੜਤਾਲ ਦੇ ਮਾਮਲੇ ‘ਤੇ ਜਗਮੀਤ ਸਿੰਘ ਨੇ ਟਰੂਡੋ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਸਰਕਾਰ ਇਸ ਹੜਤਾਲ ‘ਚ ਦਖਲਅੰਦਾਜ਼ੀ ਨਾ ਕਰੇ ਵਰਨਾ ਅਸੀਂ ਕੁਝ ਕਰਾਂਗੇ।
ਦੂਜੇ ਪਾਸੇ ਕੰਜ਼ਰਵਟਿਵ ਆਗੂ ਪੀਅਰ ਪੌਲੀਐਵ ਨੇ ਵੀ ਜਗਮੀਤ ਸਿੰਘ ਨੂੰ ਲੋਕ ਪੱਖ ‘ਚ ਸਰਕਾਰ ਤੋਂ ਹਮਾਇਤ ਵਾਪਸ ਲੈ ਕੇ ਦਿਖਾਉਣ ਦਾ ਮਿਹਣਾ ਮਾਰਿਆ ਸੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