Breaking News

ਖੰਨੇ ਦੇ ਮੰਦਰ ਵਿੱਚ ਚੋਰੀ ਤੇ ਬਰਗਾੜੀ ਬੇਅਦਬੀ, VHP ਆਗੂ ਵਿਕਾਸ ਪ੍ਰਭਾਕਰ (ਬੱਗਾ) ਦਾ ਕਤਲ ਕੇਸ ਅਤੇ ਮੌੜ ਬੰਬ ਧਮਾਕਾ

ਖੰਨੇ ਦੇ ਮੰਦਰ ਵਿੱਚ ਚੋਰੀ ਤੇ ਬਰਗਾੜੀ ਬੇਅਦਬੀ,

VHP ਆਗੂ ਵਿਕਾਸ ਪ੍ਰਭਾਕਰ (ਬੱਗਾ) ਦਾ ਕਤਲ ਕੇਸ ਅਤੇ ਮੌੜ ਬੰਬ ਧਮਾਕਾ

ਕੁਝ ਦਿਨ ਪਹਿਲਾਂ ਖੰਨੇ ਦੇ ਮੰਦਰ ਵਿੱਚ ਚੋਰੀ ਹੋਈ। ਪੰਜਾਬ ਪੁਲਿਸ ਨੇ ਪੰਜਾਬੋਂ ਬਾਹਰਲਾ ਮੰਦਰਾਂ ‘ਚ ਚੋਰੀਆਂ ਕਰਨ ਵਾਲਾ ਗਰੋਹ ਫੜ ਲਿਆ। ਇਹ ਗੱਲ ਸਾਹਮਣੇ ਆਈ ਕਿ ਇਹ ਪਹਿਲਾਂ ਵੀ ਮੰਦਰਾਂ ਵਿੱਚ ਚੋਰੀਆਂ ਕਰਦੇ ਰਹੇ ਨੇ ਤੇ ਹੁਣ ਦੱਖਣ ਦੇ ਕੁਝ ਅੰਦਰ ਇਨ੍ਹਾਂ ਦੇ ਨਿਸ਼ਾਨੇ ‘ਤੇ ਸਨ।

ਇਹ ਵੀ ਸਪਸ਼ਟ ਹੋ ਗਿਆ ਕਿ ਇਹ ਕੋਈ ਬੇਅਦਬੀ ਦਾ ਕੇਸ ਨਹੀਂ ਸੀ, ਸਿਰਫ ਚੋਰੀ ਦੇ ਮਕਸਦ ਦਾ ਕਾਰਾ ਸੀ।

ਇਹ ਦੋਸ਼ੀ ਫੜ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਨੇ ਇਸ ਨੂੰ ਬਹੁਤ ਵੱਡੀ ਕਾਮਯਾਬੀ ਵਜੋਂ ਦਰਸਾਇਆ ਹੈ।

ਹਿੰਦੂ ਜਥੇਬੰਦੀਆਂ ਦੀ ਮੁੱਖ ਮੰਤਰੀ ਨਾਲ ਸਪੈਸ਼ਲ ਮੀਟਿੰਗ ਕਰਾਈ ਗਈ ਤੇ ਇਹਨਾਂ ਸਾਰੇ ਕੁਝ ਦੀ ਮਸ਼ਹੂਰੀ ‘ਤੇ ਕਾਫੀ ਜ਼ੋਰ ਦਿੱਤਾ ਗਿਆ।

ਇਸ ਕੇਸ ਦੇ ਹੱਲ ਹੋਣ ਤੋਂ ਬਾਅਦ ਮੰਤਰੀ ਅਮਨ ਅਰੋੜਾ ਨੇ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ ਅਤੇ ਇਹ ਕਿਹਾ ਕਿ ਜਿੱਥੇ ਚਾਹ ਉਥੇ ਰਾਹ, ਜਦੋਂ ਸਿਆਸੀ ਇੱਛਾ ਸ਼ਕਤੀ ਹੋਵੇ ਅਤੇ ਪੁਲਿਸ ਧਾਰ ਲਵੇ ਕਿ ਕੰਮ ਕਰਨਾ ਹੈ ਤਾਂ ਦੋਸ਼ੀ ਫੜੇ ਜਾਂਦੇ ਨੇ।

