Updates
ਤਾਜ਼ਾ ਜੰਗ ਬਾਰੇ ਹੁਣ ਤੱਕ ਦੇ ਦਾਅਵੇ ਅਤੇ ਬਿਆਨਃ
-ਟਰੰਪ ਨੇ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ‘ਤੇ ਅਮਰੀਕਨ ਹਵਾਈ ਸੈਨਾ ਵਲੋਂ ਸਫਲ ਹਮਲੇ ਕਰਨ ਦਾ ਦਾਅਵਾ ਕੀਤਾ ਤੇ ਇਹੀ ਗੱਲ ਵਾਈਟ ਹਾਊਸ ਤੋਂ ਦਿੱਤੇ ਜਾਣ ਵਾਲੇ ਅਮਰੀਕਾ ਦੇ ਨਾਂ ਸੰਦੇਸ਼ ਵਿੱਚ ਕੀਤੀ। ਇਰਾਨ ਨੂੰ ਅੱਗੇ ਸ਼ਾਂਤੀ ਰੱਖਣ ਜਾਂ ਸਿੱਟੇ ਭੁਗਤਣ ਦੀ ਧਮਕੀ ਵੀ ਦਿੱਤੀ। ਰੱਬ ਅੱਗੇ ਮਿਡਲ ਈਸਟ, ਇਸਰਾਈਲ ਅਤੇ ਅਮਰੀਕਾ ਲਈ ਦੁਆ ਵੀ ਕੀਤੀ।
-ਅਮਰੀਕਾ ਦੇ ਡਿਫੈਂਸ ਸਕੱਤਰ ਪੀਟ ਹੈਗਸੈਥ ਨੇ ਕਿਹਾ ਕਿ ਇਰਾਨ ਦੇ ਨਿਊਕਲੀਅਰ ਟਿਕਾਣਿਆਂ ‘ਤੇ ਹੋਏ ਹਮਲਿਆਂ ਲਈ “ਹਫ਼ਤਿਆਂ, ਮਹੀਨਿਆਂ ਤੋਂ ਤਿਆਰੀ ਅਤੇ ਪੋਜ਼ੀਸ਼ਨਿੰਗ” ਕੀਤੀ ਗਈ ਸੀ, ਤਾਂ ਜੋ ਉਹ ਟਰੰਪ ਦੇ ਹੁਕਮ ਦੇ ਨਾਲ ਤੁਰੰਤ ਅਮਲ ਵਿਚ ਲਿਆਂਦੇ ਜਾ ਸਕਣ। ਸੋ ਇਸ ਦੀ ਤਿਆਰੀ ਝਟਪਟ ਨਹੀਂ ਹੋਈ, ਪਹਿਲਾਂ ਤੋਂ ਹੀ ਸੀ।
-ਅਮਰੀਕਾ ਵਿੱਚ ਕਈ ਡੈਮੋਕਰੈਟ ਤੇ ਰਿਬਲੀਕਨ ਆਗੂ ਟਰੰਪ ‘ਤੇ ਦੋਸ਼ ਲਾ ਰਹੇ ਹਨ ਕਿ ਉਸਨੇ ਹਮਲਾ ਕਰਨ ਤੋਂ ਪਹਿਲਾਂ ਕਾਂਗਰਸ ਦੀ ਮਨਜ਼ੂਰੀ ਕਿਓਂ ਨਹੀਂ ਲਈ। ਕਈ ਮੈਗਾ ਸਮਰਥਕ ਵੀ ਅਮਰੀਕਾ ਨੂੰ ਇਸ ਜੰਗ ਵਿੱਚ ਉਲਝਦਾ ਦੇਖ ਕੇ ਰਾਜ਼ੀ ਨਹੀਂ। ਟੱਕਰ ਕਾਰਲਸਨ ਤੇ ਸਟੀਵ ਬੈਨਨ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ। ਪਰ ਬਹੁਗਿਣਤੀ ਮੈਗਾ ਸਮਰਥਕ ਟਰੰਪ ਨਾਲ ਹਨ।
