ਹਰਿਆਣੇ ਦੇ ਜਾਟਾਂ ਨੂੰ ਨੁੱਕਰੇ ਲਾਉਣ ਤੋਂ ਲੈ ਕੇ ਕੰਗਣਾ ਨੂੰ ਝਾੜ ਪਾਉਣ ਤੱਕਃ ਪੰਜਾਬ ਦੇ ਜੱਟ ਸਿੱਖਾਂ ਲਈ ਸਬਕ
ਹਰਿਆਣੇ ਦੀ ਸਿਆਸਤ ਵਿੱਚ ਜਾਟਾਂ ਦਾ ਉਨ੍ਹਾਂ ਦੀ ਗਿਣਤੀ ਕਰਕੇ ਬੋਲਬਾਲਾ ਰਿਹਾ। ਅਸਲ ਵਿੱਚ ਇਹ ਬੋਲਬਾਲਾ ਕੁਝ ਜ਼ਿਆਦਾ ਹੋ ਗਿਆ ਤੇ ਇਸ ਨੇ ਬਾਕੀ ਦੀਆਂ ਬਰਾਦਰੀਆਂ ਵਿੱਚ ਈਰਖਾ ਵੀ ਪੈਦਾ ਕੀਤੀ।
2014 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਇਸ ਈਰਖਾ ਨੂੰ ਕੁੜੱਤਣ ਵਿੱਚ ਬਦਲਿਆ ਅਤੇ ਜਾਟਾਂ ਦੇ ਉਲਟ ਬਾਕੀ ਜਾਤਾਂ ਦੇ ਲੋਕਾਂ ਨੂੰ ਇਕੱਠਾ ਕਰ ਲਿਆ। ਬਾਅਦ ਵਿੱਚ ਜਾਟ ਅੰਦੋਲਨ ਤੇ ਕੀਤੀ ਸਖਤੀ ਦਾ ਵੀ ਭਾਜਪਾ ਨੂੰ ਫਾਇਦਾ ਹੀ ਹੋਇਆ।
ਹਰਿਆਣੇ ਦੀਆਂ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਹਾਲਤ ਕਮਜ਼ੋਰ ਨਜ਼ਰ ਆ ਰਹੀ ਹੈ ਤੇ ਕਾਂਗਰਸ ਚੜ੍ਹਾਈ ਵੱਲ ਜਾ ਰਹੀ ਹੈ। ਜੇ ਉੱਥੇ ਕਾਂਗਰਸੀਆਂ ਨੇ ਕੋਈ ਵੱਡੀਆਂ ਗਲਤੀਆਂ ਨਾ ਕੀਤੀਆਂ ਤੇ “ਆਪ” ਕਾਂਗਰਸ ਦਾ ਵੋਟ ਵੰਡਣ ਵਿੱਚ ਕਾਮਯਾਬ ਨਾ ਹੋਈ ਤਾਂ ਉੱਥੇ ਭਾਜਪਾ ਹਾਰ ਸਕਦੀ ਹੈ।
ਭਾਜਪਾ ਹਰਿਆਣੇ ਵਿੱਚ ਡਰੀ ਹੋਈ ਹੈ ਤੇ ਹੁਣ ਉਹ ਜਾਟਾਂ ਦੇ ਵੋਟ ਵੀ ਚਾਹੁੰਦੀ ਹੈ। ਇਸ ਪਾਸੇ ਉਹ ਕੁਝ ਯਤਨ ਵੀ ਕਰ ਰਹੀ ਹੈ।
ਕੰਗਣਾ ਰਣੌਤ ਨੇ ਕਿਸਾਨ ਅੰਦੋਲਨ ਬਾਰੇ ਬੜੀ ਇਮਾਨਦਾਰੀ ਨਾਲ ਅਸਲ ਵਿੱਚ ਉਹ ਕਿਹਾ ਜੋ ਭਾਜਪਾ ਸਮੇਤ ਸਾਰਾ ਹਿੰਦੂਤਵੀ ਲਾਣਾ ਕਿਸਾਨ ਅੰਦੋਲਨ ਬਾਰੇ ਸੋਚਦਾ ਹੈ ਤੇ ਪ੍ਰਚਾਰ ਕਰਦਾ ਰਿਹਾ ਹੈ।
ਪਰ ਕੰਗਣਾ ਦਾ ਇਹ “ਸੱਚ” ਹੁਣ ਭਾਜਪਾ ਨੂੰ ਹਰਿਆਣੇ ਵਿੱਚ ਨੁਕਸਾਨ ਕਰਦਾ ਹੈ। ਇਸੇ ਲਈ ਭਾਜਪਾ ਨੇ ਬਿਨਾਂ ਕੋਈ ਦੇਰੀ ਕੀਤਿਆਂ ਉਸ ਦੇ ਬਿਆਨ ਨੂੰ ਰੱਦ ਵੀ ਕੀਤਾ ਤੇ ਉਸ ਨੂੰ ਝਾੜ ਵੀ ਪਾਈ।
ਭਾਜਪਾ ਦੇ ਇਸ ਬਿਆਨ ਤੋਂ ਬਾਅਦ ਹਿੰਦੂਤਵੀਆਂ ਦੇ ਸੋਸ਼ਲ ਮੀਡੀਆ ਤੇ ਪ੍ਰਤੀਕਰਮ ਪੜ੍ਹੇ ਜਾ ਸਕਦੇ ਨੇ। ਉਹ ਇਹ ਦਾਅਵਾ ਕਰ ਰਹੇ ਨੇ ਕਿ ਕੰਗਣਾ ਨੇ ਕਿਸਾਨ ਅੰਦੋਲਨ ਬਾਰੇ ਸੱਚ ਬੋਲਿਆ ਪਰ ਭਾਜਪਾ ਡਰੀ ਹੋਈ ਹੈ।