ਅਰੋੜਾ ਜੀ ਨੇ ਬਿਲਕੁਲ ਠੀਕ ਕਿਹਾ।

ਦੂਜੇ ਪਾਸੇ ਇਹੀ ਭਗਵੰਤ ਮਾਨ ਦੀ ਸਰਕਾਰ ਬੜੀ ਬੇਸ਼ਰਮੀ ਨਾਲ ਬਰਗਾੜੀ ਬੇਅਦਬੀ ਦੇ ਦੋਸ਼ੀ ਬਲਾਤਕਾਰੀ ਸਾਧ ਅਤੇ ਉਸਦੇ ਚੇਲਿਆਂ ਨੂੰ ਬਚਾਅ ਰਹੀ ਹੈ।

ਜਦ ਕਿ ਇਹ ਕੋਈ ਚੋਰੀ ਦਾ ਕੇਸ ਨਹੀਂ ਸੀ, ਮਿੱਥ ਕੇ ਸਿੱਖਾਂ ‘ਤੇ ਹਮਲਾ ਕੀਤਾ ਗਿਆ ਸੀ। ਜਿਵੇਂ ਜਸਟਿਸ ਰਣਜੀਤ ਸਿੰਘ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਸੀ ਕਿ ਮੁਗਲ ਹਕੂਮਤ ਵੇਲੇ ਵੀ ਇਹੋ ਜਿਹਾ ਕੋਈ ਕਾਰਾ ਨਹੀਂ ਸੀ ਹੋਇਆ।

ਮੁੱਖ ਮੰਤਰੀ ਨੇ ਦੋ ਸਾਲਾਂ ਵਿੱਚ ਭਾਜਪਾ ਦੇ ਸਾਥੀ ਬਲਾਤਕਾਰੀ ਸਾਧ ‘ਤੇ ਕੇਸ ਚਲਾਉਣ ਦੀ ਪ੍ਰਵਾਨਗੀ ਤੱਕ ਨਹੀਂ ਦਿੱਤੀ। ਬੇਅਦਬੀ ਦੇ ਕੇਸ ਜਾਂ ਪੰਜਾਬੋਂ ਬਾਹਰ ਤਬਦੀਲ ਕਰਾ ਦਿੱਤੇ ਨੇ ਤੇ ਜਾਂ ਉਹਨਾਂ ਦੇ ਟਰਾਇਲ ‘ਤੇ ਹੀ ਰੋਕ ਲਗਵਾ ਦਿੱਤੀ ਹੈ। ਭਗਵੰਤ ਮਾਨ ਦੀ ਸਰਕਾਰ ਨੇ ਇਹ ਰੋਕ ਖਿਲਾਫ ਅਪੀਲ ਤੱਕ ਦਾਇਰ ਨਹੀਂ ਕੀਤੀ।

ਮੰਦਰ ਵਿੱਚ ਚੋਰੀ ਦਾ ਮਾਮਲਾ ਸੁਲਝਣਾ ਚਾਹੀਦਾ ਸੀ ਤੇ ਇਹ ਬਹੁਤ ਚੰਗਾ ਹੋਇਆ ਕਿ ਇਹ ਛੇਤੀ ਸੁਲਝ ਗਿਆ।

