ਸ਼ਰਾਬ ਵਰਤਾਉਣ ਵਾਲੀ ਜਗ੍ਹਾ ‘ਤੇ ਅਨੰਦ ਕਾਰਜ ਰੋਕਣ ਦਾ ਮੁੱਦਾ
ਜਿਸ ਜਗ੍ਹਾ ਸ਼ਰਾਬ ਵਰਤਾਈ ਜਾਂਦੀ ਹੋਵੇ, ਉੱਥੇ ਗੁਰੂ ਗ੍ਰੰਥ ਸਾਹਿਬ ਲਿਜਾਣ ‘ਤੇ ਅਕਾਲ ਤਖ਼ਤ ਸਾਹਿਬ ਵਲੋਂ ਲਾਈ ਪਾਬੰਦੀ ‘ਤੇ ਪੰਜਾਬ ਵਿੱਚ ਸਾਰੇ ਅਮਲ ਕਰਦੇ ਹਨ ਪਰ ਪਿਛਲੇ ਕੁਝ ਸਾਲਾਂ ‘ਚ ਬਾਹਰਲੇ ਮੁਲਕਾਂ ‘ਚ ਡੈਸਟੀਨੇਸ਼ਨ ਵੈਡਿੰਗਜ਼ ਦੌਰਾਨ ਬੀਚ, ਪਾਰਕ, ਗੌਲਫ ਕੋਰਸ, ਫਾਰਮ ਆਦਿ ‘ਤੇ ਅਨੰਦ ਕਾਰਜ ਕਰਨ ਦਾ ਰੁਝਾਨ ਵਧਿਆ ਹੈ।
ਚਾਹੀਦਾ ਤਾਂ ਇਹ ਸੀ ਕਿ ਸਿੱਖ ਘਰਾਂ ‘ਚ ਜੰਮੇ ਮਾਪੇ ਖੁਦ ਹੀ ਵਿਆਹੇ ਜਾਣ ਵਾਲੇ ਬੱਚਿਆਂ ਨੂੰ ਸਮਝਾਉਂਦੇ ਕਿ ਅਜਿਹਾ ਕਰਨਾ ਸਹੀ ਨਹੀਂ ਪਰ ਅਜਿਹਾ ਹੋ ਨਾ ਸਕਿਆ। ਕਈ ਥਾਂ ਰਿਸ਼ਤੇਦਾਰਾਂ ਨੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਗੱਲ ਮੰਨੀ ਨਾ ਗਈ। ਅੱਗਿਓਂ ਦਲੀਲ ਦਿੱਤੀ ਗਈ ਕਿ ਚਾਲੀ ਸਾਲ ਪਹਿਲਾਂ ਪਿੰਡਾਂ ‘ਚ ਵੀ ਤਾਂ ਇੱਦਾਂ ਹੀ ਕਰਦੇ ਸੀ। ਸਮਝਿਆ ਨਹੀਂ ਗਿਆ ਕਿ ਪਹਿਲਾਂ ਬਹੁਤ ਕੁਝ ਗਲਤ ਹੁੰਦਾ ਸੀ, ਜੋ ਹੁਣ ਸਹੀ ਕਰ ਲਿਆ ਗਿਆ। ਬਾਲ ਵਿਆਹ, ਭਰੂਣ ਹੱਤਿਆ, ਪੰਜਾਬ ‘ਚ ਮੈਰਿਜ ਪੈਲੇਸਾਂ ‘ਚ ਗੁਰੂ ਗ੍ਰੰਥ ਸਾਹਿਬ ਲਿਜਾਣਾ ਸਮਾਜ ਨੇ ਬੰਦ ਕਰ ਹੀ ਦਿੱਤਾ।
ਇਸ ਸਾਲ ਕੈਨੇਡਾ ਖਾਸਕਰ ਸਰੀ-ਵੈਨਕੂਵਰ ਇਲਾਕੇ ‘ਚ ਅਜਿਹੇ ਕਈ ਅਨੰਦ ਕਾਰਜ ਰੋਕੇ ਗਏ ਹਨ। ਕਈ ਥਾਂ ਮਿਲ-ਬਹਿ ਕੇ ਮਸਲਾ ਹੱਲ ਹੋ ਗਿਆ ਤੇ ਕਈ ਥਾਂ ਗੱਲ ਵੱਧ ਗਈ।
ਇਹ ਸਥਾਨਕ ਪੱਧਰ ‘ਤੇ ਸਾਡੇ ਸਾਰਿਆਂ ਲਈ ਫਿਕਰਮੰਦੀ ਦਾ ਕਾਰਨ ਹੈ। ਜਿੱਥੇ ਸਾਡਾ ਫਰਜ਼ ਬਣਦਾ ਕਿ ਸਿੱਖ ਕਹਾਉਣ ਨਾਤੇ ਧਾਰਮਿਕ ਅਤੇ ਨੈਤਿਕ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੀਏ, ਉੱਥੇ ਨਾਲ ਹੀ ਇਸ ਚੱਲੀ ਪ੍ਰਥਾ ਨੂੰ ਰੋਕਣ ਲਈ ਧੱਕੇਸ਼ਾਹੀ ਨਾਲੋਂ ਬੇਹੱਦ ਜ਼ਿੰਮੇਵਾਰੀ ਨਾਲ ਕਾਬੂ ਕਰਨ ਦੇ ਯਤਨ ਕਰੀਏ।
