Patiala News : ਅਦਾਲਤ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਦੀ ਗੱਡੀ ਸਮੇਤ 6 ਗੱਡੀਆਂ ਤੇ ਬੈਂਕ ਅਕਾਊਂਟ ਅਟੈਚ ਕਰਨ ਦੇ ਦਿੱਤੇ ਹੁਕਮ
Patiala News : ਸੇਵਾਮੁਕਤ ਲੈਕਚਰਾਰ ਇੰਦਰਜੀਤ ਕੌਰ ਨੂੰ ਪੈਨਸ਼ਨ ਨਾ ਦੇਣ ਦਾ ਮਾਮਲਾ, ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ
Patiala News in Punjabi : ਸੇਵਾਮੁਕਤ ਲੈਕਚਰਾਰ ਇੰਦਰਜੀਤ ਕੌਰ ਨੂੰ ਪੈਨਸ਼ਨ ਨਾ ਦੇਣ ਦੇ ਇਕ ਮਾਮਲੇ ’ਚ ਅਦਾਲਤ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਗੱਡੀ ਸਣੇ 6 ਗੱਡੀਆਂ ਤੇ ਯੂਨੀਵਰਸਿਟੀ ਦਾ ਬੈਂਕ ਅਕਾਊਂਟ ਅਟੈਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਪੈਨਸ਼ਨ ਦੇਣ ਦੇ ਅਦਾਲਤੀ ਹੁਕਮਾਂ ਨੂੰ ਲਾਗੂ ਨਾ ਕਰਨ ਤੋਂ ਖਫ਼ਾ ਹੋ ਕੇ ਅਦਾਲਤ ਨੇ ਇਹ ਕਾਰਵਾਈ ਕੀਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ। ਇਸ ਮਾਮਲੇ ’ਚ ਯੂਨੀਵਰਸਿਟੀ ਨੇ ਵੀ ਅਦਾਲਤ ਤੱਕ ਪਹੁੰਚ ਕੀਤੀ ਹੈ।
ਪੰਜਾਬੀ ਯੂਨੀਵਰਸਿਟੀ ਸਕੂਲ ਤੋਂ ਲੈਕਚਰਾਰ ਇੰਦਰਜੀਤ ਕੌਰ 2015 ਵਿਚ ਸੇਵਾਮੁਕਤ ਹੋਏ ਸਨ, ਜਿਨ੍ਹਾਂ ਨੂੰ ’ਵਰਸਿਟੀ ਪ੍ਰਸ਼ਾਸਨ ਨੇ ਪੈਨਸ਼ਨ ਨਹੀਂ ਲਾਈ। ਆਪਣਾ ਹੱਕ ਲੈਣ ਲਈ ਉਨ੍ਹਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਜੱਜ ਹਰਕੰਵਲ ਕੌਰ ਨੇ 19 ਜਨਵਰੀ 2024 ਨੂੰ ਯੂਨੀਵਰਸਿਟੀ ਨੂੰ ਇੰਦਰਜੀਤ ਕੌਰ ਦੀ ਪੈਨਸ਼ਨ ਦੇਣ ਦੇ ਹੁਕਮ ਸੁਣਾਏ।
ਇਸ ਨੂੰ ਲੈ ਕੇ ’ਵਰਸਿਟੀ ਨੇ ਅਡੀਸ਼ਨਲ ਸੈਸ਼ਨ ਜੱਜ ਅਤੁਲ ਕੰਬੋਜ ਦੀ ਅਦਾਲਤ ’ਚ ਅਪੀਲ ਦਾਇਰ ਕੀਤੀ। ਅਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਯੂਨੀਵਰਸਿਟੀ ਦੀ ਅਪੀਲ ਖ਼ਾਰਜ ਕਰ ਦਿੱਤੀ ਤੇ ਇੰਦਰਜੀਤ ਕੌਰ ਨੂੰ ਤੁਰੰਤ ਪੈਨਸ਼ਨ ਦੇਣ ਦੇ ਹੁਕਮ ਜਾਰੀ ਕੀਤੇ।
ਅਦਾਲਤ ਨੇ ਪਹਿਲੀ ਮਈ 2015 ਤੋਂ ਪੈਨਸ਼ਨ ਦੇ ਨਾਲ 18 ਫ਼ੀਸਦੀ ਵਿਆਜ ਸਣੇ ਏਰੀਅਰ ਦੇਣ ਦਾ ਵੀ ਫ਼ੈਸਲਾ ਸੁਣਾਇਆ। ਪੰਜਾਬੀ ਯੂਨੀਵਰਸਿਟੀ ਵਲੋਂ ਇਹ ਹੁਕਮ ਲਾਗੂ ਨਾ ਕਰਨ ’ਤੇ ਸੇਵਾਮੁਕਤ ਲੈਕਚਰਾਰ ਨੇ ਮੁੜ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਅਦਾਲਤ ਨੇ ’ਵਰਸਿਟੀ ਦੀਆਂ 6 ਗੱਡੀਆਂ ਜਿਨ੍ਹਾਂ ’ਚ ਵਾਈਸ ਚਾਂਸਲਰ ਦੀ ਇਨੋਵਾ ਕਾਰ, ਟਾਟਾ ਮਾਰਕ ਪੋਲੋ, ਸਵਰਾਜ ਮਾਜਦਾ, ਸ਼ੈਵਰਲੇ ਟਵੇਰਾ ਤੇ 2 ਬੱਸਾਂ ਅਤੇ ਯੂਨੀਵਰਸਿਟੀ ਦੇ ਅਕਾਊਂਟ ਨੂੰ ਅਟੈਚ ਕਰ ਦਿੱਤਾ।