Breaking News

ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸਵੀਮਿੰਗ ਪੂਲ ’ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸਵੀਮਿੰਗ ਪੂਲ ’ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਸੁਲਤਾਨਪੁਰ ਲੋਧੀ – ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਸਵੀਮਿੰਗ ਪੂਲ ਵਿਚ ਡੁੱਬਣ ਕਾਰਨ ਸੁਲਤਾਨਪੁਰ ਲੋਧੀ ਸਬ ਡਿਵੀਜ਼ਨ ਕਪੂਰਥਲਾ ਦੇ ਪਿੰਡ ਮਸੀਤਾਂ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਫਲੋਰੀਡਾ ਵਿਚ ਇਕ ਪੂਲ ’ਚ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਈ, ਜਿਸ ’ਚ ਇਕ ਕਪੂਰਥਲਾ ਅਤੇ ਦੂਜਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਇਸ ਦੁੱਖ਼ਦਾਈ ਖ਼ਬਰ ਤੋਂ ਬਾਅਦ ਪਿੰਡ ਮਸੀਤਾਂ ’ਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਮਨਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸਾਹਿਲਪ੍ਰੀਤ ਸਿੰਘ ਬਾਜਵਾ (21) ਪੁੱਤਰ ਸਵ. ਸੁਰਜੀਤ ਸਿੰਘ ਵਾਸੀ ਪਿੰਡ ਮਸੀਤਾਂ ਕਰੀਬ 5 ਮਹੀਨੇ ਪਹਿਲਾਂ ਅਮਰੀਕਾ ਦੇ ਫਲੋਰੀਡਾ ਸ਼ਹਿਰ ’ਚ ਬਿਹਤਰ ਭਵਿੱਖ ਦੀ ਉਮੀਦ ’ਚ ਗਿਆ ਸੀ।

ਉਨ੍ਹਾਂ ਦੱਸਿਆ ਕਿ ਰੱਖੜੀ ਵਾਲੇ ਦਿਨ ਸਾਹਿਲਪ੍ਰੀਤ ਸਿੰਘ ਬਾਜਵਾ ਅਤੇ ਉਸ ਦਾ ਦੋਸਤ ਅਮਨਦੀਪ ਸਿੰਘ ਫਲੋਰੀਡਾ ਦੇ ਇਕ ਸਵੀਮਿੰਗ ਪੂਲ ’ਚ ਨਹਾਉਣ ਗਏ ਸਨ ਪਰ ਇਸ ਦੌਰਾਨ ਉਸ ਦੇ ਦੋਸਤ ਦਾ ਪੈਰ ਫਿਸਲ ਗਿਆ ਅਤੇ ਜਦੋਂ ਸਾਹਿਲਪ੍ਰੀਤ ਉਸ ਨੂੰ ਬਚਾਉਣ ਲਈ ਗਿਆ ਤਾਂ ਉਹ ਸਵੀਮਿੰਗ ਪੂਲ ’ਚ ਡੁੱਬ ਗਿਆ। ਇਸ ਦੌਰਾਨ ਸਾਹਿਲਪ੍ਰੀਤ ਅਤੇ ਉਸ ਦੇ ਦੋਸਤ ਅਮਨਦੀਪ ਸਿੰਘ ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ, ਦੀ ਮੌਤ ਹੋ ਗਈ।

ਇਹ ਵੀ ਦੱਸਣਯੋਗ ਹੈ ਕਿ ਸਾਹਿਲਪ੍ਰੀਤ ਦੇ ਪਿਤਾ ਦੀ ਸਾਲ 2017 ’ਚ ਮੌਤ ਹੋ ਗਈ ਸੀ। ਇਸ ਦੁਖ਼ਦਾਈ ਖ਼ਬਰ ਨੂੰ ਸੁਣਦਿਆਂ ਹੀ ਪਿੰਡ ਮਸੀਤਾਂ ਅਤੇ ਆਸ-ਪਾਸ ਦੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਸਾਹਿਲਪ੍ਰੀਤ ਅਮਰੀਕਾ ਦੇ ਸ਼ਹਿਰ ਫਲੋਰੀਡਾ ’ਚ ਇਕ ਸਟੋਰ ’ਚ ਕੰਮ ਕਰਦਾ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਸਾਹਿਲਪ੍ਰੀਤ ’ਤੇ ਹੀ ਸੀ।

ਮ੍ਰਿਤਕ ਸਾਹਿਲਪ੍ਰੀਤ ਸਿੰਘ ਦੇ ਭਰਾ ਮਨਜੋਤ ਸਿੰਘ, ਮਾਤਾ ਜਗਦੀਸ਼ ਕੌਰ, ਪਿੰਡ ਮਸੀਤਾਂ ਦੇ ਸਰਪੰਚ ਸ਼ੇਰ ਸਿੰਘ ਮਸੀਤਾਂ ਨੇ ਭਾਰਤ ਸਰਕਾਰ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਮੰਗ ਕੀਤੀ ਹੈ ਕਿ ਸਾਹਿਲਪ੍ਰੀਤ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਸਾਹਿਲ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ’ਚ ਕੀਤਾ ਜਾ ਸਕੇ।