ਤਰਨਤਾਰਨ – ਵਿਆਹੀ ਭਣੇਵੀਂ ਨਾਲ ਰਿਸ਼ਤੇਦਾਰ ’ਚ ਲੱਗਦੇ ਮਾਮੇ ਵੱਲੋਂ ਜਿੱਥੇ ਕਈ ਵਾਰ ਨਾਜਾਇਜ਼ ਸਬੰਧ ਬਣਾਏ ਗਏ, ਉਥੇ ਹੀ ਗਰਭਵਤੀ ਹੋਣ ਉਪਰੰਤ ਉਸ ਦਾ ਗਰਭਪਾਤ ਕਰਵਾ ਦਿੱਤਾ ਗਿਆ। ਇਸ ਮਾਮਲੇ ’ਚ ਹਰਿਆਣਾ ਪੁਲਸ ਵੱਲੋਂ ਜ਼ੀਰੋ ਨੰਬਰ ਪਰਚਾ ਦਰਜ ਕਰਦੇ ਹੋਏ ਮਾਮਲਾ ਥਾਣਾ ਸਿਟੀ ਪੱਟੀ ਵਿਖੇ ਟਰਾਂਸਫਰ ਕਰ ਦਿੱਤਾ ਗਿਆ, ਜਿੱਥੇ ਪੁਲਸ ਨੇ ਕਾਰਵਾਈ ਕਰਦੇ ਹੋਏ ਮਾਮੇ ਨੂੰ ਗ੍ਰਿਫਤਾਰ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਪੱਟੀ ਦੇ ਮੁਖੀ ਸਬ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਪੁੱਤਰੀ ਸਤਬੀਰ ਸਿੰਘ ਵਾਸੀ ਪਟੇਲ ਨਗਰ ਸੋਨੀਪਤ ਵੱਲੋਂ ਥਾਣਾ ਪਟੇਲ ਨਗਰ ਵਿਖੇ ਦਿੱਤੀ ਗਈ ਦਰਖਾਸਤ ਵਿਚ ਦੱਸਿਆ ਗਿਆ ਸੀ ਕਿ ਉਸ ਦਾ ਵਿਆਹ 21 ਨਵੰਬਰ 2021 ਨੂੰ ਜਤਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗਾਜ਼ੀਆਬਾਦ ਨਾਲ ਗੁਰਦੁਆਰੇ ਦੀ ਰੀਤ ਰਿਵਾਜ਼ ਅਨੁਸਾਰ ਹੋਇਆ ਸੀ, ਜਿਸ ਤੋਂ ਬਾਅਦ ਉਸ ਦਾ ਆਪਣੇ ਪਤੀ ਨਾਲ ਅਣਬਣ ਹੋ ਗਈ ਅਤੇ ਉਹ ਕਰੀਬ ਡੇਢ ਸਾਲ ਤੋਂ ਆਪਣੇ ਮਾਤਾ-ਪਿਤਾ ਦੇ ਘਰ ਪਟੇਲ ਨਗਰ ਸੋਨੀਪਤ ਵਿਖੇ ਰਹਿ ਰਹੀ ਸੀ।
ਉਸਦੀ ਮਾਂ ਚਾਹੁੰਦੀ ਸੀ ਕਿ ਉਹ ਕਿਸੇ ਹੋਰ ਦੂਸਰੇ ਵਿਅਕਤੀ ਨਾਲ ਦੂਸਰੀ ਵਿਆਹ ਕਰ ਲਵੇ ਪਰ ਅਮਨਦੀਪ ਕੌਰ ਅਜਿਹਾ ਕਰਨ ਲਈ ਤਿਆਰ ਨਹੀਂ ਸੀ। ਇਸ ਗੱਲ ਨੂੰ ਲੈ ਕੇ ਕੁੜੀ ਅਮਨਦੀਪ ਕੌਰ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਦਰਖਾਸਤ ਵਿਚ ਦਿੱਤੇ ਬਿਆਨਾਂ ਅਨੁਸਾਰ ਅਮਨਦੀਪ ਕੌਰ ਨੇ ਦੱਸਿਆ ਕਿ ਬੀਤੀ 1 ਮਾਰਚ ਨੂੰ ਉਸਦੇ ਰਿਸ਼ਤੇਦਾਰੀ ਵਿਚ ਲੱਗਦਾ ਮਾਮਾ ਗੁਰਜੰਟ ਸਿੰਘ ਵਾਸੀ ਪੱਟੀ ਉਸਨੂੰ ਮਿਲਣ ਲਈ ਸੋਨੀਪਤ ਆਇਆ, ਜਿਸ ਦੌਰਾਨ ਕੁੜੀ ਨੇ ਆਪਣੀ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਮਾਮਾ ਗੁਰਜੰਟ ਨੇ ਕੁੜੀ ਨੂੰ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਮਿਲਾਉਣ ਲਈ ਸੋਨੀਪਤ ਤੋਂ ਰੇਲ ਗੱਡੀ ਰਾਹੀਂ ਪੱਟੀ ਪੰਜਾਬ ਲੈ ਆਇਆ, ਜਿੱਥੇ ਗਾਰਡਨ ਕਾਲੋਨੀ ਪੱਟੀ ਵਿਖੇ ਉਸ ਵੱਲੋਂ ਕਿਰਾਏ ਉਪਰ ਲਏ ਹੋਏ ਕਮਰੇ ਵਿਚ ਉਸ ਨੂੰ ਛੱਡ ਦਿੱਤਾ।
ਬੀਤੀ ਮਾਰਚ 2024 ਨੂੰ ਗੁਰਜੰਟ ਨੇ ਉਸਦੀ ਮਰਜ਼ੀ ਤੋਂ ਖ਼ਿਲਾਫ਼ ਉਸ ਨਾਲ ਗਲਤ ਨਾਜਾਇਜ਼ ਸਬੰਧ ਬਣਾਏ ਅਤੇ ਉਸ ਨੂੰ ਕਿਹਾ ਕਿ ਇਸ ਬਾਰੇ ਕਿਸੇ ਨੂੰ ਕੁਝ ਦੱਸੇ ਨਹੀਂ ਤਾਂ ਤੈਨੂੰ ਜਾਣ ਤੋਂ ਮਾਰ ਦਿਆਂਗਾ। ਇਸ ਧਮਕੀ ਤੋਂ ਬਾਅਦ ਮਾਮੇ ਨੇ ਉਸ ਨਾਲ ਲਗਾਤਾਰ ਨਾਜਾਇਜ਼ ਸਬੰਧ ਬਣਾਏ, ਜਿਸ ਦੌਰਾਨ ਉਹ ਗਰਭਵਤੀ ਹੋ ਗਈ ਅਤੇ ਗੁਰਜੰਟ ਨੇ ਉਸ ਦਾ ਗਰਭ ਗਿਰਾਉਣ ਲਈ ਦਵਾਈ ਵੀ ਖਵਾ ਦਿੱਤੀ ਅਤੇ ਉਸ ਨਾਲ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਸ ਦਾ ਗਰਭਪਾਤ ਵੀ ਕਰਵਾ ਦਿੱਤਾ ਗਿਆ। ਥਾਣਾ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਹਰਿਆਣੇ ਵਿਚ ਥਾਣਾ ਪਟੇਲ ਨਗਰ ਵਿਖੇ ਦਰਜ ਹੋਣ ਤੋਂ ਬਾਅਦ ਥਾਣਾ ਪੱਟੀ ਵਿਖੇ ਟਰਾਂਸਫਰ ਕਰ ਦਿੱਤਾ ਗਿਆ ਹੈ, ਜਿੱਥੇ ਗੁਰਜੰਟ ਨੂੰ ਬੜੀ ਮੁਸ਼ੱਕਤ ਤੋਂ ਬਾਅਦ ਦੂਸਰੇ ਜ਼ਿਲ੍ਹੇ ਤੋਂ ਪਿੱਛਾ ਕਰਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤ ਕੁੜੀ ਦੇ ਬਿਆਨਾਂ ਹੇਠ ਪਰਚਾ ਦਰਜ ਕਰਦੇ ਹੋਏ ਉਸ ਦਾ ਮੈਡੀਕਲ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।