MP Harbhajan Singh ਨੂੰ ਪੰਜਾਬ ਪੁਲੀਸ ਨੇ ਘੇਰਿਆ
‘ਪੰਜਾਬੀ ਆਡੀਓ ਹੋਣ ਨਾਲ ਘਟਨਾ ਪੰਜਾਬ ਦੀ ਨਹੀਂ ਬਣ ਜਾਂਦੀ..’ MP Harbhajan Singh ਨੂੰ ਪੰਜਾਬ ਪੁਲੀਸ ਨੇ ਘੇਰਿਆ
ਪੁਲੀਸ ਨੇ ਸਾਬਕਾ ਕ੍ਰਿਕਟਰ ਨੂੰ ਦਿੱਤੀ ਤੱਥਾਂ ਦੀ ਪੜਤਾਲ ਕਰਨ ਦੀ ਸਲਾਹ
ਕ੍ਰਿਕਟਰ ਤੋਂ ਸਿਆਸਤ ਵਿੱਚ ਆਏ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ’ਤੇ ਨਸ਼ੇ ਦੀ ਹਾਲਤ ਵਿੱਚ ਧੁੱਤ ਦੋ ਨੌਜਵਾਨਾਂ ਦੀ ਵੀਡੀਓ ਸਾਂਝੀ ਕਰਦਿਆਂ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਤੇ ਪੰਜਾਬ ਪੁਲੀਸ ਨੇ ਤੁਰੰਤ ਵੱਡਾ ਪਲਟਵਾਰ ਕੀਤਾ ਹੈ। ਪੰਜਾਬ ਪੁਲੀਸ ਨੇ ਹਰਭਜਨ ਸਿੰਘ ਦੇ ਦਾਅਵਿਆਂ ਦਾ ਖੰਡਨ ਕਰਦਿਆਂ ਉਨ੍ਹਾਂ ਨੂੰ ਕੋਈ ਵੀ ਸਮੱਗਰੀ ਸਾਂਝੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ (ਫੈਕਟ ਚੈੱਕ) ਕਰਨ ਦੀ ਸਲਾਹ ਦਿੱਤੀ ਹੈ।
ਹਰਭਜਨ ਸਿੰਘ ਨੇ ਵੀਡੀਓ ਪੋਸਟ ਕਰਦਿਆਂ ਲਿਖਿਆ ਸੀ, “ਨਜ਼ਰ ਲੱਗ ਗਈ ਯਾਰ ਸਾਡੇ ਪੰਜਾਬ ਨੂੰ… ਸਰਕਾਰਾਂ ਨੇ ਕੀ ਹਾਲ ਬਣਾ ਦਿੱਤਾ ਪੰਜਾਬ ਦਾ ਤੇ ਪੰਜਾਬੀ ਨੌਜਵਾਨਾਂ ਦਾ। ਰੋਣਾ ਆਉਂਦਾ ਏ ਇਹ ਸਭ ਦੇਖ ਕੇ। ਬਖ਼ਸ਼ ਦਿਓ ਮੇਰੇ ਪੰਜਾਬ ਨੂੰ… ਮਾਫ਼ ਕਰੋ ਪੰਜਾਬ ਨੂੰ। ਕਿੱਥੇ ਲੈ ਆਏ ਓ ਪੰਜਾਬ ਨੂੰ? ਜਿਹੜਾ ਪੰਜਾਬ ਕਦੇ ਚੜ੍ਹਦੀ ਕਲਾ, ਹਿੰਮਤ ਤੇ ਬਹਾਦਰੀ ਲਈ ਜਾਣਿਆ ਜਾਂਦਾ ਸੀ, ਅੱਜ ਉਸੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਘੇਰ ਲਿਆ ਏ। ਹਾਲੇ ਵੀ ਵੇਲਾ ਹੈ-ਮੇਰੇ ਪੰਜਾਬ ਨੂੰ ਬਚਾ ਲਓ।”
ਨਜ਼ਰ ਲੱਗ ਗਈ ਯਾਰ ਸਾਡੇ ਪੰਜਾਬ ਨੂੰ… 💔
ਸਰਕਾਰਾਂ ਨੇ ਕੀ ਹਾਲ ਬਣਾ ਦਿੱਤਾ ਪੰਜਾਬ ਦਾ ਤੇ ਪੰਜਾਬੀ ਨੌਜਵਾਨਾਂ ਦਾ। ਰੋਣਾ ਆਉਂਦਾ ਏ ਇਹ ਸਭ ਦੇਖ ਕੇ। 😢
ਬਖ਼ਸ਼ ਦਿਓ ਮੇਰੇ ਪੰਜਾਬ ਨੂੰ… ਮਾਫ਼ ਕਰੋ ਪੰਜਾਬ ਨੂੰ। 🙏
ਕਿੱਥੇ ਲੈ ਆਏ ਓ ਪੰਜਾਬ ਨੂੰ?