-ਰੂਸ ਦੇ ਪ੍ਰਭਾਵਸ਼ਾਲੀ ਆਗੂ ਦਮਿੱਤਰੀ ਮੈਦਾਦੇਵ ਨੇ ਦਾਅਵਾ ਕੀਤਾ ਕਿ ਇਰਾਨੀ ਪ੍ਰਮਾਣੂ ਟਿਕਾਣਿਆਂ ਦਾ ਮਹੱਤਵਪੂਰਨ ਢਾਂਚਾ ਬੰਬਾਂ ਤੋਂ ਜਾਂ ਤਾਂ ਅਸਰ ਰਹਿਤ ਰਿਹਾ ਜਾਂ ਸਿਰਫ਼ ਥੋੜ੍ਹਾ ਬਹੁਤ ਨੁਕਸਾਨ ਹੋਇਆ ਹੈ। ਇਸ ਲਈ ਯੂਰੇਨੀਅਮ ਦੀ ਇਨਰਿਚਮੈਂਟ ਜਾਰੀ ਰਹੇਗੀ ਅਤੇ ਹੁਣ ਸਿੱਧਾ ਕਿਹਾ ਜਾ ਸਕਦਾ ਹੈ ਕਿ ਭਵਿੱਖ ਵਿੱਚ ਪਰਮਾਣੂ ਹਥਿਆਰਾਂ ਦੀ ਤਿਆਰੀ ਚਲਦੀ ਰਹੇਗੀ।
-ਰੂਸ ਦਾ ਨਾਮ ਲਏ ਬਿਨਾਂ ਮੈਦਾਦੇਵ ਨੇ ਕਿਹਾ ਕਿ ਹੁਣ ਕਈ ਦੇਸ਼ ਇਰਾਨ ਨੂੰ ਆਪਣੇ ਪਰਮਾਣੂ ਹਥਿਆਰ ਸਿੱਧੇ ਤੌਰ ‘ਤੇ ਸਪਲਾਈ ਕਰਨ ਲਈ ਤਿਆਰ ਹਨ ਕਿਉਂਕਿ ਅਮਰੀਕਾ ਨੇ ਹਮਲਾ ਕਰਕੇ ਅੰਤਰਰਾਸ਼ਟਰੀ ਕਨੂੰਨ ਤੋੜੇ ਹਨ ਤੇ ਇਰਾਨ ਹੁਣ ਪਰਮਾਣੂ ਸੰਧੀ ‘ਚੋਂ ਨਿਕਲ ਗਿਆ ਹੈ।
-ਯੂਕੇ ਨੇ ਕਿਹਾ ਕਿ ਜੇ ਇਰਾਨ ਅਮਰੀਕੀ ਕਰਮਚਾਰੀਆਂ ‘ਤੇ ਹਮਲਾ ਕਰਦਾ ਹੈ, ਤਾਂ ਇਸਨੂੰ NATO ਦੇ ਇੱਕ ਦੇਸ਼ ਉੱਤੇ ਹਮਲਾ ਮੰਨਿਆ ਜਾਵੇਗਾ।
-ਕੈਨੇਡਾ ਨੇ ਕਿਹਾ ਕਿ ਇਰਾਨ ਕੋਲ ਪਰਮਾਣੂ ਹਥਿਆਰ ਹੋਣਾ ਪਰਵਾਨ ਨਹੀਂ। ਤੁਰੰਤ ਜੰਗਬੰਦੀ ਕਰਕੇ (ਗਾਜ਼ਾ ਸਮੇਤ) ਗੱਲਬਾਤ ਹੋਣੀ ਚਾਹੀਦੀ ਹੈ।
-ਇਰਾਨੀ ਸੰਸਦ ਨੇ ਹੋਰਮੁਜ਼ ਦੀ ਖਾੜੀ ਬੰਦ ਕਰਨ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਨਾਲ ਤੇਲ ਦੇ ਰਸਤੇ ਰੁਕ ਗਏ ਹਨ। ਇਸ ਨਾਲ ਕੱਚੇ ਤੇਲ ਦੀਆਂ ਕੀਮਤਾਂ ਅਤੇ ਦੁਨੀਆ ਵਿੱਚ ਮਹਿੰਗਾਈ ਹੋਰ ਵਧ ਜਾਵੇਗੀ।
-ਅਮਰੀਕਾ ਨੇ ਚੀਨ ਨੂੰ ਕਿਹਾ ਹੈ ਕਿ ਉਹ ਇਰਾਨ ਨੂੰ ਮਨਾਵੇ ਕਿ ਹੋਰਮੁਜ਼ ਦੀ ਖਾੜੀ ਬੰਦ ਨਾ ਕੀਤੀ ਜਾਵੇ। ਇਰਾਨ ਜੀਪੀਐਸ ਸਿਸਟਮ ਜੈਮ ਕਰ ਰਿਹਾ ਹੈ, ਜਿਸ ਨਾਲ ਸਮੁੰਦਰੀ ਜਹਾਜ਼/ਤੇਲ ਟੈਂਕਰ ਆਪਸ ‘ਚ ਟਕਰਾ ਸਕਦੇ ਹਨ।