ਵਿਰੋਧੀ ਧਿਰ ਵਿੱਚ ਹੁੰਦਿਆਂ ਬੇਅਦਬੀ ਮਾਮਲੇ ‘ਤੇ “ਆਪ” ਦੇ ਬਾਕੀ ਆਗੂਆਂ ਵਾਂਗ ਅਮਨ ਅਰੋੜਾ ਵੀ ਬਹੁਤ ਵਧੀਆ ਤੇ ਜ਼ੋਰਦਾਰ ਤਰੀਕੇ ਨਾਲ ਬੋਲਦੇ ਰਹੇ ਨੇ। ਪਰ ਹੁਣ ਬਾਕੀਆਂ ਵਾਂਗ ਉਹ ਵੀ ਚੁੱਪ ਨੇ।
ਕੀ ਆਮ ਆਦਮੀ ਪਾਰਟੀ ਦੇ ਆਗੂ ਤੇ ਮੁੱਖ ਮੰਤਰੀ ਦੱਸ ਸਕਦੇ ਨੇ ਕਿ ਉਹ ਬੇਅਦਬੀ ਮਾਮਲਿਆਂ ਵਿੱਚ ਨਾ ਸਿਰਫ ਇਨਸਾਫ ਦੇਣ ਤੋਂ ਪੈਰ ਪਿੱਛੇ ਖਿੱਚ ਚੁੱਕੇ ਨੇ ਸਗੋਂ ਸ਼ਰੇਆਮ ਦੋਸ਼ੀਆਂ ਦੀ ਪੁਸ਼ਤਪਨਾਹੀ ਕਿਉਂ ਕਰ ਰਹੇ ਨੇ?

ਜਦੋਂ ਦੋਹਾਂ ਕੇਸਾਂ ‘ਤੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਵਤੀਰੇ ਵਿਚਲੇ ਵਖਰੇਵੇਂ ਨੂੰ ਵੇਖਿਆ ਜਾਵੇ ਤਾਂ ਕੀ ਫਿਰਕੂ ਵਿਤਕਰਾ ਨਹੀਂ ਨਜ਼ਰ ਆਉਂਦਾ?

ਕੁਝ ਮਹੀਨੇ ਪਹਿਲਾਂ ਨੰਗਲ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਸਥਾਨਕ ਆਗੂ ਵਿਕਾਸ ਪ੍ਰਭਾਕਰ ਉਰਫ ਵਿਕਾਸ ਬੱਗਾ ਦਾ ਕਤਲ ਹੋਇਆ। ਬੜੀ ਜਲਦੀ ਕੇਸ ਵਿੱਚ ਐਨਆਈਏ ਵੀ ਆ ਗਈ।

ਆਖਰ ਮਰਨ ਵਾਲਾ ਕੋਈ ਸਿੱਖ ਕਾਰਕੁਨ ਥੋੜ੍ਹਾ ਸੀ। ਉਹ ਇੱਕ ਹਿੰਦੂਤਵੀ ਜਥੇਬੰਦੀ ਦਾ ਆਗੂ ਸੀ, ਭਾਵੇਂ ਛੋਟਾ ਜਿਹਾ ਸਥਾਨਕ ਪੱਧਰ ਦਾ ਹੀ। ਇਸ ਕੇਸ ਵਿੱਚ ਜਦੋਂ ਵੀ ਕੋਈ ਗ੍ਰਿਫ਼ਤਾਰੀ ਹੋਈ ਹੈ ਤਾਂ ਹਰ ਵਾਰ ਪੁਲਿਸ ਨੇ ਬਿਆਨ ਦਿੱਤਾ ਹੈ। ਇਹ ਚੰਗੀ ਗੱਲ ਹੈ ਕਿ ਪੁਲਿਸ ਨੇ ਇਹ ਕੇਸ ਕਾਫੀ ਹੱਲ ਕਰ ਲਿਆ ਹੈ।

