Punjab ਪੰਜਾਬ ਦੇ ਨੌਜਵਾਨ ਦੀ ਸਾਈਪ੍ਰਸ ”ਚ ਹੋਈ ਮੌਤ! 6 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼
ਪੜ੍ਹਾਈ ਲਈ ਵਿਦੇਸ਼ ਗਏ ਨੇੜਲੇ ਪਿੰਡ ਨਮੋਲ ਦੇ ਇਕ ਨੌਜਵਾਨ ਦੀ ਮੌਤ ਹੋਣ ਦੀ ਬੇਹੱਦ ਦੁਖਦਾਈ ਖਬਰ ਹੈ। ਜਾਣਕਾਰੀ ਦਿੰਦਿਆਂ ਮੈਣੋ ਪੱਤੀ ਨਮੋਲ ਦੇ ਮ੍ਰਿਤਕ ਨੌਜਵਾਨ ਦੇ ਪਿਤਾ ਬੂਟਾ ਸਿੰਘ ਨੇ ਦੱਸਿਆ ਕਿ ਉਸ ਦਾ 23 ਕੁ ਵਰ੍ਹਿਆਂ ਦਾ ਪੁੱਤਰ ਹਰਿੰਦਰ ਸਿੰਘ ਅਜੇ 6 ਕੁ ਮਹੀਨੇ ਪਹਿਲਾਂ ਹੀ ਪੜ੍ਹਾਈ ਲਈ ਸਾਈਪ੍ਰਸ ਗਿਆ ਸੀ।
ਉੱਥੇ ਉਸ ਨੂੰ ਪੀਲੀਏ ਦੀ ਬਿਮਾਰੀ ਹੋ ਗਈ। ਭਾਵੇਂ ਇਲਾਜ ਲਈ ਉਸ ਨੂੰ ਉਸ ਦੇ ਦੋਸਤ ਮਿੱਤਰਾਂ ਵਲੋਂ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ।
ਨੌਜਵਾਨ ਹਰਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਪਿੰਡ ਨਮੋਲ ਪਹੁੰਚੀ। ਪਰਿਵਾਰ ਵੱਲੋਂ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਪਰਿਵਾਰ ਸਨੇਹੀਆਂ ਦੀ ਮੌਜੂਦਗੀ ਵਿਚ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਸਮੇਂ ਮਹੌਲ ਬੜਾ ਹੀ ਗਮਗੀਨ ਬਣਿਆ ਹੋਇਆ ਸੀ। ਜਿੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਸੀ ਉੱਥੇ ਹੀ ਪਿੰਡ ਵਿਚ ਵੀ ਸੋਗ ਦੀ ਲਹਿਰ ਸੀ।