ਇੱਕ ‘ਤੇ ਹਮਲਾ, ਸਭ ‘ਤੇ ਹਮਲਾ
ਗਾਇਕ ਕਰਨ ਔਜਲਾ, ਗਿੱਪੀ ਗਰੇਵਾਲ ਤੋਂ ਬਾਅਦ ਏਪੀ ਢਿੱਲੋਂ ਦੇ ਘਰ ‘ਤੇ ਗੋਲੀਆਂ ਚਲਾਈਆ ਗਈਆਂ, ਅੱਗ ਲਾਈ ਗਈ।
ਮਸਲਾ ਸਾਰਾ ‘ਟਰਾਂਸਨੈਸ਼ਨਲ ਰਿਪਰੈਸ਼ਨ’ ਤੇ ‘ਵਿਦੇਸ਼ੀ ਦਖਲਅੰਦਾਜ਼ੀ’ ਦਾ ਹੈ।
ਸਿੱਖ ਕਾਰਕੁੰਨ, ਸਿੱਖ ਵਪਾਰੀ, ਸਿੱਖ ਟਰੱਕਰ ਅਤੇ ਸਿੱਖ ਗਾਇਕ ਨਿਸ਼ਾਨਾ ਬਣਾਏ ਜਾ ਰਹੇ ਹਨ। ਸਿੱਖ ਚਾਹੇ ਆਜ਼ਾਦੀ ਮੰਗਦਾ ਜਾਂ ਨਹੀਂ, ਉਸਦੇ ਕਾਰਜ ਸਿੱਖੀ ਜਾਂ ਪੰਜਾਬੀਅਤ ਨੂੰ ਬੁਲੰਦ ਕਰਦੇ ਹਨ, ਕਿਸੇ ਵੀ ਕਿਸਮ ਦੀ ਤਰੱਕੀ ‘ਚ ਯੋਗਦਾਨ ਪਾਉਂਦੇ ਹਨ, ਉਹ ਸਾਰੇ ਨਿਸ਼ਾਨੇ ‘ਤੇ ਹਨ।
ਕਿਸਾਨ ਮੋਰਚੇ ਵੇਲੇ ਤੋਂ ਸੰਘੀ ਤਾਣਾ-ਬਾਣਾ ਦਿਲਜੀਤ, ਏਪੀ ਢਿੱਲੋਂ, ਕਰਨ ਔਜਲਾ, ਸ਼ੁੱਭ, ਜੈਜ਼ੀ ਬੀ, ਹਾਰਡ ਕੌਰ ਅਤੇ ਹੋਰ ਕਈ ਗਾਇਕਾਂ ਖਿਲਾਫ ਨਫਰਤ ਫੈਲਾ ਰਿਹਾ ਹੈ, ਇਨ੍ਹਾਂ ਗਾਇਕਾਂ ਦੇ ਗੀਤਾਂ ‘ਤੇ ਸਮੀਖਿਆ ਕਰਦੀਆਂ ਘੰਟੇ-ਘੰਟੇ ਦੀਆਂ ਵੀਡੀਓ ਬਣਾ ਕੇ ਮੇਜਰ ਗੌਰਵ ਆਰਿਆ ਤੇ ਹੋਰ ਕਈ ਸੰਘੀ ਤਬਸਰੇ ਕਰਕੇ ਦੱਸਦੇ ਹਨ ਕਿ ਕਿਵੇਂ ਇਹ ਖਾਲਿਸਤਾਨੀ ਹਨ।
ਖਾਲਸਾ ਏਡ ਦੇ ਰਵੀ ਸਿੰਘ ਵਰਗੇ ਵੀ ਨਿਸ਼ਾਨੇ ‘ਤੇ ਹਨ ਤੇ ਕਿਸਾਨ ਆਗੂ ਵੀ।
ਮਤਲਬ ਕੀ, ਜਿਹੜਾ ਵੀ ਦਸਤਾਰ ਸਜਾਉਂਦਾ, ਪੰਜਾਬੀ ਬੋਲਦਾ ਜਾਂ ਪੰਜਾਬੀ ਬੋਲੀ ਦੇ ਸਿਰ ‘ਤੇ ਖੁਦ ਤਰੱਕੀ ਕਰਦਾ, ਮਿਹਨਤ ਨਾਲ ਵਪਾਰ ਖੜ੍ਹਾ ਕਰਦਾ, ਉਨ੍ਹਾਂ ‘ਚੋਂ ਬਹੁਤੇ ਇਨ੍ਹਾਂ ਦੇ ਨਿਸ਼ਾਨੇ ‘ਤੇ ਹਨ। ਕੋਈ ਹੁਣ ਚੜ੍ਹ ਜਾਊ, ਕੋਈ ਬਾਅਦ ‘ਚ।