-ਇਰਾਨ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਸਾਡੇ ‘ਤੇ ਹਮਲਾ ਹੋਣਾ ਹੈ, ਇਸ ਲਈ ਅਸੀਂ ਆਪਣਾ ਯੂਰੇਨੀਅਮ ਢਾਂਚਾ ਪਰਮਾਣੂ ਟਿਕਾਣਿਆਂ ਤੋਂ ਮਾਰਚ ਮਹੀਨੇ ਹੀ ਕਿਤੇ ਹੋਰ ਲੈ ਗਏ ਸੀ। ਸਾਡੇ ਟਿਕਾਣੇ ਥੋੜ੍ਹੇ ਨੁਕਸਾਨੇ ਗਏ ਹਨ, ਪੂਰੇ ਨਹੀਂ।
-ਇਰਾਨ ਨੇ ਕਿਹਾ ਕਿ ਅਮਰੀਕਨ ਬੰਬ ਸਾਡੇ ਪਹਾੜਾਂ ਨੂੰ ਹਰਾ ਕੇ ਸਾਡੇ ਪਰਮਾਣੂ ਢਾਂਚੇ ਤੱਕ ਪੁੱਜਣ ਵਿੱਚ ਅਸਫਲ ਰਹੇ ਹਨ।
-ਇਰਾਨ ਦਾ ਕਹਿਣਾ ਹੈ ਕਿ ਜੇ ਚੋਣ ਯੂਰੇਨੀਅਮ ਖਤਮ ਕਰਨ ਜਾਂ ਜੰਗ ਲੜਨ ਵਿਚ ਹੈ, ਤਾਂ ਅਸੀਂ ਜੰਗ ਨੂੰ ਚੁਣਦੇ ਹਾਂ।
-ਇਰਾਨ ਅੰਦਾਜ਼ਾ ਲਾ ਰਿਹਾ ਹੈ ਕਿ ਜੰਗ 6 ਮਹੀਨੇ ਤੱਕ ਚੱਲ ਸਕਦੀ ਹੈ ਅਤੇ ਇਸ ਲਈ ਤਿਆਰੀ ਕਰ ਲਈ ਗਈ ਹੈ।
-ਇਰਾਨ ਹਮਾਇਤੀ ਯਮਨੀ ਹੂਤੀਆਂ ਅਤੇ ਅਮਰੀਕਾ ਵਿਚਕਾਰ ਹੋਇਆ ਸਮਝੌਤਾ ਹੁਣ ਖਤਮ ਹੋ ਗਿਆ ਹੈ। ਇਹ ਸਮਝੌਤਾ 6 ਮਈ, 2025 ਨੂੰ ਓਮਾਨ ਦੀ ਵਿਚੋਲਗੀ ਨਾਲ ਹੋਇਆ ਸੀ, ਜਿਸਦੇ ਤਹਿਤ ਹੂਤੀ ਅਮਰੀਕੀ ਸਮੁੰਦਰੀ ਜਹਾਜ਼ਾਂ ਉੱਤੇ ਹਮਲੇ ਰੋਕਣ ਲਈ ਸਹਿਮਤ ਹੋਏ ਸਨ, ਅਤੇ ਅਮਰੀਕਾ ਨੇ ਹੂਤੀ ਟਿਕਾਣਿਆਂ ਉੱਤੇ ਹਵਾਈ ਹਮਲੇ ਰੋਕ ਦਿੱਤੇ ਸਨ। ਹੁਣ ਹੂਤੀਆਂ ਨੇ ਅਮਰੀਕਨ ਸਮੁੰਦਰੀ ਜਹਾਜ਼ਾਂ ਨੂੰ ਡੋਬਣ ਦੀ ਧਮਕੀ ਦਿੱਤੀ ਹੈ।
-ਪਾਕਿਸਤਾਨ ਦੁਨੀਆ ਦਾ ਇੱਕੋ ਅਜਿਹਾ ਦੇਸ਼ ਹੈ, ਜਿਸਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਬਣਾਉਣ ਤੇ ਵਧਾਉਣ ਵਿੱਚ ਵੀ ਮਦਦ ਕੀਤੀ ਤੇ ਦੂਜੇ ਅਮਰੀਕਾ ਵਲੋਂ ਇਰਾਨ ਦੇ ਨਿਊਕਲੀਅਰ ਟਿਕਾਣਿਆਂ ਉੱਤੇ ਹਮਲਿਆਂ ਲਈ ਵੀ ਸਹਿਯੋਗ ਕਰ ਰਿਹਾ ਹੈ। ਇਰਾਨ ਅਤੇ ਅਮਰੀਕਾ ਦੋਵੇਂ ਪਾਕਿਸਤਾਨ ਦਾ ਧੰਨਵਾਦ ਕਰ ਰਹੇ ਹਨ। ਅੱਜ ਪਾਕਿਸਤਾਨ ਨੇ ਅਮਰੀਕਨ ਹਮਲੇ ਦੀ ਨਿਖੇਧੀ ਵੀ ਕੀਤੀ ਹੈ।
