MP Amritpal Singh — ਅੰਮ੍ਰਿਤਪਾਲ ਸਿੰਘ ਭਾਰਤ ਲਈ ਵੱਡਾ ਖਤਰਾ ਕਰਾਰ
•ਕਿੰਨੀ ਜਾਨ ਹੈ ਅੰਮ੍ਰਿਤਪਾਲ ਸਿੰਘ ਦੇ ਇੱਕ ਭਾਸ਼ਣ ਵਿੱਚ-ਸਟੇਟ ਨੇ ਕੀਤਾ ਸਵੀਕਾਰ
•ਵਕੀਲ ਦੀ ਦਲੀਲ ਨੇ ਸਾਡਾ ਇਤਿਹਾਸ ਸਾਹਮਣੇ ਲੈ ਆਂਦਾ।
•ਕਾਜ਼ੀ ਨੂਰ ਮੁਹੰਮਦ ਦੀ ਫਿਰ ਯਾਦ ਆਈ।
ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ
ਦੋਸਤੋ,ਪੰਜਾਬ ਸਰਕਾਰ ਦੇ ਵਕੀਲ, ਯਾਨੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਕੀਲ ਜਾਂ ਇੰਝ ਕਹਿ ਲਓ ਪੰਜਾਬ ਸਰਕਾਰ ਦੇ ਸਿਖਰਲੇ ਨੁਮਾਇੰਦੇ ਭਗਵੰਤ ਮਾਨ ਦੇ ਵਕੀਲ, ਯਾਨੀ ਭਾਰਤੀ ਸਟੇਟ ਦੇ ਵਕੀਲ ਅਨੁਪਮ ਗੁਪਤਾ ਨੇ ਜਦੋਂ ਪਹਿਲੀ ਦਸੰਬਰ ਵਾਲੇ ਦਿਨ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਇਜਲਾਸ ਵਿੱਚ ਸ਼ਾਮਿਲ ਹੋਣ ਬਾਰੇ ਪੈਰੋਲ ਦੇਣ ਦਾ ਸਖਤ ਵਿਰੋਧ ਕਰਦਿਆਂ ਇਹ ਦਲੀਲ ਦਿੱਤੀ ਕਿ ਪਾਰਲੀਮੈਂਟ ਵਿੱਚ ਉਸਦੇ ਇੱਕ ਭਾਸ਼ਣ ਨਾਲ ਪੰਜ ਦਰਿਆਵਾਂ ਨੂੰ ਅੱਗ ਲੱਗ ਜਾਵੇਗੀ।
ਅੰਮ੍ਰਿਤਪਾਲ ਨੂੰ ਜੇਕਰ ਕੋਈ ਵੀ ਮੰਚ ਦੇ ਦਿੱਤਾ ਗਿਆ ਭਾਵੇਂ ਉਹ ਸਰੀਰਕ ਹੋਵੇ ਤੇ ਭਾਵੇਂ ਵਰਚੁਅਲ ਹੋਵੇ-ਇਹ ਭਿਆਨਕ ਖਤਰਾ ਹੈ। ਜਦੋਂ ਇੱਕ ਪਾਰਲੀਮੈਂਟ ਮੈਂਬਰ ਨੂੰ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪਲੇਟਫਾਰਮ ਮਿਲ ਜਾਂਦਾ ਹੈ ਤਾਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਬਹੁਤ ਵੱਡਾ ਖਤਰਾ ਹੈ।ਉਸਦੇ ਇੱਕ ਭਾਸ਼ਣ ਨਾਲ ਪੰਜਾਬ ਤੇ ਦੇਸ਼ ਦੀ ਹੋਂਦ ਨੂੰ ਖਤਰਾ ਖੜਾ ਹੋ ਜਾਵੇਗਾ। ਉਸਦੇ ਭਾਸ਼ਣ ਨਾਲ ਪੰਜ ਦਰਿਆਵਾਂ ਨੂੰ ਅੱਗ ਲੱਗ ਜਾਵੇਗੀ।