2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਵਿੱਚ ਲਗਾਤਾਰ ਇਹ ਸੋਚ ਰਹੀ ਹੈ ਤੇ ਕੁਝ ਆਗੂ ਵਿੰਗੇ ਟੇਢੇ ਤਰੀਕੇ ਨਾਲ ਇਹ ਕਹਿੰਦੇ ਵੀ ਰਹੇ ਕਿ ਹਰਿਆਣੇ ਵਿੱਚ ਜਾਟਾਂ ਨੂੰ ਨਿਖੇੜਨ ਵਾਲਾ ਪ੍ਰਯੋਗ ਪੰਜਾਬ ਵਿੱਚ ਵੀ ਦੁਹਰਾਇਆ ਜਾ ਸਕਦਾ ਸੀ। ਉਹ ਹਾਲੇ ਵੀ ਇਸੇ ਯਤਨ ਵਿੱਚ ਨੇ। ਤਾਂਹੀਓ ਦਲਿਤ ਭਾਈਚਾਰੇ ਵਿੱਚ ਆਪਣੇ ਸੰਦਾਂ ਰਾਹੀਂ ਜੱਟ ਸਿੱਖਾਂ ਪ੍ਰਤੀ ਲਗਾਤਾਰ ਕੁੜੱਤਣ ਅਤੇ ਨਫਰਤ ਪੈਦਾ ਕਰਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ।
ਪੰਜਾਬ ਵਿੱਚ ਜੱਟ ਸਿੱਖਾਂ ਨੂੰ ਨਿਖੇੜਨ ਦੀ ਮੁਹਿੰਮ ਉਨ੍ਹਾਂ ਦੀ ਸਿੱਖ ਪਛਾਣ ਕਰਕੇ ਕਾਮਯਾਬ ਨਹੀਂ ਹੋਈ। ਅਸਲ ਵਿੱਚ ਬਾਕੀ ਬਰਾਦਰੀਆਂ ਦੇ ਸਿੱਖਾਂ ਨੇ ਕਿਸਾਨ ਅੰਦੋਲਨ ਜਾਂ ਉਸ ਤੋਂ ਬਾਅਦ ਵੀ ਜੱਟ ਸਿੱਖਾਂ ਨੂੰ ਇਕੱਲਿਆ ਨਹੀਂ ਪੈਣ ਦਿੱਤਾ।
ਸੋਸ਼ਲ ਮੀਡੀਆ, ਖਾਸ ਕਰਕੇ ਟਵਿੱਟਰ ‘ਤੇ ਵੀ ਹਰ ਜਾਤੀ ਪਿਛੋਕੜ ਦੇ ਸਿੱਖ ਨਾ ਸਿਰਫ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਰਹੇ ਤੇ ਕਰਦੇ ਹਨ ਸਗੋਂ ਹਿੰਦੂਤਵੀ ਲਾਣੇ ਦੀਆਂ ਜਾਤੀ ਅਧਾਰ ‘ਤੇ ਵਖਰੇਵਾਂ ਖੜਾ ਕਰਨ ਦੀਆਂ ਕਮੀਨੀਆਂ ਕੋਸ਼ਿਸ਼ਾਂ ਵੀ ਰਲ ਕੇ ਫੇਲ੍ਹ ਕਰਦੇ ਰਹੇ ਨੇ।
ਸਿੱਖ ਪਛਾਣ ਹੇਠਾਂ ਉਨ੍ਹਾਂ ਦੀ ਰਾਜਨੀਤੀ ਵੀ ਸਾਰੇ ਗੁਣਾਂ/ਦੋਸ਼ਾਂ ਸਮੇਤ ਇਕੱਠੀ ਚੱਲਦੀ ਹੈ। ਪਰ ਭਾਜਪਾ ਦੇ ਵੰਡ ਪਾਊ ਏਜੰਡੇ ਤੋਂ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਜੱਟ ਸਿੱਖਾਂ ਵਿੱਚੋਂ ਜਿਹੜੇ ਬੰਦੇ ਵੀ ਜਾਤੀਵਾਦੀ-ਜੱਟਵਾਦ ਦਾ ਮੁਜ਼ਾਹਰਾ ਕਰਦਿਆਂ ਬਾਕੀ ਜਾਤ-ਬਿਰਾਦਰੀਆਂ ਪ੍ਰਤੀ ਘਟੀਆ ਟਿੱਪਣੀਆਂ ਕਰਦੇ ਨੇ, ਉਹ ਨਾ ਸਿਰਫ ਗੁਰੂ ਸਾਹਿਬ ਦੇ ਫਲਸਫੇ ਦੇ ਉਲਟ ਚਲਦੇ ਨੇ, ਸਗੋਂ ਮੰਨੂਵਾਦੀ ਅਤੇ ਸੰਘੀ ਏਜੰਡੇ ਦੀ ਵੀ ਮੱਦਦ ਕਰਦੇ ਨੇ।
#Unpopular_Opinions