ਬੀਤੀ ਦੇਰ ਸ਼ਾਮ ਬੰਗਾ ਦੇ ਮੁਹੱਲਾ ਬੇਦੀਆਂ ਵਿਖੇ ਮੁਹੱਲੇ ਦੇ ਚੌਕ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਭਿਆਨਕ ਲੜਾਈ ਹੋ ਗਈ।
ਇਸ ਦੌਰਾਨ ਦੋਹਾਂ ਧਿਰਾਂ ਵੱਲੋਂ ਇਕ ਦੂਜੇ ’ਤੇ ਰੱਜ ਕੇ ਤਲਵਾਰਾਂ ਅਤੇ ਹੋਰ ਹਥਿਆਰਾਂ ਨਾਲ ਹਮਲੇ ਕੀਤੇ ਗਏ। ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਕ ਸਕਾਰਪਿਓ ਗੱਡੀ ਵਿਚ ਦੋ ਨੌਜਵਾਨ ਉਕਤ ਮੁਹੱਲੇ ਵਿਚ ਆਏ ਸਨ।
ਜਦੋਂ ਉਹ ਉਕਤ ਮੁਹੱਲੇ ਦੀ ਇਕ ਗਲੀ ਵਿਚ ਮੁੜਨ ਲੱਗੇ ਤਾਂ ਉਨ੍ਹਾਂ ਦੀ ਗੱਡੀ ਇਕ ਦੋਪਹੀਆ ਵਾਹਨ ’ਤੇ ਸਵਾਰ ਤਿੰਨ ਵਿਅਕਤੀਆਂ ਨਾਲ ਟਕਰਾ ਗਈ
ਜਿਸ ਤੋਂ ਬਾਅਦ ਉਕਤ ਦੋਨਾਂ ਧਿਰਾਂ ਵਿਚ ਤਕਰਾਰ ਖੂਨੀ ਰੂਪ ਧਾਰਨ ਕਰ ਗਈ ਅਤੇ ਉਨ੍ਹਾਂ ਨੇ ਇਕ-ਦੂਜੇ ‘ਤੇ ਹਥਿਆਰਾਂ ਨਾਲ ਹੱਲਾ ਬੋਲ ਦਿੱਤਾ। ਉਕਤ ਸਾਰੀ ਘਟਨਾ ਨਜ਼ਦੀਕੀ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ।
ਰੂਪਨਗਰ – ਪਤਨੀ ਤੇ ਸਾਲੀ ਸਣੇ ਤਿੰਨ ਦੇ ਕਤਲ ਦੇ ਦੋਸ਼ ਹੇਠ 70 ਸਾਲ ਕੈਦ
ਰੂਪਨਗਰ, 21 ਜੁਲਾਈ
ਜ਼ਿਲ੍ਹਾ ਸੈਸ਼ਨ ਜੱਜ ਰੂਪਨਗਰ ਰਮੇਸ਼ ਕੁਮਾਰੀ ਦੀ ਅਦਾਲਤ ਨੇ ਇੱਕ ਵਿਅਕਤੀ ਨੂੰ ਆਪਣੀ ਪਤਨੀ, ਸਾਲੀ ਅਤੇ ਪਤਨੀ ਦੇ ਭਤੀਜੇ ਦੇ ਕਤਲ ਅਤੇ ਇੱਕ ਹੋਰ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੁੱਲ 70 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਉਸ ਨੂੰ ਤਿੰਨ ਉਮਰ ਕੈਦਾਂ ਤੇ ਇਰਾਦਾ ਕਤਲ ਅਧੀਨ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਆਲਮ ਵਾਸੀ ਮੋਰਿੰਡਾ ਨੇ 3 ਜੂਨ 2020 ਨੂੰ ਆਪਣੀ ਪਤਨੀ ਕਾਜਲ, ਸਾਲੀ ਜਸਪ੍ਰੀਤ ਕੌਰ ਅਤੇ ਪਤਨੀ ਦੇ ਭਤੀਜੇ ਸਾਹਿਲ ਦਾ ਕਤਲ ਕਰ ਕੇ ਦੂਜੇ ਭਤੀਜੇ ਬੌਬੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਦੋਸ਼ੀ ਨੂੰ ਹਰ ਕਤਲ ਲਈ ਵੱਖ-ਵੱਖ ਤੌਰ ’ਤੇ 20-20 ਸਾਲ ਅਤੇ ਇਰਾਦਾ ਕਤਲ ਲਈ 10 ਸਾਲ ਯਾਨੀ ਕੁੱਲ 70 ਸਾਲ ਦੀ ਸਜ਼ਾ ਭੁਗਤਣੀ ਪਵੇਗੀ।