ਦੋਸਤੋ,ਵਕੀਲ ਸਾਹਿਬ ਦੀ ਇਸ ਦਲੀਲ ਨੂੰ ਮੈਂ ਇੱਕ ਹੋਰ ਨਜ਼ਰੀਏ ਤੋਂ ਵੀ ਵੇਖਦਾ ਹਾਂ।ਮੇਰਾ ਦਿਲ ਕਰਦਾ ਹੈ ਕਿ ਤੁਸੀਂ ਵੀ ਮੇਰਾ ਸਾਥ ਦਿਓ। ਮੈਂ ਤੁਹਾਨੂੰ ਇਤਿਹਾਸ ਵੱਲ ਲੈ ਜਾਂਦਾ ਹਾਂ ਜਿਸ ਦਾ ਗੂੜਾ ਰਿਸ਼ਤਾ 1764 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਸੱਤਵੇਂ ਹਮਲੇ ਨਾਲ ਜੁੜਦਾ ਹੈ।ਇਸ ਜੰਗ ਬਾਰੇ ਕਾਜ਼ੀ ਨੂਰ ਮੁਹੰਮਦ ਨੇ ਸਿੱਖ ਕੌਮ ਦੀ ਸੂਰਮ ਗਤੀ ਬਾਰੇ ਜੋ ਨਕਸ਼ਾ ਖਿੱਚਿਆ ਹੈ ਉਹ ਕਮਾਲ ਦਾ ਹੈ ਅਤੇ ਉਸਦੀ ਇੱਕ ਝਲਕ ਵਕੀਲ ਸਾਹਿਬ ਦੀਆਂ ਦਲੀਲਾਂ ਨਾਲ ਵੀ ਜੁੜ ਜਾਂਦੀ ਹੈ।
ਕਾਜ਼ੀ ਨੂਰ ਮੁਹੰਮਦ ਅਹਿਮਦ ਸ਼ਾਹ ਅਬਦਾਲੀ ਦਾ ਨਿੱਜੀ ਇਤਿਹਾਸਕਾਰ ਸੀ।ਉਸ ਦੀ ਕਿਤਾਬ ‘ਜੰਗਨਾਮਾ’ ਵਿੱਚ ਸਿੱਖਾਂ ਦੀ ਬਹਾਦਰੀ ਅਤੇ ਉਨਾਂ ਦੇ ਉੱਚੇ ਸੁੱਚੇ ਆਚਰਨ ਬਾਰੇ ਜ਼ਿਕਰ ਕੁਝ ਇਸ ਅੰਦਾਜ਼ ਵਿੱਚ ਕੀਤਾ ਹੈ ਕਿ ਉਪਰੋਂ ਸਿੱਖਾਂ ਪ੍ਰਤੀ ਉਹ ਘਿਰਨਾ ਪ੍ਰਗਟ ਕਰ ਰਿਹਾ ਹੈ, ਪਰ ਅੰਦਰੋਂ ਸਿੱਖਾਂ ਦੀ ਬਹਾਦਰੀ ਤੇ ਉੱਚੇ ਆਚਰਨ ਦੇ ਗੁਣ ਗਾ ਰਿਹਾ ਹੈ ।

ਦੋਸਤੋ,ਇਸੇ ਤਰ੍ਹਾਂ ਵਕੀਲ ਅਨੁਪਮ ਗੁਪਤਾ ਵੀ ਉਪਰੋਂ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰ ਰਿਹਾ ਹੈ ਜੋ ਵਿਰੋਧ ਇੱਕ ਤਰ੍ਹਾਂ ਨਾਲ ਨਫਰਤ ਦੇ ਨੇੜੇ ਹੀ ਪਹੁੰਚ ਗਿਆ ਹੈ,ਪਰ ਅੰਦਰੋਂ ਇਹ ਮੰਨ ਰਿਹਾ ਹੈ ਕਿ ਉਸਦਾ ਇਕ ਭਾਸ਼ਣ ਪੰਜ ਦਰਿਆਵਾਂ ਨੂੰ ਅੱਗ ਲਾ ਦਵੇਗਾ।