ਜਿਹੜਾ ਪੰਜਾਬ ਕਦੇ ਚੜ੍ਹਦੀ ਕਲਾ, ਹਿੰਮਤ ਤੇ ਬਹਾਦਰੀ ਲਈ ਜਾਣਿਆ ਜਾਂਦਾ ਸੀ, ਅੱਜ ਉਸੇ ਪੰਜਾਬ… pic.twitter.com/RAp3aYy0i2— Harbhajan Turbanator (@harbhajan_singh) August 10, 2026
ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਤੋਂ ਬਾਅਦ ਕਈ ਵਰਤੋਂਕਾਰਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਪੰਜਾਬ ਪੁਲੀਸ ’ਤੇ ਨਸ਼ਿਆਂ ਦੀ ਰੋਕਥਾਮ ਵਿੱਚ ਅਸਫ਼ਲ ਰਹਿਣ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਦੋਂ ਪੰਜਾਬ ਪੁਲੀਸ ਨੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਵਾਇਰਲ ਹੋ ਰਹੀ ਵੀਡੀਓ ਪੰਜਾਬ ਦੀ ਨਹੀਂ, ਸਗੋਂ ਗੁਆਂਢੀ ਰਾਜ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੀ ਹੈ। ਪੰਜਾਬ ਪੁਲੀਸ ਨੇ ਹਰਭਜਨ ਸਿੰਘ ਨੂੰ ਟੈਗ ਕਰਦਿਆਂ ਲਿਖਿਆ, “ਜੋ ਵੀਡੀਓ ਸਾਂਝੀ ਕੀਤੀ ਜਾ ਰਹੀ ਹੈ, ਉਹ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੀ ਹੈ, ਪੰਜਾਬ ਦੀ ਨਹੀਂ। ਇਸ ਦਾ ਪੰਜਾਬ ਪੁਲੀਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਵੀਡੀਓ ਉੱਪਰ ਪੰਜਾਬੀ ਆਡੀਓ ਟਰੈਕ ਲਗਾ ਦੇਣ ਨਾਲ ਕੋਈ ਘਟਨਾ ਪੰਜਾਬ ਦੀ ਨਹੀਂ ਬਣ ਜਾਂਦੀ। ਅਸੀਂ ਸੋਸ਼ਲ ਮੀਡੀਆ ਵਰਤੋਂਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਗੁਮਰਾਹਕੁੰਨ ਸਮੱਗਰੀ ਪੋਸਟ ਕਰਨ ਜਾਂ ਪੰਜਾਬ ਪੁਲੀਸ ਨੂੰ ਟੈਗ ਕਰਨ ਤੋਂ ਪਹਿਲਾਂ ਸਥਾਨ ਅਤੇ ਤੱਥਾਂ ਦੀ ਪੜਤਾਲ ਜ਼ਰੂਰ ਕਰਨ। ਜ਼ਿੰਮੇਵਾਰੀ ਨਾਲ ਜਾਣਕਾਰੀ ਸਾਂਝੀ ਕਰਨਾ ਜ਼ਰੂਰੀ ਹੈ।”
The video being circulated is from Sri Ganganagar, Rajasthan—not Punjab—and has no connection with Punjab Police.