ਭਾਜਪਾ ਅਤੇ ਹੋਰ ਹਿੰਦੂਤਵੀ ਜਥੇਬੰਦੀਆਂ ਨੇ ਸ਼ੁਰੂਆਤੀ ਪ੍ਰਭਾਵ ਇਹੀ ਦਿੱਤਾ ਸੀ ਕਿ ਵਿਕਾਸ ਦਾ ਕਤਲ “ਸਿੱਖ ਅੱਤਵਾਦੀਆਂ” ਦਾ ਕੰਮ ਹੈ। ਪਰ ਹੁਣ ਤੱਕ ਜਿੰਨੇ ਦੋਸ਼ੀ ਫੜ ਹੋਏ ਨੇ ਉਹ ਸਾਰੇ ਹਿੰਦੂ ਨੇ। ਹਾਲੇ ਤੱਕ ਪੁਲਿਸ ਨੇ ਇਸ ਕਤਲ ਦੇ ਅਸਲ ਮਨਸ਼ੇ ਬਾਰੇ ਜਨਤਕ ਪੱਧਰ ‘ਤੇ ਕੋਈ ਖੁਲਾਸਾ ਨਹੀਂ ਕੀਤਾ।

ਹੁਣ ਇਸ ਦੇ ਮੁਕਾਬਲੇ ਮੌੜ ਬੰਬ ਧਮਾਕੇ ਨੂੰ ਰੱਖ ਕੇ ਵੇਖੋ। ਬੱਚਿਆਂ ਸਮੇਤ ਸੱਤ ਮਰੇ ਸਨ। ਪਰ ਮਜ਼ਾਲ ਹੈ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਇਸ ਕੇਸ ਬਾਰੇ ਮੂੰਹ ਵੀ ਖੋਲ੍ਹੇ। ਕੋਈ ਅਗਾਂਹ ਕਰਵਾਈ ਕਰਨੀ ਤਾਂ ਦੂਰ ਦੀ ਗੱਲ ਹੈ।

ਵਿਕਾਸ ਬੱਗੇ ਦੇ ਕਤਲ ਬਾਰੇ ਪੰਜਾਬ ਪੁਲਿਸ ਤੋਂ ਲੈ ਕੇ ਐਨਆਈਏ ਦੀ ਬੇਹੱਦ ਤੇਜ਼ ਸਰਗਰਮੀ ਅਤੇ ਮੌੜ ਧਮਾਕੇ ‘ਤੇ ਸਰਕਾਰ ਅਤੇ ਪੁਲਿਸ ਦੀ ਬਿਲਕੁਲ ਚੁੱਪ ਤੋਂ ਕੀ ਇਹ ਸਮਝ ਨਹੀਂ ਆਉਂਦਾ ਕਿ ਕਿਸੇ ਵੀ ਕੇਸ ਨੂੰ ਹੱਲ ਕਰਨਾ ਇਸ ਗੱਲ ਤੇ ਮੁਨੱਸਰ ਕਰਦਾ ਹੈ ਕਿ ਦੋਸ਼ੀਆਂ ਜਾਂ ਪੀੜਿਤ ਧਿਰ ਦੀ ਫਿਰਕੂ ਪਛਾਣ ਕੀ ਹੈ ?

ਇਹ ਸਾਰਾ ਕੁਝ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਰਾਜ ਵਿੱਚ ਸ਼ਰੇਆਮ ਫਿਰਕੂ ਵਿਤਕਰੇ ਵਾਲੀ ਰਾਜਨੀਤੀ ਅਤੇ ਰਾਜ ਪ੍ਰਬੰਧ ਦੀ ਯਾਦ ਦਵਾਉਂਦਾ ਹੈ। ਅਸਲ ਵਿੱਚ ਤਾਂ ਇਹ ਨੀਤੀ ਦੀ ਜੜ੍ਹ ਨਹਿਰੂ ਕਾਲ ਵਿੱਚ ਹੀ ਲੱਗ ਗਈ ਸੀ। ਬਾਅਦ ਵਿੱਚ ਇਹੀ ਨੀਤੀ ਚੱਲੀ।

ਭਗਤ ਸਿੰਘ ਦਾ ਚੇਲਾ ਕਹਾਉਣ ਵਾਲਾ ਮੁੱਖ ਮੰਤਰੀ ਵੀ ਹੁਣ ਉਸੇ ਰਾਹ ‘ਤੇ ਚੱਲ ਰਿਹਾ ਹੈ।
#Unpopular_Opinions