Mansa -ਮਾਨਸਾ ਦੇ ਜੋਗਾ ਵਿਚ ਖ਼ੂਹ ‘ਚ ਡਿੱਗੀ ਲੜਕੀ ਦੀ ਮੌ.ਤ
Punjab News: ਨਾਨਕੇ ਘਰ ਆਈ ਕੁੜੀ ਖੂਹ ’ਚ ਡਿੱਗੀ, ਬਚਾਅ ਕਾਰਜਾਂ ’ਚ ਜੁਟਿਆ ਪ੍ਰਸ਼ਾਸਨ
ਮਾਨਸਾ, 16 ਜੂਨ
ਨੇੜਲੇ ਪਿੰਡ ਜੋਗਾ ਵਿਖੇ ਇਕ 21 ਸਾਲਾ ਮੁਟਿਆਰ ਪਿੰਡ ਦੇ ਇਕ ਪੁਰਾਣੇ ਖੂਹ ਵਿਚ ਜਾ ਡਿੱਗੀ ਹੈ। ਜਾਣਕਾਰੀ ਮੁਤਾਬਕ ਉਹ 117 ਫੁੱਟ ਡੂੰਘੇ ਖੂਹ ਦੀ ਗਾਰ ਵਿਚ ਜਾ ਫਸ ਗਈ ਹੈ, ਜਿਸ ਨੂੰ ਸੁਰੱਖਿਅਤ ਕੱਢਣ ਲਈ ਪ੍ਰਸ਼ਾਸਨ ਦੀਆਂ ਬਚਾਅ ਟੀਮਾਂ ਅਤੇ ਆਮ ਲੋਕਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਕਿਸ਼ਨਪੁਰਾ ਦੀ ਇਹ ਮੁਟਿਆਰ ਛੁੱਟੀਆਂ ਵਿਚ ਆਪਣੇ ਨਾਨਕੇ ਪਿੰਡ ਜੋਗਾ ਵਿਖੇ ਆਈ ਹੋਈ ਸੀ, ਜੋ ਪਿੰਡ ਦੇ ਪੁਰਾਣੇ ਖੂਹ ਵਿਚ ਜਾ ਡਿੱਗੀ ਹੈ। ਉਹ 117 ਫੁੱਟ ਡੂੰਘੇ ਖੂਹ ਦੀ ਗਾਰ ਵਿਚ ਜਾ ਫਸ ਗਈ। ਉਸ ਦੀ ਪਛਾਣ ਸ਼ਾਦੀਆ ਪੁੱਤਰੀ ਸੀਮਾ ਵਜੋਂ ਹੋਈ ਹੈ।
ਇਹ ਘਟਨਾ ਅੱਜ ਸੋਮਵਾਰ ਸਵੇਰ ਵੇਲੇ ਦੀ ਹੈ, ਜਦੋਂ 21 ਸਾਲਾ ਸ਼ਾਦੀਆ ਪਿੰਡ ਜੋਗਾ ਦੇ ਪੰਚਾਇਤ ਘਰ ਲਾਗੇ ਬਣੇ ਪੁਰਾਣੇ ਖੂਹ ਵਿਚ ਅਚਾਨਕ ਜਾ ਡਿੱਗੀ। ਇਸ ’ਤੇ ਨਾਲ ਵਾਲੇ ਬੱਚਿਆਂ ਨੇ ਰੌਲਾ ਪਾਇਆ ਤਾਂ ਦੇਖਿਆ ਗਿਆ ਕਿ ਉਹ ਖੂਹ ਵਿਚ ਡਿੱਗੀ ਪਈ ਸੀ।
ਸੂਚਨਾ ਮਿਲਣ ‘ਤੇ ਨਾਇਬ ਤਹਿਸੀਲਦਾਰ ਸੁਖਮਨਿੰਦਰ ਸਿੰਘ ਅਤੇ ਥਾਣਾ ਜੋਗਾ ਦੇ ਮੁਖੀ ਜਸਪ੍ਰੀਤ ਸਿੰਘ ਰੈਸਕਿਊ ਟੀਮਾਂ ਸਮੇਤ ਪੁੱਜੇ। ਖੂਹ ਪੁਰਾਣਾ ਹੋਣ ਕਾਰਨ ਸ਼ਾਦੀਆ ਉਸ ਦੀ ਗਾਰ ‘ਚ ਜਾ ਕੇ ਧਸ ਗਈ ਹੈ। ਉਸ ਦੇ ਬਚਾਅ ਲਈ ਟੀਮਾਂ ਲਗਾਤਾਰ ਕੋਸ਼ਿਸ਼ ਵਿਚ ਲੱਗੀਆਂ ਹੋਈਆਂ ਹਨ। ਲੜਕੀ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਵਿਚ ਸਹਿਮ ਬਣਿਆ ਹੋਇਆ ਹੈ।