ਕੈਨੇਡਾ ਦੇ ਐਮਰਜੈਂਸੀ ਤਿਆਰੀ ਬਾਰੇ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੈਨਕੂਵਰ (ਬ੍ਰਿਟਿਸ਼ ਕੋਲੰਬੀਆ) ‘ਚ ਪੰਜਾਬੀ ਗਾਇਕ ਅਤੇ ਫ਼ਿਲਮ ਅਦਾਕਾਰ ਦਿਲਜੀਤ ਦੋਸਾਂਝ ਦੇ ਸੰਗੀਤਕ ਸ਼ੋਅ ‘ਚ ਸ਼ਾਮਲ ਕੀਤੇ ਜਾਣ ਲਈ 100 ਫ਼ੌਜੀ ਜਵਾਨ ਕੈਨੇਡਾ ਸਰਕਾਰ ਤੋਂ ਮੰਗੇ ਸਨ ਪਰ ਉਨ੍ਹਾਂ ਦੀ ਇਹ ਮੰਗ ਮੰਨੀ ਨਹੀਂ ਗਈ ਸੀ। ਕੈਨੇਡੀਅਨ ਆਰਮਡ ਫ਼ੋਰਸੇਜ਼ ਦੇ ਕਮਾਂਡਰਾਂ ਨੇ ਇਸ ਬੇਨਤੀ ਨੂੰ ਰੱਦ ਕਰ ਦਿਤਾ ਸੀ। ਦਰਅਸਲ, ਦੋਸਾਂਝ ਦੇ ਸ਼ੋਅ ਦੌਰਾਨ ਇਕ ਆਈਟਮ ਲਈ ਪਿਛੇ ਖੜ੍ਹੇ ਕਰਕੇ ਰੱਖਣ ਲਈ ਇਨ੍ਹਾਂ ਜਵਾਨਾਂ ਦੀ ਜ਼ਰੂਰਤ ਸੀ, ਇਸ ਲਈ ਮੰਤਰੀ ਸੱਜਣ ਨੇ ਅਜਿਹੀ ਮੰਗ ਕੀਤੀ ਸੀ।
ਮੰਤਰੀ ਹਰਜੀਤ ਸੱਜਣ ਨੇ ਬੀਤੀ 27 ਅਪ੍ਰੈਲ ਨੂੰ ‘ਕੈਨੇਡੀਅਨ ਆਰਮਡ ਫ਼ੋਰਸੇਜ਼’ ਦੇ 100 ਫ਼ੌਜੀ ਮੁਹਈਆ ਕਰਵਾਉਣ ਲਈ ਬੇਨਤੀ ਕੀਤੀ ਸੀ ਪਰ ਉਦੋਂ ਸਮਾਂ ਵੀ ਥੋੜ੍ਹਾ ਸੀ ਤੇ ਫ਼ੌਜੀ ਜਵਾਨ ਵੀ ਅਜਿਹੇ ਕਿਸੇ ਸਮਾਰੋਹ ਲਈ ਉਪਲਬਧ ਨਹੀਂ ਹੋ ਸਕਦੇ ਸਨ। ਇਸ ਲਈ ਉਨ੍ਹਾਂ ਦੀ ਉਹ ਬੇਨਤੀ ਰੱਦ ਕਰ ਦਿੱਤੀ ਗਈ ਸੀ। ਕੈਨੇਡੀਅਨ ਮੀਡੀਆ ਨੇ ਹੁਣ ਇਸ ਖ਼ਬਰ ਨੂੰ ਵੱਡੇ ਪੱਧਰ ‘ਤੇ ਚੁੱਕਿਆ ਹੈ।
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੇ ਇਸ ਸੰਗੀਤਮਈ ਸ਼ੋਅ ‘ਚ 54,000 ਲੋਕਾਂ ਦੀ ਵੱਡੀ ਭੀੜ ਸੀ। ਇਸ ਤੋਂ ਪਹਿਲਾਂ ਇੰਨੀ ਵੱਡੀ ਗਿਣਤੀ ‘ਚ ਦਰਸ਼ਕ ਦਿਲਜੀਤ ਦੋਸਾਂਝ ਦੇ ਕਿਸੇ ਵਿਦੇਸ਼ੀ ਸ਼ੋਅ ‘ਚ ਨਹੀਂ ਜੁੜੇ ਸਨ। ਇੰਝ ਇਹ ਪ੍ਰੋਗਰਾਮ ਵੀ ਇਕ ਰਿਕਾਰਡ ਬਣ ਗਿਆ ਸੀ। ਦਿਲਜੀਤ ਦੋਸਾਂਝ ਦਾ ਟੂਰ 28 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ ਤੇ 13 ਜੁਲਾਈ ਨੂੰ ਟੋਰਾਂਟੋ ਦੇ ਰੋਜਰਜ਼ ਸੈਂਟਰ ਵਿਖੇ ਸਮਾਪਤ ਹੋਇਆ ਸੀ।
ਹਰਜੀਤ ਸਿੰਘ ਸੱਜਣ ਨੂੰ 15 ਅਪ੍ਰੈਲ ਨੂੰ ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਤੋਂ ਇਕ ਪੱਤਰ ਮਿਲਿਆ ਸੀ, ਜਿਸ ‘ਚ ਕੈਨੇਡੀਅਨ ਸਿਪਾਹੀਆਂ ਨੂੰ 27 ਅਪ੍ਰੈਲ ਨੂੰ BC ਪਲੇਸ ‘ਚ ਦਿਲਜੀਤ ਦੋਸਾਂਝ ਦੇ ਪ੍ਰਦਰਸ਼ਨ ‘ਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਸੀ। ਸੱਜਣ ਨੇ ਇਹ ਪੱਤਰ ਰੱਖਿਆ ਮੰਤਰੀ ਬਿਲ ਬਲੇਅਰ ਨੂੰ ਆਪਣੀ ਸਿਫ਼ਾਰਸ਼ ਨਾਲ ਭੇਜਿਆ ਸੀ। ਸੱਜਣ ਦੇ ਪ੍ਰੈੱਸ ਸਕੱਤਰ ਅਨੁਸਾਰ, ਮੰਤਰੀ ਨੇ ਇਸ ਨੂੰ ਫ਼ੌਜ ਲਈ ਵਿਭਿੰਨ ਭਾਈਚਾਰਿਆਂ ਦੇ ਨੌਜਵਾਨ ਕੈਨੇਡੀਅਨਾਂ ਨਾਲ ਜੁੜਨ ਦੇ ਇੱਕ ਮੌਕੇ ਵਜੋਂ ਦੇਖਿਆ ਸੀ। ਹਰਜੀਤ ਸੱਜਣ ਅਪਣੇ ਪਰਿਵਾਰ ਨਾਲ ਸੰਗੀਤ ਸਮਾਰੋਹ ‘ਚ ਸ਼ਾਮਲ ਹੋਏ ਸਨ ਤੇ ਉਨ੍ਹਾਂ ਅਪਣੀਆਂ ਟਿਕਟਾਂ ਖ਼ਰੀਦੀਆਂ ਸਨ ਅਤੇ ਹੋਰ ਵੀ ਸਾਰੇ ਖਰਚੇ ਖ਼ੁਦ ਹੀ ਕੀਤੇ ਸਨ। 15 ਜੁਲਾਈ ਨੂੰ ਟੋਰਾਂਟੋ ‘ਚ ਹੋਏ ਇਸ ਪ੍ਰੋਗਰਾਮ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸ਼ਿਰਕਤ ਕੀਤੀ। ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ‘ਚ ਅਚਾਨਕ ਪਹੁੰਚ ਕੇ ਉਨ੍ਹਾਂ ਦੀ ਤਾਰੀਫ਼ ਕੀਤੀ ਸੀ।