A Punjabi audio track does not make an incident a Punjab incident.
We urge users and social media accounts to verify the facts and location before posting… https://t.co/bNHwjXVXsC
— Punjab Police India (@PunjabPoliceInd) August 10, 2026
ਪੁਲੀਸ ਦੇ ਇਸ ਸਪੱਸ਼ਟੀਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਨੌਜਵਾਨਾਂ ਵੱਲੋਂ ਹਰਭਜਨ ਸਿੰਘ ’ਤੇ ਝੂਠੀਆਂ ਅਫ਼ਵਾਹਾਂ ਫੈਲਾਉਣ ਅਤੇ ਸਿਆਸੀ ਹਿੱਤਾਂ ਲਈ ਪੰਜਾਬ ਦਾ ਅਕਸ ਖ਼ਰਾਬ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ।
– ਰਾਜਸਥਾਨ ਦੀ ਵੀਡੀਓ ਪੰਜਾਬ ਦੀ ਦੱਸ ਕੇ ਬਦਨਾਮ ਕਰਨ ਦੀ ਸਾਜ਼ਿਸ਼: ਚੀਮਾ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਵੀਡੀਓ ’ਤੇ ਤਿੱਖਾ ਪਲਟਵਾਰ ਕੀਤਾ ਹੈ। ਚੀਮਾ ਨੇ ਸਪੱਸ਼ਟ ਕੀਤਾ ਕਿ ਨਸ਼ੇੜੀਆਂ ਦੀ ਜੋ ਵੀਡੀਓ ਹਰਭਜਨ ਸਿੰਘ ਨੇ ਪੋਸਟ ਕੀਤੀ ਸੀ, ਉਹ ਪੰਜਾਬ ਦੀ ਨਹੀਂ ਸਗੋਂ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੀ ਹੈ। ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰਭਜਨ ਸਿੰਘ ਦੇ ਸੂਬੇ ਦੇ ਯੋਗਦਾਨ ਨੂੰ ਦੇਖਦਿਆਂ ਉਨ੍ਹਾਂ ਨੂੰ ਪੰਜਾਬ ਦੇ ਨੌਜਵਾਨਾਂ ਲਈ ਰੋਲ ਮਾਡਲ ਮੰਨਿਆ ਸੀ। ਅਸੀਂ ਉਨ੍ਹਾਂ ਨੂੰ ਸੰਸਦ ਦੇ ਉਪਰਲੇ ਸਦਨ (ਰਾਜ ਸਭਾ) ਵਿੱਚ ਆਪ ਦੀ ਵਿਚਾਰਧਾਰਾ ਅਤੇ ਪੰਜਾਬ ਦੀ ਪ੍ਰਤੀਨਿਧਤਾ ਕਰਨ ਲਈ ਭੇਜਿਆ ਸੀ। ਪਰ ਇਹ ਬੇਹੱਦ ਹੈਰਾਨੀਜਨਕ ਹੈ ਕਿ ਇਸੇ ਸਾਲ ਪਾਰਟੀ ਬਦਲ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਇਸ ਦੇ ਬਿਲਕੁਲ ਉਲਟ ਕੰਮ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਰਾਜਸਥਾਨ ਦੀ ਵੀਡੀਓ ਨੂੰ ਪੰਜਾਬ ਦੀ ਦੱਸ ਕੇ ਪੋਸਟ ਕਰਨਾ ਭਾਜਪਾ ਦੀ ਪੰਜਾਬ ਨੂੰ ਬਦਨਾਮ ਕਰਨ ਅਤੇ ਨਸ਼ਿਆਂ ਦੇ ਮੁੱਦੇ ’ਤੇ ਪੰਜਾਬੀ ਵਿਰੋਧੀ ਬਿਰਤਾਂਤ ਗੜ੍ਹਨ ਦੀ ਡੂੰਘੀ ਸਾਜ਼ਿਸ਼ ਹੈ।