ਨਿਸ਼ਾਨਾ ਬਣਾਉਣ ਲਈ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਨਾਮ ਵਰਤਿਆ ਜਾ ਰਿਹਾ, ਜੋ ਭਾਰਤੀ ਜੇਲ੍ਹ ਵਿੱਚ ਹੈ, ਪੰਜਾਬ ਦੇ ਹੋਣਹਾਰ ਪੁੱਤ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਚੁੱਕ ਹਟਿਆ ਤੇ ਹੁਣ ਸਿੱਧ ਹੋ ਚੁੱਕਾ ਕਿ ਉਸਨੂੰ ਮਸ਼ਹੂਰ ਕਰਨ ਲਈ ਭਾਰਤੀ ਏਜੰਸੀਆਂ ਨੇ ਸੀਆਈਏ ਥਾਣਾ ਖਰੜ ‘ਚੋਂ ਓਹਦੀ ਇੰਟਰਵਿਊ ਕਰਵਾਈ ਸੀ।
ਵਾਰ-ਵਾਰ ਸਵਾਲ ਕਰਨ ‘ਤੇ ਵੀ ਕੇਂਦਰ ਸਰਕਾਰ, ਪੰਜਾਬ ਸਰਕਾਰ, ਪੰਜਾਬ ਪੁਲਿਸ ਨੇ ਚੁੱਪ ਵੱਟ ਲਈ ਪਰ ਜਦ ਮਾਮਲਾ ਕੋਰਟ ਵਿੱਚ ਚਲਿਆ ਗਿਆ ਤਾਂ ਪੁਲਿਸ ਦੀ ਆਪਸੀ ਟਸਲਬਾਜੀ ‘ਚ ਸਾਰੀ ਅਸਲੀਅਤ ਬਾਹਰ ਆ ਗਈ।
ਹੁਣ ਜਿਸ ਦਰਬਾਰੀ ਪੱਤਰਕਾਰ ਨੇ ਇਹ ਇੰਟਰਵਿਊ ਕੀਤੀ ਸੀ, ਉਹਨੂੰ ਬਚਾਊਣ ਲਈ ਦਿੱਲਿਓਂ ਮੁਕਲ ਰੋਹਤਗੀ ਵਰਗਾ ਮੋਦੀ ਦਾ ਖਾਸਮ ਖਾਸ ਵੱਡਾ ਵਕੀਲ (ਭਾਰਤ ਦਾ ਸਾਬਕਾ ਅਟਾਰਨੀ ਜਨਰਲ) ਭੇਜਿਆ ਗਿਆ ਤੇ ਜ਼ਮਾਨਤ ਕਰਾਕੇ ਪਟਿਆਲ ਨੂੰ ਬਾਹਰਲੇ ਮੁਲਕ ਚਾੜ੍ਹ ਦਿੱਤਾ ਗਿਆ।
ਇਹ ਸਭ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹਿੱਸਾ ਹੈ।