ਦੋਸਤੋ,ਇਸ ਦਾ ਕੀ ਮਤਲਬ ਹੈ?ਇਸ ਦਾ ਸਾਫ ਤੇ ਸਪਸ਼ਟ ਮਤਲਬ ਹੈ ਕਿ ਉਹ ਕਾਜ਼ੀ ਨੂਰ ਮੁਹੰਮਦ ਵਾਂਗ ਅੰਦਰੋਂ ਇਹ ਮੰਨ ਰਿਹਾ ਹੈ ਕਿ ਉਸਦਾ ਇੱਕ ਭਾਸ਼ਣ,ਹਾਂ ਇਕ ਭਾਸ਼ਣ (ਇੱਕ ਭਾਸ਼ਣ ਸ਼ਬਦ ਨੂੰ 100 ਵਾਰ ਪੜੋਗੇ ਤਾਂ ਭਾਸ਼ਣ ਦੇ ਡੂੰਘੇ ਅਰਥ ਸਮਝਣ ਲੱਗਣਗੇ) ਯਾਨੀ ਉਸ ਦਾ ਇੱਕ ਭਾਸ਼ਣ ਕਿੰਨਾ ਬਲਵਾਨ,ਕਿੰਨਾ ਜ਼ੋਰਾਵਰ,ਕਿੰਨਾ ਸ਼ਕਤੀਸ਼ਾਲੀ ਕਿੰਨਾ ਪ੍ਰਭਾਵਸ਼ਾਲੀ, ਕਿੰਨਾ ਜਾਨਦਾਰ ਹੈ ਕਿ ਪੰਜ ਦਰਿਆਵਾਂ ਵਿੱਚ ਰਹਿਣ ਵਾਲੇ ਸਿੱਖਾਂ ਦੀਆਂ ਜ਼ਮੀਰਾਂ ਨੂੰ ਜਗਾ ਦਵੇਗਾ ਜਿਸ ਨੂੰ ਉਹ ਅੱਗ ਲਾਉਣਾ ਕਹਿ ਰਿਹਾ ਹੈ ਅਤੇ ਜਿਸ ਦੀ ਹਾਲ ਵਿੱਚ ਹੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਅੰਦੋਲਨ ਵਿੱਚ ਇੱਕ ਨਿੱਕੀ ਜਿਹੀ ਝਲਕ ਅਸਾਂ ਸਾਰਿਆਂ ਨੇ ਅੱਖੀ ਦੇਖੀ ।
ਮੈਂ ਅਨੁਪਮ ਗੁਪਤਾ ਜੀ ਨੂੰ ਸਲਾਮ ਕਰਦਾ ਹਾਂ ਕਿਉਂਕਿ ਉਸ ਦੇ ਰਾਹੀਂ ਸਟੇਟ ਨੇ ਟੇਢੇ ਢੰਗ ਨਾਲ ਸਵੀਕਾਰ ਕਰ ਲਿਆ ਹੈ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਇੱਕੋ ਇੱਕ ਕੌਮ ਦਾ ਹੀਰੋ ਹੈ ਜੋ ਪੰਜਾਬ ਦੇ ਰਾਜਨੀਤਿਕ ਖਿਲਾਅ ਨੂੰ ਨਾ ਕੇਵਲ ਭਰ ਸਕਦਾ ਹੈ ਸਗੋਂ ਸਭ ਰਾਜਸੀ ਪਾਰਟੀਆਂ ਦੀਆਂ ਦੁਕਾਨਾਂ ਵੀ ਬੰਦ ਕਰ ਦੇਵੇਗਾ।
ਹੁਣ ਸਿੱਖ ਕੌਮ ਨੇ ਵੇਖਣਾ ਹੈ ਕਿ ਉਸਨੇ ਆਪਣੀ ਲੰਮੀ ਖਾਮੋਸ਼ੀ ਤੋੜ ਕੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਕਿਹੜੇ ਕਦਮ ਚੁੱਕਣੇ ਹਨ।
ਕਿਸੇ ਸ਼ਾਇਰ ਦੀ ਆਵਾਜ਼:
ਲੋਕ ਤਾਂ ਸੌ ਜਾਣ ਖਾਮੋਸ਼ੀ ਦੀ ਚਾਦਰ ਤਾਣ ਕੇ,
ਸੁਣਦੀਆਂ ਮੈਨੂੰ ਹੀ ਸਾਰੀ ਰਾਤ ਆਵਾਜ਼ਾਂ ਕਿਉਂ?
ਰਾਤ 11ਵਜ ਕੇ 56 ਮਿੰਟ ਤੇ ਲਿਖਿਆ ਗਿਆ।
ਸੀਨੀਅਰ ਪੱਤਰਕਾਰ ਸ: ਕਰਮਜੀਤ ਸਿੰਘ