ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿਚ ਮੁਲਾਜ਼ਮਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇਕ ਮੁਲਾਜ਼ਮ ਵਲੋਂ ਦੂਜੇ ਮੁਲਾਜ਼ਮ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਐੱਸ. ਜੀ. ਪੀ. ਸੀ ਦੇ ਧਰਮ ਪ੍ਰਚਾਰ ਦੇ ਮੁਲਾਜ਼ਮ ਸੁਖਬੀਰ ਸਿੰਘ ਨੇ ਅਕਾਊਂਟ ਬ੍ਰਾਂਚ ਦੇ ਸੇਵਾਦਾਰ ਦਰਬਾਰਾ ਸਿੰਘ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਜਿਸ ‘ਚ ਉਸ ਦੀ ਮੌਤ ਹੋ ਗਈ।
ਇਸ ਦੌਰਾਨ ਪੁਲਸ ਨੇ ਮੁਲਜ਼ਮ ਵੱਲੋਂ ਕੀਤੇ ਕਤਲ ਮਾਮਲੇ ‘ਚ ਕਾਰਵਾਈ ਕਰਦਿਆਂ ਮੁਲਜ਼ਮ ਸੁਖਬੀਰ ਸਿੰਘ ਦੇ ਦੋਵਾਂ ਪੁੱਤਰਾਂ ‘ਤੇ ਵੀ ਕੇਸ ਦਰਜ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਆਪਣੇ ਦੋਵਾਂ ਪੁੱਤਰਾਂ ਨੂੰ ਕਤਲ ਕਰਨ ਲੈ ਕੇ ਗਿਆ ਸੀ, ਜਿਸ ਤੋਂ ਬਾਅਦ ਪੁਲਸ ਪੁਲਸ ਨੇ ਸੁਖਬੀਰ ਸਿੰਘ ਦੇ ਨਾਲ-ਨਾਲ ਉਸ ਦੇ ਪੁੱਤਰਾਂ ਅਰਸ਼ ਅਤੇ ਸਾਜਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਤਿੰਨੋਂ ਫਰਾਰ ਹਨ ਅਤੇ ਪੁਲਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਸੁਖਬੀਰ ਸਿੰਘ ਤੇ ਦਰਬਾਰਾ ਸਿੰਘ ਦਾ ਕੋਈ ਪਰਿਵਾਰਕ ਆਪਸੀ ਝਗੜਾ ਹੋਇਆ ਸੀ ਜੋ ਵੱਧ ਕੇ ਜਾਨਲੇਵਾ ਹਮਲੇ ਤੱਕ ਪਹੁੰਚ ਗਿਆ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਮੁੱਖ ਦਫ਼ਤਰ ਵਿੱਚ ਅੱਜ ਦੋ ਮੁਲਾਜ਼ਮਾਂ ਵਿਚਾਲੇ ਹੋਏ ਝਗੜੇ ਦੌਰਾਨ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਹੈ। ਝਗੜੇ ਦੌਰਾਨ ਮੁਲਾਜ਼ਮ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਮ੍ਰਿਤਕ ਮੁਲਾਜ਼ਮ ਦੀ ਪਛਾਣ ਦਰਬਾਰਾ ਸਿੰਘ ਵਜੋਂ ਹੋਈ ਹੈ। ਉਹ ਅਕਾਊਂਟ ਬਰਾਂਚ ਵਿੱਚ ਤਾਇਨਾਤ ਸੀ। ਦੂਜਾ ਮੁਲਾਜ਼ਮ ਸੁਖਬੀਰ ਸਿੰਘ ਨੇੜੇ ਹੀ ਦਰਬਾਰ ਸਾਹਿਬ ਦੀ ਪ੍ਰਬੰਧਕੀ ਬਰਾਂਚ ਵਿੱਚ ਤਾਇਨਾਤ ਹੈ ਅਤੇ ਦੋਵੇਂ ਹੀ ਆਪਸ ਵਿੱਚ ਰਿਸ਼ਤੇਦਾਰ ਹਨ। ਸ਼੍ਰੋਮਣੀ ਕਮੇਟੀ ਨੇ ਸੁਖਬੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ ਦੇ ਖਾਣੇ ਵੇਲੇ ਲਗਪਗ ਸਵਾ ਇੱਕ ਵਜੇ ਵਾਪਰੀ। ਖਾਣ ਵੇਲੇ ਹੋਈ ਤਕਰਾਰ ਲੜਾਈ ਦਾ ਰੂਪ ਲੈ ਗਈ। ਇੱਕ ਕਰਮਚਾਰੀ ਨੇ ਦੂਜੇ ’ਤੇ ਸ੍ਰੀ ਸਾਹਿਬ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਗੰਭੀਰ ਜ਼ਖ਼ਮੀ ਦਰਬਾਰਾ ਸਿੰਘ ਨੂੰ ਤੁਰੰਤ ਗੁਰਦੁਆਰਾ ਸ਼ਹੀਦਾਂ ਨੇੜੇ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਹਮਲਾ ਕਰਨ ਵਾਲਾ ਦੂਜਾ ਮੁਲਾਜ਼ਮ ਸੁਖਬੀਰ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਸਮੇਂ ਮੌਕੇ ’ਤੇ ਹਾਜ਼ਰ ਇੱਕ ਹੋਰ ਕਰਮਚਾਰੀ ਸਾਰੀ ਘਟਨਾ ਦੇਖ ਕੇ ਬੇਹੋਸ਼ ਹੋ ਗਿਆ ਤੇ ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ। ਥਾਣਾ ਕੋਤਵਾਲੀ ਦੇ ਐੱਸਐੱਚਓ ਹਰਸੰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਪਰਿਵਾਰਕ ਝਗੜੇ ਕਾਰਨ ਵਾਪਰੀ ਘਟਨਾ: ਸ਼੍ਰੋਮਣੀ ਕਮੇਟੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਦੋਵੇਂ ਮੁਲਾਜ਼ਮ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਪਰਿਵਾਰਕ ਝਗੜੇ ਕਾਰਨ ਇਹ ਘਟਨਾ ਵਾਪਰੀ ਹੈ। ਦੋਵੇਂ ਜਦੋਂ ਦੁਪਹਿਰ ਦਾ ਖਾਣਾ ਖਾ ਰਹੇ ਸਨ ਤਾਂ ਉਨ੍ਹਾਂ ਵਿਚਾਲੇ ਬਹਿਸ ਹੋਈ, ਜੋ ਲੜਾਈ ਦਾ ਰੂਪ ਲੈ ਗਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਹਮਲਾ ਕਰਨ ਵਾਲੇ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜੇ ਜਾਂਚ ਦੌਰਾਨ ਕੋਈ ਹੋਰ ਕਰਮਚਾਰੀ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।