ਤੁਹਾਨੂੰ ਲਗਦਾ ਹੋਊ ਕਿ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਖਾਲਿਸਤਾਨੀ ਆਗੂਆਂ ਖਿਲਾਫ ਹੈ ਪਰ ਇਹ ਦਰਬਾਰੀ ਸਿੱਖਾਂ ਨੂੰ ਛੱਡ ਕੇ ਬਾਹਰਲੇ ਮੁਲਕਾਂ ਦੇ ਸਾਰੇ ਸਿੱਖਾਂ ਦੇ ਖਿਲਾਫ ਹੈ, ਚਾਹੇ ਉਹ ਕੋਈ ਗਾਇਕ ਹੋਵੇ, ਟਰੱਕਰ ਹੋਵੇ, ਬਿਜ਼ਨਸਮੈਨ ਹੋਵੇ, ਪੱਤਰਕਾਰ ਹੋਵੇ ਜਾਂ ਕੁਝ ਹੋਰ।
ਜਿਹੜੇ ਲੋਕ ਐਕਸ (ਟਵਿੱਟਰ) ਵਰਤਦੇ ਹਨ, ਉਹ ਜਾਣਦੇ ਹਨ ਕਿ ਸਿੱਖ-ਪੰਜਾਬੀ ਪਛਾਣ ਦੇ ਖਿਲਾਫ ਕਿੰਨਾ ਪੈਸਾ ਖਰਚ ਕੇ ਭਾਰਤੀ ਆਈਟੀ ਸੈੱਲ ਨਫਰਤ ਫੈਲਾ ਰਹੇ ਹਨ ਤੇ ਨਸਲਵਾਦੀਆਂ ਨਾਲ ਮਿਲ ਕੇ ਕੈਨੇਡਾ ‘ਚੋਂ ਸਿੱਖਾਂ ਨੂੰ ਬਾਹਰ ਕੱਢਣ ਦੀ ਮੰਗ ਚੁੱਕ ਰਹੇ ਹਨ।
ਸਾਡੇ ਵਿੱਚੋਂ ਕੁਝ ਇੱਕ ਦੀਆ ਗਲਤੀਆਂ ਨੂੰ ਸਮੁੱਚੀ ਕੌਮ ਨੂੰ ਭੰਡਣ ਤੇ ਬਦਨਾਮ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਵਰਤਿਆ ਜਾ ਰਿਹਾ।
ਸਾਡੇ ‘ਚੋਂ ਕਈਆਂ ਨੂੰ ਲੱਗਣਾ ਕਿ ਸਾਨੂੰ ਕੀ, ਪਰ ਇਹ ਜੋ ਨਫਰਤ ਦੀ ਮੁਹਿੰਮ ਵਿੱਢੀ ਗਈ ਹੈ, ਇਸਦਾ ਨਿਸ਼ਾਨਾ ਕਿਸੇ ਦਾ ਵੀ ਪੱਗ ਬੰਨ੍ਹਦਾ ਬਜ਼ੁਰਗ, ਚੁੰਨੀ ਲੈਂਦੀ ਮਾਤਾ ਜਾਂ ਬੱਚਾ ਹੋ ਸਕਦਾ।
ਉਨ੍ਹਾਂ ਇਹ ਨਹੀਂ ਪੁੱਛਣਾ ਕਿ ਤੁਸੀਂ ਆਜ਼ਾਦੀ ਦੇ ਹੱਕ ਵਾਲੇ ਹੋ ਜਾਂ ਵਿਰੋਧ ਵਾਲੇ।
ਜਿੰਨੀ ਜਲਦੀ ਇਹ ਗੱਲ ਸਮਝ ਜਾਵਾਂਗੇ ਤੇ ਇਕੱਠੇ ਹੋ ਕੇ ਇੱਥੋਂ ਦੀਆਂ ਸਰਕਾਰਾਂ ਦੀ ਜਵਾਬਦੇਹੀ ਕਰ ਲਵਾਂਗੇ, ਬਚਾਅ ਹੋ ਜਊ, ਵਰਨਾ ਇਕੱਲੇ-ਇਕੱਲੇ ਤੰਗ ਹੋਈ ਜਾਣਗੇ।
ਇੱਕ ‘ਤੇ ਹਮਲਾ, ਸਭ ‘ਤੇ ਹਮਲਾ
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