ਚੰਗਾ ਇਹੀ ਹੋਵੇਗਾ ਕਿ ਅਜਿਹੇ ਮਾਮਲੇ ‘ਚ ਬਹੁਤ ਸਾਵਧਾਨੀ ਵਰਤੀ ਜਾਵੇ, ਨਰਮਾਈ ਵਰਤਾਈ ਜਾਵੇ, ਸਮਾਂ ਦਿੱਤਾ ਜਾਵੇ, ਧੱਕਾ ਜਾਂ ਜ਼ਿੱਦ ਨਾ ਕੀਤੀ ਜਾਵੇ।
ਆਪਾਂ ਪਹਿਲਾਂ ਵੀ ਦੇਖਿਆ ਕਿ ਜ਼ਿੱਦ ਜਾਂ ਧੱਕੇ ਨਾਲ ਮਸਲੇ ਵਿਗੜ ਜਾਂਦੇ ਹਨ (ਜਿਵੇਂ ਕਿ ਲੰਗਰ ‘ਚ ਕੁਰਸੀਆਂ-ਮੇਜਾਂ ਦਾ ਮਸਲਾ) ਜਦਕਿ ਹੌਲੀ ਹੌਲੀ ਚੇਤਨਾ ਲਿਆਉਣ, ਜਾਣਕਾਰੀ ਦੇਣ ਨਾਲ ਬਹੁਤ ਲੋਕ ਮੰਨ ਜਾਂਦੇ ਹਨ, ਸਹਿਮਤ ਹੋ ਕੇ ਨਾਲ ਤੁਰ ਪੈਂਦੇ ਹਨ।
ਅਗਲੇ ਵਿਆਹ ਸੀਜ਼ਨ ਜਾਣੀ ਕਿ ਅਗਲੀਆਂ ਗਰਮੀਆਂ ਤੋਂ ਪਹਿਲਾਂ ਇਸ ਬਾਰੇ ਲੋਕਲ ਪੱਧਰ ‘ਤੇ ਚੇਤੰਨਤਾ ਲਿਆਂਦੀ ਜਾਵੇ। ਗੁਰਦੁਆਰਾ ਕਮੇਟੀਆਂ ਇਸ ਵਿੱਚ ਮੋਹਰੀ ਰੋਲ ਨਿਭਾਉਣ। ਸਾਰੇ ਗੁਰਦੁਆਰਾ ਪ੍ਰਬੰਧਕ ਇੱਕ ਵੱਡੀ ਆਪਸੀ ਮੀਟਿੰਗ ਕਰਨ ਤੇ ਯਕੀਨੀ ਬਣਾਉਣ ਕਿ ਉਸ ਥਾਂ ਮਹਾਰਾਜ ਦਾ ਸਰੂਪ ਨਾ ਭੇਜਿਆ ਜਾਵੇ, ਜਿੱਥੇ ਸ਼ਰਾਬ ਵਰਤਦੀ ਹੋਵੇ ਜਾਂ ਵਰਤਦੀ ਰਹੀ ਹੋਵੇ।
ਯਾਦ ਰਹੇ ਕਿ ਇਹ ਵਿਗਾੜ ਪੈਣ ਨੂੰ ਵੀ ਸਮਾਂ ਲੱਗਾ ਤੇ ਸੁਧਰਨ ਨੂੰ ਵੀ ਸਮਾਂ ਲੱਗਣਾ, ਸੋ ਸਮਾਂ ਦੇਈਏ।
ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਇਸ ਬਾਰੇ ਗੱਲ ਹੋਵੇ, ਮੀਡੀਏ ‘ਚ ਗੱਲ ਹੋਵੇ, ਮਹਿਫਲਾਂ ‘ਚ ਗੱਲ ਹੋਵੇ, ਜਦ ਵਿਚਾਰ ਵਟਾਂਦਰਾ ਹੋਇਆ ਤਾਂ ਬਹੁਗਿਣਤੀ ਲੋਕਾਂ ਨੇ ਸਤਿਕਾਰ ਸਹਿਤ ਮੰਨ ਜਾਣਾ। ਬਹੁਗਿਣਤੀ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਹਨ ਤੇ ਕਈ ਵਾਰ ਅਨਜਾਣੇ ‘ਚ ਭੁੱਲ ਕਰ ਬਹਿੰਦੇ ਹਨ। ਪਰ ਜੇ ਕੋਈ ਸਮਝਾਉਣ ਵਾਲਾ ਹੋਵੇ ਤਾਂ ਮੰਨ ਜਾਂਦੇ ਹਨ। ਹੌਲੀ-ਹੌਲੀ ਮੰਨਣ ਵਾਲੇ ਵਧ ਜਾਣੇ ਤੇ ਨਾ ਮੰਨਣ ਵਾਲੇ ਥੋੜ੍ਹੇ ਰਹਿ ਜਾਣਗੇ।