-ਚੀਨ ਨੇ ਇਰਾਨ ‘ਤੇ ਅਮਰੀਕੀ ਹਮਲਿਆਂ ਅਤੇ IAEA ਦੀ ਨਿਗਰਾਨੀ ਹੇਠ ਆਉਂਦੇ ਨਿਊਕਲੀਅਰ ਢਾਂਚਿਆਂ ਦੀ ਬੰਬਾਰੀ ਦੀ ਸਖ਼ਤ ਨਿੰਦਾ ਕੀਤੀ ਹੈ।
-ਚੀਨ ਨੇ ਕਿਹਾ ਕਿ ਅਮਰੀਕਾ ਦੀ ਇਹ ਕਾਰਵਾਈ ਸੰਯੁਕਤ ਰਾਸ਼ਟਰ ਦੇ ਸੰਵਿਧਾਨ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਉਦੇਸ਼ਾਂ ਅਤੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ ਅਤੇ ਇਸ ਨਾਲ ਮੱਧ ਪੂਰਬ ‘ਚ ਤਣਾਅ ਹੋਰ ਵਧ ਗਿਆ ਹੈ। ਚੀਨ ਨੇ ਵਿਵਾਦ ਵਿੱਚ ਸ਼ਾਮਲ ਧਿਰਾਂ, ਖਾਸ ਕਰਕੇ ਇਜ਼ਰਾਈਲ, ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਜੰਗ ਰੋਕਣ, ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਗੱਲਬਾਤ ਅਤੇ ਸਮਝੌਤੇ ਦੇ ਰਾਹ ਪੈਣ।
ਕੱਲ੍ਹ ਰਾਤ ਇਰਾਨ ਨੇ ਇਸਰਾਈਲ ‘ਤੇ ਵੱਡੀਆਂ ਮਿਜਾਇਲਾਂ ਸੁੱਟੀਆਂ, ਜਿਸ ਕਾਰਨ ਹਾਇਫਾ ਤੇ ਤਲ ਅਵੀਵ ‘ਚ ਕਾਫੀ ਨੁਕਸਾਨ ਹੋਇਆ ਹੈ। ਆਮ ਨਾਗਰਿਕ ਦੋਵੇਂ ਪਾਸੇ ਮਰ ਰਹੇ ਹਨ।
ਅੰਤ ‘ਚ, ਅਮਰੀਕਾ ਇੰਨੇ ਪੈਸੇ ਖਰਚ ਕੇ, ਬੇਗਾਨਿਆਂ ਤੇ ਆਪਣਿਆਂ ਦੀ ਨਰਾਜ਼ਗੀ ਝੱਲ ਕੇ ਇਸਰਾਈਲ ਦਾ ਬਚਾਅ ਕਿਓਂ ਕਰਦਾ ਹੈ? ਕੁਝ ਕਹਿ ਰਹੇ ਹਨ ਕਿ ਨੇਤਨਯਾਹੂ ਹੱਥ ਟਰੰਪ ਦੀ ਕੋਈ ਘੁੰਡੀ ਹੈ ਪਰ ਅਜਿਹਾ ਤਾਂ ਪਹਿਲੇ ਰਾਸ਼ਟਰਪਤੀ ਵੀ ਕਰਦੇ ਰਹੇ ਹਨ। ਅਸਲ ਕਾਰਨ ਜਾਨਣ ਲਈ ਪਹਿਲੇ ਕੁਮੈਂਟ ਵਿੱਚ ਪਾਈ ਵੀਡੀਓ ਦੇਖੋ, ਸ਼ਾਇਦ ਇਹੀ ਇਸ ਸਵਾਲ ਦਾ ਜਾਇਜ਼ ਜਾਂ ਸਹੀ ਦੇ ਲਾਗੇ ਜਵਾਬ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