ਆਇਲੈਟਸ ਸੈਂਟਰ ’ਤੇ ਗੋਲੀਆਂ ਚਲਾਉਣ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ
ਬਟਾਲਾ, 21 ਜੁਲਾਈ
ਬੱਸ ਅੱਡੇ ਦੇ ਨੇੜੇ ਸਥਿਤ ਇੱਕ ਆਇਲੈਟਸ ਸੈਂਟਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਬਟਾਲਾ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਨਾਜਾਇਜ਼ ਪਿਸਤੌਲ ਬਰਾਮਦ ਕੀਤਾ ਹੈ।
ਇਸ ਸਬੰਧੀ ਐੱਸਐੱਸਪੀ ਬਟਾਲਾ ਅਸ਼ਵਿਨੀ ਗੋਟਿਆਲ ਨੇ ਦੱਸਿਆ ਕਿ 8 ਜੁਲਾਈ ਨੂੰ ਕੁਝ ਨਕਾਬਪੋਸ਼ ਨੌਜਵਾਨ ਜਲੰਧਰ ਰੋਡ ’ਤੇ ਸਥਿੱਤ ਇੱਕ ਆਈਲੈਟਸ ਸੈਂਟਰ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ ਸਨ। ਇਸ ’ਤੇ ਪੁਲੀਸ ਨੇ ਆਇਲੈਟਸ ਸੈਂਟਰ ਦੇ ਮਾਲਕ ਮਨਜਿੰਦਰ ਸਿੰਘ ਬੱਲ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਮਹਿਕਦੀਪ ਸਿੰਘ ਅਤੇ ਜਗਦੀਸ਼ ਸਿੰਘ ਵਾਸੀ ਹਰੀਕੇ ਜ਼ਿਲ੍ਹਾ ਤਰਨ ਤਾਰਨ ਅਤੇ ਪਾਰਸ ਦਿਆਲ ਵਾਸੀ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਲਈ ਵਰਤਿਆ ਗਿਆ ਇੱਕ ਨਾਜਾਇਜ਼ ਪਿਸੌਤਲ ਅਤੇ ਦੋ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਐੱਸਐੱਸਪੀ ਨੇ ਦੱਸਿਆ ਕਿ ਤਿੰਨਾਂ ਨੌਜਵਾਨਾਂ ਨੇ 10 ਹਜ਼ਾਰ ਰੁਪਏ ਲਈ ਦੁਬਈ ਬੈਠੇ ਆਪਣੇ ਇੱਕ ਦੋਸਤ ਦੇ ਕਹਿਣ ’ਤੇ ਆਇਲੈਟਸ ਸੈਂਟਰ ’ਤੇ ਗੋਲੀਆਂ ਚਲਾਈਆਂ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਮੁਲਜ਼ਮਾਂ ਕੋਲੋਂ ਪੁੱਛ-ਗਿੱਛ ਕਰ ਰਹੀ ਹੈ ਅਤੇ ਅਜੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਦੂਸਰੇ ਪਾਸੇ ਸੂਤਰਾਂ ਅਨੁਸਾਰ ਦੁਬਈ ਬੈਠੇ ਨੌਜਵਾਨ ਨੇ ਆਇਲੈਟਸ ਸੈਂਟਰ ਦੇ ਮਾਲਕ ਕੋਲੋਂ ਫਿਰੌਤੀ ਲੈਣ ਲਈ ਹੀ ਗੋਲੀਆਂ ਮਾਰ ਕੇ ਉਸ ਨੂੰ ਡਰਾਇਆ ਸੀ।