ਜਿਹੜੇ ਪਰਿਵਾਰ ਅਜਿਹੀਆਂ ਅਣਉਚਿਤ ਥਾਂਵਾਂ ‘ਤੇ ਅਨੰਦ ਕਾਰਜ ਵਾਸਤੇ ਬੁਕਿੰਗ ਕਰਾ ਕੇ ਫਸੇ ਮਹਿਸੂਸ ਕਰਦੇ ਹਨ, ਉਨ੍ਹਾਂ ਲਈ ਕੋਈ ਰਾਹ ਲੱਭਣ ‘ਚ ਮਦਦ ਕੀਤੀ ਜਾਵੇ। ਜਿਹੜੇ ਫਿਰ ਵੀ ਗਲਤੀ ਕਰਨ ਲਈ ਬਜ਼ਿੱਦ ਹਨ, ਉਨ੍ਹਾਂ ਨੂੰ ਸੁਮੱਤ ਬਖਸ਼ਣ ਲਈ ਵਾਹਿਗੁਰੂ ਪਾਸ ਅਰਦਾਸ ਕੀਤੀ ਜਾਵੇ। ਟਕਰਾਅ ‘ਚ ਨਾ ਪਿਆ ਜਵੇ।
ਸਭ ਤੋਂ ਵੱਡੀ ਗੱਲ ਕਿ ਇਸ ਮੁੱਦੇ ਨੂੰ ਗੁਰਦੁਆਰਾ ਪ੍ਰਬੰਧਕ ਆਪਣੇ ਕੰਟਰੋਲ ‘ਚ ਲੈਣ। ਜੇ ਕੋਈ ਮਸਲਾ ਪਤਾ ਲੱਗਦਾ ਹੈ ਤਾਂ ਜ਼ਿੰਮੇਵਾਰ ਪ੍ਰਬੰਧਕ ਜਾਂ ਗੁਰਦੁਆਰਿਆਂ ਵੱਲੋਂ ਬਣਾਈ ਕੋਈ ਸਾਂਝੀ ਕਮੇਟੀ ਪਰਿਵਾਰ ਨਾਲ ਸਮਾਂ ਰਹਿੰਦਿਆਂ ਰਾਬਤਾ ਕਰੇ।
ਮਾਫ ਕਰਨਾ, ਇਹ ਨਾ ਹੋਵੇ ਕਿ ਕੁਝ ਗੈਰ-ਜ਼ਿੰਮੇਵਾਰ ਲੋਕ ਮੂਹਰੇ ਲੱਗ ਕੇ ਭਾਈਚਾਰਕ ਸਾਂਝ ਦਾ ਨੁਕਸਾਨ ਕਰਵਾ ਜਾਣ। ਕੁਰਸੀਆਂ-ਮੇਜ਼ਾਂ ਦੇ ਟਕਰਾਅ ਵਾਰ ਵੀ ਦੇਖਿਆ ਸੀ ਕਿ ਤੱਤੀਆਂ ਗੱਲਾਂ ਕਰਕੇ ਟਕਰਾਅ ਕਰਵਾਉਣ ਵਾਲੇ ਮੁੜਕੇ ਕਿਤੇ ਲੱਭੇ ਨਹੀਂ ਸਨ ਤੇ ਭਾਈਚਾਰਾ ਬੁਰੀ ਤਰਾਂ ਵੰਡਿਆ ਗਿਆ ਸੀ।
ਅਗਲੇ ਵਿਆਹ ਸੀਜ਼ਨ ਤੋਂ ਪਹਿਲਾਂ ਸਾਰੇ ਗੁਰਦੁਆਰਾ ਪ੍ਰਬੰਧਕ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਗੰਭੀਰ ਮਸਲੇ ਦੇ ਹੱਲ ਲਈ ਅੱਗੇ ਆਉਣ। ਸਥਾਨਕ ਮੀਡੀਆ, ਪੰਜਾਬੀ ਪ੍ਰੈੱਸ ਕਲੱਬ ਇਹ ਗੱਲ ਅੱਗੇ ਪਹੁੰਚਾਉਣ ਅਤੇ ਵਿਚਾਰ ਵਟਾਂਦਰੇ ਲਈ ਹਰ ਤਰਾਂ ਸਾਥ ਦੇਣ ਲਈ ਤਿਆਰ ਹੈ।
ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਣ ਤੇ ਭਾਈਚਾਰੇ ਨੂੰ ਜਾਗਰੂਕ ਕਰਨ ਦਾ ਵੇਲਾ ਹੈ। ਸਹਿਜ, ਪਿਆਰ, ਸਤਿਕਾਰ, ਠਰ੍ਹੰਮਾ ਸਫਲਤਾ ਬਖਸ਼ੇਗਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
*ਇਹ ਮੇਰੇ ਨਿੱਜੀ ਵਿਚਾਰ ਹਨ, ਕੋਈ ਅੰਤਮ ਫੈਸਲਾ ਨਹੀਂ। ਬੇਨਤੀ ਹੈ।